ਮਾਨਸਾ (ਤਰਸੇਮ ਸਿੰਘ ਫਰੰਡ ) ਮਾਨਸਾ ਦੇ ਹਲਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ
ਮੁੱਖ ਮੰਤਰੀ ਪੰਜਾਬ ਨੂੰ ਇੱਕ ਪੱਤਰ ਭੇਜਕੇ ਮੰਗ ਕੀਤੀ ਗਈ ਹੈ ਕਿ ਲੱਚਰ ਗੀਤਾਂ ਨੂੰ ਲਿਖਣ
ਤੇ ਗਾਉਣ ਵਾਲੇ ਗੀਤਕਾਰਾਂ ਨੂੰ ਨੱਥ ਪਾਉਣ ਲਈ ਸੈਂਸਰ ਬੋਰਡ ਦਾ ਗਠਨ ਕਰਨ ਸਮੇਂ ਦੀ ਲੋੜ ਹੈ।
ਉਹਨਾਂ ਕਿਹਾ ਕਿ ਜਿੱਥੇ ਲੱਚਰ ਗੀਤਾਂ ਦੇ ਲਿਖਾਰੀ ਅਤੇ ਗਾਇਕ ਪੰਜਾਬੀ ਸੱਭਿਆਚਾਰ ਦਾ ਬੇੜਾ
ਗਰਕ ਕਰ ਰਹੇ ਹਨ ਉੱਥੇ ਹੀ ਸਮਾਜ ਵਿੱਚ ਮਾੜੇ ਅਨਸਰਾਂ ਨੂੰ ਗੀਤਾਂ ਰਾਹੀ ਸ਼ਹਿ ਦੇ ਰਹੇ ਹਨ।
ਉਹਨਾਂ ਕਿਹਾ ਕਿ ਇਹੋ ਜਿਹੇ ਗੀਤਾਂ ਰਾਹੀ ਉਹ ਸਮਾਜ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਨ। ਇਹ
ਗਾਇਕ ਨਸ਼ਿਆਂ,ਹਥਿਆਰਾਂ ਲੜਾਈ ਝਗੜਿਆ ਨੂੰ ਹੀ ਪ੍ਰਮੋਟ ਕਰਦੇ ਹਨ। ਪੈਸੇ ਦੀ ਦੌੜ ਵਿੱਚ ਅਜਿਹੇ
ਗਾਇਕ ਸਾਡੇ ਨੌਜਵਾਨ ਵਰਗ ਨੂੰ ਖਤਮ ਕਰਨ ਤੇ ਤੁਲੇ ਹੋਏ ਹਨ ਕਿਉਂ ਕਿ ਸਿੱਖਿਆ ਤੋਂ ਊਂਣੇ
ਨੌਜਵਾਨ ਇਹੋ ਜੇ ਗਾਇਕਾਂ ਨੂੰ ਅਪਣਾ ਰੋਲ ਮਾਡਲ ਮੰਨਦੇ ਹਨ।ਇਹਨਾਂ ਤੇ ਤੁਰੰਤ ਐਕਸ਼ਨ ਲੈਣ ਦੀ
ਲੋੜ ਹੈ।ਇਸ ਸੰਬੰਧ ਵਿੱਚ ਸਰਕਾਰ ਨੂੰ ਬੁੱਧੀ ਜੀਵੀ ਕਵੀਆਂ,ਚੰਗੇ
ਸਾਹਿਤਕਾਰਾਂ,ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ, ਭਾਸ਼ਾ ਵਿਭਾਗ ਦੇ ਨੁੰਮਾਇਦੇ ਨੂੰ ਲੈਕੇ
ਸੈਂਸਰ ਬੋਰਡ ਦਾ ਗਠਨ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪੈਣ ਤੋਂ
ਰੋਕਿਆ ਜਾ ਸਕੇ। ਵਿਧਾਇਕ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿੱਥੇ ਮਾੜਾ ਲਿਖਣ ਤੇ ਗਾਉਣ
ਵਾਲਿਆਂ ਨੂੰ ਨੱਥ ਪਾਉਣ ਦੀ ਲੋੜ ਹੈ ਉੱਥੇ ਹੀ ਸਰਕਾਰ ਵੱਲੋਂ ਚੰਗਾ ਲਿਖਣ ਅਤੇ ਗਾਉਣ ਵਾਲਿਆਂ
ਨੂੰ ਵਿਸ਼ੇਸ਼ ਸਨਮਾਨਿਤ ਕਰਨ ਦੀ ਵੀ ਲੋੜ ਹੈ।