ਸ਼ੇਰਪੁਰ (ਹਰਜੀਤ ਕਾਤਿਲ/ ਨਰਿੰਦਰ ਅੱਤਰੀ) ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ
ਅੰਬੇਡਕਰ ਦਾ ਮੇਰਠ ਵਿਖੇ ਬੁੱਤ ਤੋੜੇ ਜਾਣ ਦੇ ਮਾਮਲੇ ਨੂੰ ਲੈ ਕੇ ਅੱਜ ਬਹੁਜਨ ਸਮਾਜ ਪਾਰਟੀ
ਦੇ ਕਾਰਕੁਨਾਂ ਵੱਲੋਂ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ । ਇਸ ਮੌਕੇ ਬਸਪਾ ਦੇ ਸੂਬਾਈ ਜਨਰਲ
ਸਕੱਤਰ ਡਾ ਮੱਖਣ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ, ਕਿ ਕੇਂਦਰ ਦੀ ਭਾਜਪਾ ਸਰਕਾਰ ਆਰ ਐਸ ਐਸ
ਦੀ ਸ਼ਹਿ ਤੇ ਸੰਵਿਧਾਨ ਨਿਰਮਾਤਾ ਡਾ ਬੀ ਆਰ ਅੰਬੇਡਕਰ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੇ
ਇਰਾਦੇ ਨਾਲ ਕੰਮ ਕਰ ਰਹੀ ਹੈ ਜਿਸ ਨੂੰ ਬਸਪਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ।
ਹਿੰਦੂਵਾਦੀ ਮਾਨਸਿਕਤਾ ਦੇ ਲੋਕ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਬਹੁਜਨ ਮਹਾਂਪੁਰਸ਼ਾਂ
ਅੰਬੇਡਕਰ ਅਤੇ ਪੇਰੀਅਰ ਈ ਵੀ ਰਾਮਾਸਵਾਮੀ ਦੇ ਬੁੱਤ ਤੋੜ ਕੇ ਇਹ ਭਰਮ ਪਾਲ ਰਹੇ ਹਨ ਕਿ ਉਹ
ਬਹੁਜਨ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਖਤਮ ਕਰ ਦੇਣਗੇ। ਜੋਨ ਇੰਚਾਰਜ ਲੁਧਿਆਣਾ ਅਤੇ
ਸੇਵਾਮੁਕਤ ਪੀਸੀਐੱਸ ਅਧਿਕਾਰੀ ਚਮਕੌਰ ਸਿੰਘ ਬੀਰ ਨੇ ਕਿਹਾ ਕਿ ਪੇਰੀਅਰ ਅਤੇ ਅੰਬੇਡਕਰ ਦੀ
ਵਿਚਾਰਧਾਰਾ ਬਹੁਜਨ ਸਮਾਜ ਦੇ ਮਨਾਂ ਤੇ ਸਦਾ ਲਈ ਉੱਕਰੀ ਪਈ ਹੈ । ਇਸ ਲਈ ਹਿੰਦੂਵਾਦੀ
ਸਾਜਸ਼ਾਂ ਕਦੇ ਵੀ ਕਾਮਯਾਬ ਨਹੀਂ ਹੋਣਗੀਆਂ। ਉਨ੍ਹਾਂ ਅਪੀਲ ਕੀਤੀ ਕਿ ਆਗਾਮੀ ਲੋਕ ਸਭਾ ਚੋਣਾਂ
ਵਿੱਚ ਦੇਸ਼ ਦੇ ਲੋਕ ਇਸ ਦਲਿਤ ਪਛੜੇ ਅਤੇ ਘੱਟ ਗਿਣਤੀਆਂ ਦੇ ਵਿਰੋਧੀ, ਸਰਕਾਰ ਨੂੰ ਜੜ੍ਹ ਤੋਂ
ਉਖਾੜ ਸੁੱਟਣਗੇ ਬਸਪਾ ਦੇ ਜ਼ੋਨ ਇੰਚਾਰਜ ਦਰਸ਼ਨ ਸਿੰਘ ਝਲੂਰ ,ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ,
ਹਰਵਿੰਦਰ ਸਿੰਘ ਸਰਾਂ, ਪ੍ਰਸਿੱਧ ਵਿਦਵਾਨ ਦਰਸ਼ਨ ਸਿੰਘ ਬਾਜਵਾ, ਡਾ ਮਨਜੀਤ ਸਿੰਘ ਖੇੜੀ ਆਦਿ
ਆਗੂਆਂ ਨੇ ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕੀਤਾ ।