ਸ਼ੇਰਪੁਰ (ਹਰਜੀਤ ਕਾਤਿਲ) ਸਮਾਜ ਵਿੱਚ ਜਿੱਥੇ ਕੁਝ ਲੋਕਾਂ ਵੱਲੋਂ ਧੀਆਂ ਨੂੰ ਕੁੱਖ ਵਿੱਚ ਕਤਲ
ਕਰਵਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ ਉਥੇ ਪਿੰਡ ਝਲੂਰ ਦੇ ਇੱਕ ਪਰਿਵਾਰ ਨੇ ਧੀ ਦੇ ਜਨਮ
ਦਿਨ ਮੌਕੇ ਪੁੱਤਰਾਂ ਵਾਂਗ ਬੂਹੇ ਤੇ ਨਿੰਮ ਬੰਨ੍ਹਿਆ ਤੇ ਇੱਕ ਪੁੱਤਰ ਦੇ ਪੈਦਾ ਹੋਣ ਵਰਗੀ
ਖੁਸ਼ੀ ਮਨਾਈ । ਇਸ ਗੱਲ ਦੀ ਚਰਚਾ ਸਾਰੇ ਪਾਸੇ ਹੋ ਰਹੀ ਹੈ ਕਿ ਸਭ ਲੋਕਾਂ ਨੂੰ ਧੀਆਂ ਦੇ ਜੰਮਣ
ਦੀ ਖੁਸ਼ੀ ਇਸੇ ਤਰ੍ਹਾਂ ਮਨਾਉਣੀ ਚਾਹੀਦੀ ਹੈ। ਇਸ ਸਬੰਧੀ ਨਵ ਜਨਮੀ ਬੱਚੀ ਦੇ ਪਿਤਾ ਜਗਪਾਲ
ਦਾਸ ਪੁੱਤਰ ਕੇਵਲ ਦਾਸ ਵਾਸੀ ਝਲੂਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਪੈਦਾ ਹੋਣ ਵਾਲੀ ਪਹਿਲੀ
ਬੱਚੀ ਹੈ ਅਤੇ ਇਸ ਲੜਕੀ ਦੇ ਜਨਮ ਦਿਨ ਦੇ ਮੌਕੇ ਜਿਸ ਤਰ੍ਹਾਂ ਸਮਾਜ ਦੇ ਲੋਕ ਪੁੱਤਰ ਦੇ ਜਨਮ
ਉੱਤੇ ਘਰ ਦੇ ਗੇਟ ਅੱਗੇ ਨਿੰਮ ਬੰਨਦੇ ਹਨ ਉਸੇ ਤਰ੍ਹਾਂ ਉਨ੍ਹਾਂ ਨੇ ਧੀ ਦੇ ਜਨਮ ਦਿਨ ਮੌਕੇ
ਇਹ ਰਸਮ ਕੀਤੀ ਹੈ । ਉਨ੍ਹਾਂ ਪਤੀ ਪਤਨੀ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਉਨ੍ਹਾਂ ਵੱਲੋਂ
ਇੱਕ ਧੀ ਨੂੰ ਹੀ ਪੁੱਤਰਾਂ ਵਾਂਗ ਪੜ੍ਹਾਇਆ ਲਿਖਾਇਆ ਜਾਵੇਗਾ ।ਜਗਪਾਲ ਦਾਸ ਨੇ ਹੋਰ ਲੋਕਾਂ
ਨੂੰ ਵੀ ਅਪੀਲ ਕੀਤੀ ਕਿ ਉਹ ਧੀਆਂ ਨੂੰ ਪੁੱਤਰਾਂ ਵਾਂਗ ਹੀ ਸਮਝਣ, ਕਿਉਂਕਿ ਅੱਜ ਧੀਆਂ ਸਮਾਜ
ਵਿੱਚ ਕਿਸੇ ਨਾਲੋਂ ਘੱਟ ਨਹੀਂ। ਇਸ ਮੌਕੇ ਨਵਜੰਮੀ ਬੱਚੀ ਦੀ ਮਾਤਾ ਸੁਨੀਤਾ ਰਾਣੀ, ਭੂਆ
ਹਰਪਾਲ ਬਾਵਾ, ਫੁੱਫੜ ਸ਼ੁੱਕਰਦਾਸ ਬਾਵਾ, ਦਾਦੀ ਸਰਬਜੀਤ ਕੌਰ , ਦਾਦਾ ਕੇਵਲ ਦਾਸ ਤੋਂ ਇਲਾਵਾ
ਹੋਰ ਵੀ ਰਿਸ਼ਤੇਦਾਰ ਹਾਜ਼ਰ ਸਨ।