> ਰਾਜਨੀਤੀ ਵਿੱਚ ਨਿਘਾਰ ਦੀਆਂ ਗੱਲਾਂ ਅਸੀ ਅਕਸਰ ਹੀ ਕਰਦੇ ਰਹਿੰਦੇ ਹਾਂ। ਇੱਕ ਦੂਜੇ ਤੇ ਚਿੱਕੜ ਸੁੱਟਣਾ ਹੁਣ ਰਾਜਨੀਤੀ ਦੇ ਪਰਚਾਰ ਦਾ ਹਿੱਸਾ ਮੰਨਿਆ ਜਾਣ ਲੱਗਾ ਹੈ। ਕੋਈ ਲੀਡਰ ਜਨਤਾ ਦੇ ਕਿੰਨੇ ਕੁ ਜਜ਼ਬਾਤ ਭੜਕਾ ਸਕਦਾ ਹੈ, ਇਹ ਉਹਦੀ ਕਾਬਲੀਅਤ ਸਮਝੀ ਜਾਂਦੀ ਹੈ। ਇਹ ਵਰਤਾਰਾ ਨਵਾਂ ਨਹੀ,ਬਲਕਿ ਦਹਾਿਕਆਂ ਤੋਂ ਚਲਦਾ ਆ ਰਿਹਾ ਹੈ, ਪਰ ਪਿਛਲੇ ਕੁੱਝ ਕੁ ਸਾਲਾਂ ਵਿੱਚ ਜਿਸ ਤਰਾਂ ਰਾਜਨੀਤੀ ਨੇ ਗੰਦੇ ਹੋਣ ਦਾ ਠੱਪਾ ਲਗਵਾ ਲਿਆ ਹੋਇਆ ਹੈ, ਉਸ ਤੋਂ ਹਰ ਕੋਈ ਇੱਜਤਦਾਰ ਵਿਅਕਤੀ ਰਾਜਨੀਤੀ ਵਿੱਚ ਆਉਣ ਤੋਂ ਝਿਜਕਦਾ ਹੈ। ਜੇ ਪਹਿਲਾਂ ਗੱਲ 2014 ਵਿੱਚ ਹੋਈਆਂ ਲੋਕ ਸਭਾ ਚੋਣਾਂ ਦੀ ਕਰੀਏ, ਤਾਂ ਕਹਿ ਸਕਦੇ ਹਾਂ ਜਿਸ ਤਰਾਂ ਭਾਰਤੀ ਜਨਤਾ ਪਾਰਟੀ ਨੇ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਦੀਆਂ ਭਾਵਨਾਵਾਂ ਦਾ ਫਾਇਦਾ ਉਠਾ ਕੇ ਕੇਂਦਰ ਵਿੱਚ ਬਹੁ ਸੰਮਤੀ ਨਾਲ ਸਰਕਾਰ ਬਣਾ ਲਈ, ਉਹ ਵੀ ਰਾਜਨੀਤੀ ਦੇ ਲੁੱਚਪੁਣੇ ਦੀ ਸਿਖ਼ਰ ਕਹੀ ਜਾ ਸਕਦੀ ਹੈ। ਇਹ ਸਭਨਾਂ ਦੇਸ਼ ਵਾਸੀਆਂ ਦੇ ਯਾਦ ਹੋਵੇਗਾ ਕਿ ਜਦੋ ਚੋਣਾ ਤੋ ਪਹਿਲਾਂ ਮੋਦੀ ਨੇ ਅਪਣੇ ਭਾਸ਼ਨਾਂ ਵਿੱਚ ਉਹਨਾਂ ਦੀ ਸਰਕਾਰ ਬਣਨ ਦੇ 100 ਦਿਨਾਂ ਦੇ ਵਿੱਚ ਵਿੱਚ ਭਾਰਤੀ ਲੀਡਰਾਂ ਦਾ ਬਾਹਰਲੇ ਮੁਲਕਾਂ ਦੀਆਂ ਬੈਂਕਾਂ ਵਿੱਚ ਪਿਆ ਕਾਲਾ ਧਨ ਵਾਪਸ ਲਿਆ ਕੇ ਹਰ ਭਾਰਤੀ ਨਾਗਰਿਕ ਦੇ ਖਾਤੇ ਵਿੱਚ 15,15 ਲੱਖ ਰੁਪਏ ਜਮਾਂ ਕਰਵਾਉਣ ਦਾ ਵਾਂਅਦਾ ਕੀਤਾ ਗਿਆ ਸੀ, ਪਰੰਤੂ ਹੋਇਆ ਇਸ ਦੇ ਬਿਲਕੁਲ ਉਲਟ। ਸਰਕਾਰ ਬਨਣ ਤੋਂ ਬਾਅਦ ਜਮਾ ਕਰਵਾਉਣ ਦੀ ਵਜਾਏ ਜਨਧਨ ਯੋਜਨਾ ਤਹਿਤ ਇੱਕ ਇੱਕ ਰੁਪਏ ਨਾਲ ਕਰੋੜਾਂ ਰੁਪਏ ਗਰੀਬ ਲੋਕਾਂ ਦੇ ਹੋਰ ਜਮਾਂ ਕਰਵਾ ਲਏ। ਉਹ ਵਿਚਾਰੇ ਅੱਜ ਤੱਕ ਨਹੀ ਸਮਝ ਸਕੇ ਚਲਾਕ ਰਾਜਨੀਤੀ ਦੀ ਸਤਰੰਜੀ ਚਾਲ। 15,15 ਲੱਖ ਤਾਂ ਦੂਰ ਦੀ ਗੱਲ ਹੈ ਕੇਂਦਰ ਸਰਕਾਰ ਸਭ ਕੁੱਝ ਜਾਣਦੇ ਹੋਏ ਵੀ ਕਾਲੇ ਧਨ ਵਾਲਿਆਂ ਦੇ ਨਾਮ ਤੱਕ ਨਹੀ ਅੱਜ ਤੱਕ ਦੱਸ ਸਕੀ। ਭਾਜਪਾ ਸਰਕਾਰ ਬਨਣ ਤੋ ਬਾਅਦ ਕਿੰਨੇ ਹੀ ਸੂਬਿਆਂ ਚ ਚੋਣਾਂ ਹੋਈਆਂ ਹਨ, ਆਹ ਹੁਣ ਉਤਰ ਪਰਦੇਸ਼ ਅਤੇ ਬਿਹਾਰ ਨੂੰ ਛੱਡ ਕੇ ਸਭ ਜਗਾਹ ਭਾਜਪਾ ਦੀ ਚਾਲ ਹੀ ਕਾਮਯਾਬ ਹੁੰਦੀ ਰਹੀ ਹੈ।ਸਰੋਮਣੀ ਅਕਾਲੀ ਦਲ ਦਾ ਸਿੱਖ ਕੌਮ ਸਮੇਤ ਘੱਟ ਗਿਣਤੀਆਂ ਨੂੰ ਹੜੱਪ ਜਾਣ ਲਈ ਉਤਾਵਲੀ ਭਾਰਤੀ ਜਨਤਾ ਪਾਰਟੀ ਨਾਲ ਲੰਮੇ ਸਮੇ ਤੋਂ ਚਲਿਆ ਆ ਰਿਹਾ ਗੱਠਜੋੜ ਵੀ ਇਸੇ ਸਤਰੰਜੀ ਚਾਲ ਦੀ ਸਫਲ ਪੇਸ਼ਕਾਰੀ ਹੈ।ਪਿਛਲੇ ਸਾਲ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇ ਸਿਆਸੀ ਨੇਤਾਵਾਂ ਦਾ ਕਿਰਦਾਰ ਲੋਕਾਂ ਸਾਹਮਣੇ ਬਿਲਕੁਲ ਹੀ ਨੰਗਾ ਕਰ ਦਿੱਤਾ ਹੈ। ਚੋਣਾਂ ਦੌਰਾਨ ਜੋ ਜੋ ਵਾਅਦੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ, ਉਹਨਾਂ ਦੀਆਂ ਪਰਤਾਂ ਹੁਣ ਖੁਲਣੀਆਂ ਸ਼ੁਰੂ ਹੋ ਗਈਆਂ ਹਨ। ਕਾਂਗਰਸ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਇਹਦੇ ਵਿੱਚ ਰਾਈ ਮਾਤਰ ਵੀ ਝੂਠ ਨਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿੱਚ ਚਲਦੀ ਆਮ ਆਦਮੀ ਪਾਰਟੀ ਦੀ ਹਨੇਰੀ ਅੱਗੇ ਟਿਕਣਾ ਬਹੁਤ ਮੁਸ਼ਕਲ ਜਾਪ ਰਿਹਾ ਸੀ, ਇਸ ਲਈ ਉਹਨਾਂ ਨੇ ਉਸ ਮੌਕੇ ਕਈ ਅਜਿਹੀਆਂ ਗੱਲਾਂ ਕੀਤੀਆਂ ਜਿਹੜੀਆਂ ਅੱਜ ਉਹ ਪੁਗਾ ਸਕਣ ਤੋ ਅਸਮਰੱਥ ਹੋ ਗਏ ਹਨ। ਉਹਨਾਂ ਨੇ ਵੀ ਪੰਜਾਬ ਦੇ ਕਿਸਾਨਾਂ ਨੂੰ ਹਰ ਤਰਾਂ ਦੇ ਕਰਜੇ ਮੁਆਫ ਕਰਨ ਦਾ ਅਜਿਹਾ ਲਾਰਾ ਦਿੱਤਾ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਨਿਰੇਂਦਰ ਮੋਦੀ ਦੇ 15 ਲੱਖ ਦੇ ਲਾਰੇ ਤੋ ਜੇਕਰ ਵੱਡਾ ਨਹੀ ਤਾਂ ਘੱਟ ਵੀ ਨਹੀ ਕਿਹਾ ਜਾ ਸਕਦਾ, ਦੂਸਰਾ ਉਹਨਾਂ ਨੇ ਗੁਟਕਾ ਸਾਹਿਬ ਮੱਥੇ ਨਾਲ ਲਾਕੇ ਕੁੱਝ ਕੁਰੀਤੀਆਂ ਨੂੰ ਇੱਕ ਮਹੀਨੇ ਵਿੱਚ ਖਤਮ ਕਰਨ ਦੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ ਜਿਹੜੇ, ਸਭ ਝੂਠੇ ਸਾਬਤ ਹੋਏ ਹਨ।ਐਨੀਆਂ ਵੱਡੀਆਂ ਕਸਮਾਂ ਸਿਰਫ ਤੇ ਸਿਰਫ ਕੁਰਸੀ ਦੀ ਪਰਾਪਤੀ ਲਈ ਖਾ ਜਾਣਾ ਰਾਜਨੀਤਕ ਲੋਕਾਂ ਦੀ ਫਿਤਰਤ ਬਣ ਚੁੱਕੀ ਹੈ। ਹੁਣ ਗੱਲ ਕਰਦੇ ਹਾਂ ਇੱਕ ਦੂਜੇ ਤੇ ਚਿੱਕੜ ਸੁੱਟਣ ਦੀ, ਜਿਸ ਵਿੱਚ ਕੋਈ ਵੀ ਘੱਟ ਨਹੀ ਕਿਹਾ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਅਪਣੇ ਭਾਸ਼ਨਾਂ ਦੌਰਾਨ ਇਹ ਦੁਹਾਈ ਪਾਉਂਦੇ ਆਮ ਸੁਣੇ ਜਾਂਦੇ ਰਹੇ ਹਨ ਕਿ ਬਾਦਲ ਪਰਿਬਾਰ ਨੇ ਪੰਜਾਬ ਨੂੰ ਤਬਾਹ ਕਰਕੇ ਅਪਣੇ ਕਾਰੋਬਾਰਾਂ ਵਿੱਚ ਅਥਾਹ ਵਾਧਾ ਕੀਤਾ ਹੈ, ਭਾਵੇਂ ਇਹ ਗੱਲ ਵਿੱਚ ਕੋਈ ਝੂਠ ਵੀ ਨਹੀ ਪਰੰਤੂ ਜਿਸਤਰਾਂ ਕੈਪਟਨ ਸਾਹਬ ਬਾਦਲ ਪਰਿਵਾਰ ਤੇ ਦੋਸ਼ ਲਾਉਂਦੇ ਰਹੇ ਹਨ, ਉਹਨਾਂ ਦੋਸ਼ਾਂ ਚੋਂ ਕਿਸੇ ਇੱਕ ਦੀ ਵੀ ਅੱਜ ਤੱਕ ਜਾਂਚ ਦੀ ਗੱਲ ਤੱਕ ਵੀ ਨਹੀ ਚੱਲਣ ਦਿੱਤੀ ਗਈ। ਰੇਤਾ,ਬਜਰੀ,ਕੇਬਲ,ਟਰਾਂਸਪੋਰਟ ਅਤੇ ਨਸ਼ਿਆਂ ਦੇ ਮਾਮਲੇ ਵਿੱਚ ਸ਼ਰੇਆਮ ਕੈਪਟਨ ਅਕਾਲੀ ਦਲ ਦੇ ਨੇਤਾਵਾਂ ਦੇ ਨਾਮ ਲੈ ਕੇ ਇਿਹ ਗੱਲਾਂ ਹਿੱਕ ਠੋਕ ਕੇ ਕਰਦਾ ਰਿਹਾ ਹੈ ਕਿ ਕਾਂਗਰਸ ਦੀ ਸਰਕਾਰ ਬਨਣ ਤੇ ਸਬੰਧਤ ਲੋਕਾਂ ਨੂੰ ਜੇਲਾਂ ਵਿੱਚ ਸੁੱਟਿਆ ਜਾਵੇਗਾ। ਸੜਕਾਂ ਦੇ ਚਲਦੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਨੂੰ ਫੜਕੇ ਜਪਤ ਕੀਤਾ ਜਾਵੇਗਾ। ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਕੇ ਕਟਹਿਰੇ ਵਿੱਚ ਲਿਆਦਾ ਜਾਵੇਗਾ, ਗੋਲੀਆਂ ਚਲਾ ਕੇ ਦਰਜਨਾਂ ਬੇਗੁਨਾਹ ਸਿੱਖਾਂ ਨੂੰ ਜਖਮੀ ਅਤੇ ਦੋ ਨੌਜਵਾਨਾਂ ਨੂੰ ਕਤਲ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਤੇ ਕਤਲ ਦੇ ਪਰਚੇ ਦਰਜ ਕਰਕੇ ਜੇਲ ਭੇਜੇ ਜਾਣਗੇ। ਕੀ ਇਹਨਾਂ ਚੋ ਇੱਕ ਵੀ ਇਲਜਾਮ ਸਹੀ ਸਾਬਤ ਹੋ ਸਕਿਆ ਹੈ?