ਬਰਨਾਲਾ, 16 ਮਾਰਚ – 14ਵੀਂ ਸੀਨੀਅਰ ਸਟੇਟ ਨੈੱਟਬਾਲ ਚੈਂਪੀਅਨਸ਼ਿਪ (ਮਰਦ/ਔਰਤਾਂ) ਸ਼ਾਨਦਾਰ ਢੰਗ ਨਾਲ ਸਮਾਪਤ ਹੋ ਗਈ | ਲੜਕਿਆਂ ਦੇ ਵਰਗ ਵਿਚ ਜਲੰਧਰ ਅਤੇ ਲੜਕੀਆਂ ਦੇ ਵਰਗ ਵਿਚ ਫ਼ਰੀਦਕੋਟ ਦੀ ਟੀਮ ਨੇ ਬਾਜ਼ੀ ਮਾਰੀ | ਲੜਕਿਆਂ ਦੇ ਵਰਗ ਵਿਚ ਬਰਨਾਲਾ ਦੂਜੇ ਅਤੇ ਨਵਾਂ ਸ਼ਹਿਰ ਦੀ ਟੀਮ ਤੀਜੇ ਸਥਾਨ ‘ਤੇ ਰਹੀ | ਇਸੇ ਤਰ੍ਹਾਂ ਲੜਕੀਆਂ ਦੇ ਵਰਗ ਵਿਚ ਜਲੰਧਰ ਨੇ ਦੂਜਾ ਅਤੇ ਬਠਿੰਡਾ ਨੇ ਤੀਜਾ ਸਥਾਨ ਹਾਸਲ ਕੀਤਾ | ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਦਿਸ਼ਾ ਨਿਰਦੇਸ਼ਨ ਅਤੇ ਜ਼ਿਲ੍ਹਾ ਨੈੱਟਬਾਲ ਐਸੋਸੀਏਸ਼ਨ ਦੀ ਦੇਖ ਰੇਖ ਵਿਚ ਹੋਏ ਇਹਨਾਂ ਮੁਕਾਬਲਿਆਂ ਦੇ ਅੰਤਿਮ ਦਿਨ ਇਨਾਮ ਵੰਡ ਦੀ ਰਸਮ ਸ. ਕੁਲਦੀਪ ਸਿੰਘ ਵਿਰਕ, ਡੀ.ਐਸ.ਪੀ. ਬਰਨਾਲਾ ਨੇ ਅਦਾ ਕੀਤੀ | ਜੇਤੂਆਂ ਨੂੰ ਇਨਾਮ ਤਕਸੀਮ ਕਰਨ ਉਪਰੰਤ ਮੁੱਖ ਮਹਿਮਾਨ ਨੇ ਕਿਹਾ ਕਿ ਸੂਬੇ ਅੰਦਰ ਇਸ ਖੇਡ ਨੂੰ ਸਥਾਪਿਤ ਕਰਨ ਵਾਲੇ ਮੁੱਢਲੇ ਮੈਂਬਰਾਂ ਦੇ ਦਿਨ ਰਾਤ ਦੇ ਸਿਰਕੱਢ ਯਤਨਾਂ ਸਦਕਾ ਹੀ ਇਹ ਖੇਡ ਬੁਲੰਦੀਆਂ ‘ਤੇ ਪਹੁੰਚੀ ਹੈ | ਉਹਨਾਂ ਇਨ੍ਹਾਂ ਮੁਕਾਬਲਿਆਂ ਨੂੰ ਸਫ਼ਲਤਾ ਨਾਲ ਸੰਪੰਨ ਕਰਾਉਣ ‘ਤੇ ਸਾਰਿਆਂ ਨੂੰ ਵਧਾਈ ਦਿੱਤੀ | ਉਹਨਾਂ ਕਿਹਾ ਕਿ ਨੈੱਟਬਾਲ ਖੇਡ ਵਿਚ ਪੰਜਾਬ ਦੀਆਂ ਟੀਮਾਂ ਨੇ ਰਾਸ਼ਟਰੀ ਪੱਧਰ ‘ਤੇ ਸ਼ਾਨਾਮੱਤੀ ਪ੍ਰਾਪਤੀਆਂ ਹਾਸਲ ਕੀਤੀਆਂ ਹਨ | ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਨੇ ਕਿਹਾ ਕਿ ਸੂਬੇ ਅੰਦਰ ਨੈੱਟਬਾਲ ਨੂੰ ਬੁਲੰਦੀਆਂ ‘ਤੇ ਲਿਜਾਣ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਜਗਦੀਸ਼ ਕੁਮਾਰ ਮਿੱਤਲ ਅਤੇ ਇਸ ਇਲਾਕੇ ਦਾ ਬਹੁਤ ਵੱਡਾ ਹੱਥ ਹੈ | ਉਹਨਾਂ ਉਮੀਦ ਜਤਾਈ ਕਿ ਹਰ ਵਾਰ ਦੀ ਤਰ੍ਹਾਂ ਇਹ ਖਿਡਾਰੀ ਸੀਨੀਅਰ ਨੈੱਟਬਾਲ ਚੈਂਪੀਅਨਸ਼ਿਪ ਵਿਚ ਸੂਬੇ ਦਾ ਨਾਂ ਚਮਕਾਉਣਗੇ | ਡਾ. ਬਹਾਦਰ ਸਿੰਘ ਨੇ ਧੰਨਵਾਦੀ ਸ਼ਬਦ ਕਹੇ | ਇਸ ਮੌਕੇ ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਅੰਤਰਰਾਸ਼ਟਰੀ ਅਥਲੀਟ ਸ੍ਰੀ ਗੁਰਮੇਲ ਭੱਠਲ, ਏ.ਈ.ਓ ਮਾਨਸਾ ਸ੍ਰੀ ਬਲਵਿੰਦਰ ਸਿੰਘ, ਪਿ੍ੰਸੀਪਲ ਡਾ. ਰਮਾ ਸ਼ਰਮਾ, ਡਾ. ਤਪਨ ਕੁਮਾਰ ਸਾਹੂ, ਪਿ੍ੰਸੀਪਲ ਸ੍ਰੀ ਕਸ਼ਮੀਰ ਸਿੰਘ, ਪ੍ਰਬੰਧਕੀ ਸਕੱਤਰ ਬਲਵਿੰਦਰ ਕੁਮਾਰ ਸ਼ਰਮਾ, ਅੰਤਰਰਾਸ਼ਟਰੀ ਖਿਡਾਰੀ ਰਾਜਪਾਲ ਸਿੰਘ, ਗੁਰਮੇਲ ਸਿੰਘ, ਮੁਕੇਸ਼ ਪਾਂਡੇ, ਸੁਖਪਾਲ ਸਿੰਘ, ਕਮਲਜੀਤ ਕੌਰ, ਐਡਵੋਕੇਟ ਜਸਵਿੰਦਰ ਸਿੰਘ ਢੀਂਡਸਾ, ਪ੍ਰੋ. ਅਨੁਰਾਧਾ ਸ਼ਰਮਾ, ਪ੍ਰੋ. ਅਮਨਦੀਪ ਕੌਰ, ਲੈਕ. ਰੁਪਿੰਦਰ ਸਿੰਘ ਅਤੇ ਗਗਨ ਸਿੰਗਲਾ ਆਦਿ ਹਾਜ਼ਰ ਸਨ |