ਮਾਨਸਾ, 20 ਫਰਵਰੀ ( ) : ਆਲ ਓਪਨ ਸਟਾਈਲ ਕਬੱਡੀ ਟੁਰਨਾਮੈਂਟ ਵਿੱਚ
ਹਿਮਾਚਲ ਪ੍ਰਦੇਸ਼ ਨੇ ਸ਼ੀ ਆਨੰਦਪੁਰ ਸਾਹਿਬ ਦੀ ਟੀਮ ਨੂੰ 31-29 ਦੇ ਫਰਕ ਨਾਲ ਹਰਾ ਕੇ
ਚੈਂਪੀਅਨ ਟਰਾਫੀ ‘ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਹੀ 60 ਕਿਲੋ ਭਾਰ ਵਰਗ ਵਿੱਚ ਕੈਥਲ
(ਹਰਿਆਣਾ) ਦੀ ਟੀਮ ਨੇ ਪੰਜਾਬ ਦੀ ਟੀਮ ਨੂੰ 26-18 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ
ਪ੍ਰਾਪਤ ਕੀਤੀ।
ਇਸ ਪਹਿਲੇ ਨੈਸ਼ਨਲ ਸਟਾਈਲ ਕਬੱਡੀ ਟੁਰਨਾਮੈਂਟ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ
ਕਲੱਬ ਢੈਪਈ ਵੱਲੋਂ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ 55
ਟੀਮਾਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਟੇਟ ਟਿਊਬਵੈਲ ਕਾਰਪੋਰੇਸ਼ਨ
ਦੇ ਸਾਬਕਾ ਚੇਅਰਮੈਨ ਰਾਮ ਪਾਲ ਢੈਪਈ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੇ ਉਦਘਾਟਨ ਸਮਾਰੋਹ
ਦੀ ਰਸਮ ਮਾਨਯੋਗ ਸਮਾਜ ਭਲਾਈ ਮੰਤਰੀ, ਜੰਗਲਾਤ ਅਤੇ ਸਟੇਸ਼ਨਰੀ ਮੰਤਰੀ ਪੰਜਾਬ ਸ਼੍ਰੀ ਸਾਧੂ
ਸਿੰਘ ਧਰਮਸੋਤ ਵੱਲੋਂ ਨਿਭਾਈ ਗਈ।
ਉਨ੍ਹਾਂ ਦੱਸਿਆ ਕਿ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ, ਹਰਿਆਣਾ, ਹਿਮਾਚਲ,
ਰਾਜਸਥਾਨ, ਜੰਮੂ-ਕਸ਼ਮੀਰ ਤੇ ਚੰਡੀਗੜ੍ਹ ਦੀਆਂ ਟੀਮਾਂ ਨੇ ਭਾਗ ਲਿਆ। ਇਸ ਟੁਰਨਾਮੈਂਟ ਦੇ
ਪਹਿਲੇ ਦਿਨ 60 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 30 ਟੀਮਾਂ ਨੇ ਹਿੱਸਾ
ਲਿਆ। ਉਨ੍ਹਾਂ ਦੱਸਿਆ ਕਿ ਦੂਸਰੇ ਦਿਨ ਆਲ ਓਪਨ ਨੈਸ਼ਨਲ ਸਟਾਈਲ ਕਬੱਡੀ ਦੇ ਮੈਚ ਕਰਵਾਏ ਗਏ,
ਜਿਸ ਵਿੱਚ 25 ਟੀਮਾਂ ਨੇ ਭਾਗ ਲਿਆ।
ਸ਼੍ਰੀ ਢੈਪਈ ਨੇ ਦੱਸਿਆ ਕਿ ਆਲ ਓਪਨ ਨੈਸ਼ਨਲ ਸਟਾਈਲ ਕਬੱਡੀ ਦਾ ਪਹਿਲਾ ਸਥਾਨ ਦੇਹਲਾ
(ਹਿਮਾਚਲ ਪ੍ਰਦੇਸ਼) ਦੀ ਟੀਮ ਨੇ ਹਾਸਿਲ ਕੀਤਾ। ਇਸ ਤੋਂ ਇਲਾਵਾ 60 ਕਿਲੋ ਭਾਰ ਵਰਗ ਦੇ
ਮੁਕਾਬਲਿਆਂ ਵਿੱਚ ਕੈਥਲ (ਹਰਿਆਣਾ) ਦੀ ਟੀਮ ਨੇ ਪਹਿਲਾ, ਕਾਂਜਲਾ (ਪੰਜਾਬ) ਦੀ ਟੀਮ ਨੇ
ਦੂਸਰਾ ਅਤੇ ਦਿੜ੍ਹਬਾ (ਪੰਜਾਬ) ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਗਾਇਕ ਸ਼੍ਰੀ ਕੁਲਵਿੰਦਰ ਬਿੱਲਾ, ਸ਼੍ਰੀ ਜੱਸੀ ਧਾਲੀਵਾਲ, ਸ਼੍ਰੀ ਰਣ ਸਿੰਘ
ਰਣੀਆਂ, ਸ਼੍ਰੀ ਮਨਿੰਦਰ ਸਿੰਘ, ਸ਼੍ਰੀ ਸੰਦੀਪ ਸਿੰਘ, ਕਬੱਡੀ ਕੋਚ ਸ਼੍ਰੀ ਅਨਿਲ ਕੁਮਾਰ, ਸ਼੍ਰੀ
ਰਾਜਪਾਲ ਬਾਂਸਲ, ਡਾ. ਰਾਮਪਾਲ, ਸ਼੍ਰੀ ਸੁਖਵਿੰਦਰ ਸ਼ਰਮਾ, ਸ਼੍ਰੀ ਜਗਸੀਰ ਸਿੰਘ, ਸ਼੍ਰੀ ਗੁਰਮੇਲ
ਸਿੰਘ ਧਾਲੀਵਾਲ, ਸ਼੍ਰੀ ਰਵਿੰਦਰ ਸਿੰਘ ਗੋਰਾ, ਸ਼੍ਰੀ ਬਿੰਦਰ ਸਿੰਘ ਅਤੇ ਸ਼੍ਰੀ ਨਾਜ਼ਮ ਸਿੰਘ
ਮੌਜੂਦ ਸਨ ।