ਇਸ ਦਾ ਜਵਾਬ ਦੇਣ ਦੀ ਹੁਣ ਕੋਈ ਜਰੂਰਤ ਨਹੀ, ਇਸ ਦਾ ਜਵਾਬ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁਆਫੀ-ਨਾਮੇ ਨੇ ਆਪ ਹੀ ਦੇ ਦਿੱਤਾ ਹੈ, ਕਿ ਰਾਜਨੀਤਕ ਲੋਕਾਂ ਦੀ ਕੋਈ ਜਬਾਨ ਨਹੀ ਹੁੰਦੀ, ਕੋਈ ਕਿਰਦਾਰ ਨਹੀ ਹੁੰਦਾ, ਬਲਕਿ ਉਹ ਅਪਣੀ ਚੌਧਰ ਭੁੱਖ ਨੂੰ ਪੂਰਾ ਕਰਨ ਲਈ ਅਪਣੇ ਵਿਰੋਧੀਆਂ ਤੇ ਅਜਿਹੇ ਇਲਜਾਮ ਵੀ ਲਾ ਸਕਦੇ ਹਨ, ਜਿਹੜੇ ਇੱਥੇ ਲਿਖਣੇ ਵੀ ਸੋਭਾ ਨਹੀ ਦਿੰਦੇ।ਇਸ ਬਾਰ ਦੀਆਂ ਚੋਣਾਂ ਵਿੱਚ ਤਾਂ ਸੱਚਮੁੱਚ ਹੀ ਅਜਿਹੇ ਦੋਸ਼ ਵੀ ਇੱਕ ਦੂਸਰੇ ਤੇ ਲਾਏ ਜਾਂਦੇ ਰਹੇ, ਜਿਹੜੇ ਪੰਜਾਬ ਦੇ ਸੱਭਿਆਚਾਰ ਨੂੰ ਕਲ਼ੰਕਤ ਕਰਨ ਵਾਲੇ ਤੇ ਸਮਾਜ ਦੇ ਮੂੰਹ ਤੇ ਕਾਲਖ ਥੋਪਣ ਵਾਲੇ ਕਹੇ ਜਾ ਸਕਦੇ ਹਨ। ਰਾਜਨੀਤੀ ਦੀ ਇਸ ਗੰਦੀ ਖੇਡ ਤੋ ਦੁਖੀ ਹੋਏ ਲੋਕਾਂ ਦੇ ਮਨਾਂ ਅੰਦਰ ਸਿਸਟਮ ਨੂੰ ਬਦਲਣ ਦੀ ਭਾਵਨਾ ਨੇ ਜਨਮ ਲਿਆ। ਸਿਸਟਮ ਨੂੰ ਬਦਲਣ ਲਈ ਲੋਕਾਂ ਨੂੰ ਇੱਕ ਅਜਿਹੀ ਰਾਜਨੀਤਕ ਪਾਰਟੀ ਦੀ ਜਰੂਰਤ ਸੀ ਜਿਹੜੀ ਦੇਸ਼ ਦੀ ਰਵਾਇਤੀ ਰਾਜਨੀਤੀ ਤੋ ਹਟਵੀਂ ਹੋਵੇ। ਸੋ ਲੋਕਾਂ ਨੇ ਆਮ ਆਦਮੀ ਪਾਰਟੀ ਵੱਲ ਅਪਣਾ ਰੁੱਖ ਕੀਤਾ। ਦਿੱਲੀ ਦੀ ਵਿਧਾਨ ਸਭਾ ਵਿੱਚ ਬੇਮਿਸ਼ਾਲ ਜਿੱਤ ਦਰਜ ਕਰਨ ਵਾਲੀ ਰਾਸ਼ਟਰੀ ਪਾਰਟੀ ਵਜੋਂ ਸਥਾਪਤ ਹੋਣ ਵਾਲੀ ਆਮ ਆਦਮੀ ਪਾਰਟੀ ਨੂੰ ਭਾਵੇਂ ਲੋਕ ਸਭਾ ਦੀ ਚੋਣਾਂ ਮੌਕੇ ਦੇਸ਼ ਦੇ ਲੋਕਾਂ ਨੇ ਮੋਦੀ ਦੇ 15 15 ਲੱਖ ਵਾਲੇ ਲਾਰੇ ਅਤੇ ਫਿਰਕੂ ਚਾਲ ਤੋਂ ਪਰਭਾਵਤ ਹੋਕੇ ਮੂੰਹ ਨਹੀ ਲਾਇਆ, ਪਰੰਤੂ ਪੰਜਾਬ ਦੇ ਲੋਕਾਂ ਨੇ ਚਾਰ ਸੀਟਾਂ ਤੋ ਰਿਕਾਰਡ-ਤੋੜ ਵੋਟਾਂ ਨਾਲ ਜਿੱਤ ਦਿਵਾ ਕੇ ਪਾਰਟੀ ਨੂੰ ਇਹ ਸੁਨੇਹਾ ਦੇ ਦਿੱਤਾ ਕਿ ਪੰਜਾਬ ਤੁਹਾਡੀ ਇੰਤਜਾਰ ਕਰ ਰਿਹਾ ਹੈ। ਬੱਸ ਫੇਰ ਕੀ ਸੀ ਅਰਵਿੰਦ ਕੇਜਰੀਵਾਲ ਦੇ ਸਿਰ ਪੰਜਾਬ ਦੀ ਸੱਤਾ ਦਾ ਭੂਤ ਸਵਾਰ ਹੋ ਗਿਆ। ਪੰਜਾਬ ਦੇ ਬਹੁਤ ਸਾਰੇ ਬੁੱਧੀਜੀਵੀ ਤੇ ਸੂਝਵਾਨ ਲੋਕ ਤਾਂ ਉਸ ਮੌਕੇ ਹੀ ਕੇਜਰੀਵਾਲ ਦੀ ਉਸ ਪਾਲਿਸੀ ਤੋ ਚਿੰਤਤ ਸਨ ਜਦੋ ਉਹਨੇ ਇੱਕ ਇੱਕ ਕਰਕੇ ਪੰਜਾਬ ਦੀ ਗੱਲ ਕਰਨ ਵਾਲੇ ਆਗੂਆਂ ਨੂੰ ਪਾਰਟੀ ਚੋ ਬਾਹਰ ਕਰਨਾ ਸ਼ੁਰੂ ਕਰ ਦਿੱਤਾ ਸੀ, ਤੇ ਪਾਰਟੀ ਅੰਦਰ ੲਹਿ ਗਏ ਇੱਕਾ ਦੁੱਕਾ ਨੇਤਾਵਾਂ ਨੂੰ ਖੂਜੇ ਲਾ ਦਿੱਤਾ ਸੀ। ਸਿਰਫ ਤੇ ਸਿਰਫ ਜੀ ਹਜੂਰੀਏ ਆਗੂਆਂ ਨੂੰ ਅੱਗੇ ਲਾਕੇ ਉਹਨਾਂ ਦਾ ਨਿਯੰਤਰਣ ਵੀ ਦਿੱਲੀ ਦੇ ਤਨਖਾਹਦਾਰ ਮੁਲਾਜਮਾਂ ਰਾਹੀਂ ਅਪਣੇ ਹੱਥ ਵਿੱਚ ਰੱਖਿਆ ਗਿਆ ਸੀ।ਜੇਕਰ ਹੁਣ ਮੌਜੂਦਾ ਘਟਨਾਕਰਮ ਤੇ ਆਈਏ ਤਾਂ ਕਹਿ ਸਕਦੇ ਹਾਂ ਕਿ ਸਭ ਤੋਂ ਵੱਧ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਆਮ ਆਦਮੀ ਪਾਰਟੀ ਨੇ ਕੀਤਾ, ਜਿਸ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਹੁਣ ਖੁਦ ਅਦਾਲਤ ਸਾਹਮਣੇ ਇਹ ਸਵੀਕਾਰ ਕਰਕੇ ਮੁਆਫੀ ਮੰਗੀ ਹੈ ਕਿ ਉਸਨੇ ਚੋਣਾਂ ਦੌਰਾਨ ਜੋ ਝੂਠੇ ਇਲਜਾਮ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਲਾਏ ਸਨ, ਉਹ ਸਭ ਝੂਠੇ ਤੇ ਬੇਬੁਨਿਆਦ ਸਨ। ਉਹ ਸਿਰਫ ਚੋਣਾਂ ਜਿੱਤਣ ਲਈ ਹੀ ਲਾਏ ਗਏ ਸਨ, ਜਿਸ ਲਈ ਉਹ ਮੁਆਫੀ ਮੰਗਦੇ ਹਨ।ਗੱਲ ਇਹ ਨਹੀ ਕਿ ਬਿਕਰਮ ਸਿੰਘ ਮਜੀਠੀਆ ਸੱਚਾ ਹੈ ਜਾਂ ਝੂਠਾ, ਸਗੋਂ ਅਸਲ ਮੁੱਦਾ ਤਾ ਇਹ ਹੈ ਕਿ ਜਦੋਂ ਅਜਿਹੇ ਨੇਤਾ ਇਹ ਜਨਤਕ ਤੌਰ ਤੇ ਸਬੀਕਾਰ ਕਰ ਲੈਣ ਕਿ ਉਹ ਚੋਣਾਂ ਜਿੱਤਣ ਲਈ ਵਿਰੋਧੀਆਂ ਤੇ ਦੂਸਣਵਾਜੀ ਕਰਦੇ ਰਹੇ ਹਨ,ਜਿੰਨਾਂ ਤੋ ਦੇਸ਼ ਦੇ ਲੋਕ ਸਿਸਟਮ ਨੂੰ ਬਦਲਣ ਦੀ ਆਸ਼ ਲਾਈ ਬੈਠੇ ਹੋਣ ਤਾਂ ਇਹ ਸੋਚਣਾ ਪਵੇਗਾ ਕਿ ਇਹ ਰਾਜਨੀਤਕ ਲੋਕਾਂ ਚੋ ਕੀਹਦੇ ਤੇ ਭਰੋਸਾ ਕੀਤਾ ਜਾਵੇ।ਹੁਣ ਤਾਂ ਇਹ ਸਾਰੇ ਹੀ ਰਾਜਨੀਤਕ ਲੋਕ ਇੱਕੋ ਥਾਲੀ ਦੇ ਚੱਟ ਬੱਟੇ ਜਾਪਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਵਾਲੇ ਚੌਧਰੀਆਂ ਦੀ ਜਮੀਰ ਕਿੰਨੀ ਕੁ ਜਿਉਂਦੀ ਜਾਗਦੀ ਹੈ, ਜਾ ਮੂੰਹ ਨਾਲੋ ਲਾਹ ਕੇ ਨੱਕ ਨਾਲ ਲਾਉਣ ਵਾਲੀ ਗੱਲ ਹੀ ਕਰਨਗੇ।ਭਾਵੇਂ ਕਿ ਪੰਜਾਬ ਦੀ ਲੀਡਰਸ਼ਿੱਪ ਨੇ ਸਮੂਹਿਕ ਰੂਪ ਵਿੱਚ ਆਪਣੇ ਆਪਣੇ ਆਹੁਦਿਆਂ ਤੋ ਅਸਤੀਫ਼ੇ ਦੇ ਦਿੱਤੇ ਗਏ ਹਨ, ਪਰੰਤੂ ਚੰਗਾ ਹੋਵੇ ਜੇ ਪੰਜਾਬ ਦੀ ਸਮੁੱਚੀ ਲੀਡਰਸ਼ਿੱਪ ਇੱਕਮੱਤ ਹੋਕੇ ਦਿੱਲੀ ਦੀ ਗੁਲਾਮੀ ਨੂੰ ਅਪਣੀ ਮਾਨਸਿਕਤਾ ਚੋਂ ਕੱਢ ਕੇ ਪੰਜਾਬ ਦੇ ਭਲੇ ਲਈ ਅਪਣੇ ਲੋਕਾਂ ਨਾਲ ਖੜਨ ਦਾ ਪ੍ਰਣ ਕਰ ਲੈਣ।