ਅੰਮ੍ਰਿਤਸਰ 16 ਮਾਰਚ ( ) ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਸਾਬਕਾ ਮੰਤਰੀ ਅਤੇ
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ‘ਤੇ ਨਸ਼ਾ ਤਸਕਰੀ ‘ਚ ਸ਼ਾਮਲ ਹੋਣ
ਦੇ ਲਗਾਏ ਦੋਸ਼ਾਂ ਨੂੰ ਵਾਪਸ ਲੈਂਦਿਆਂ ਬਿਨਾ ਸ਼ਰਤ ਮੁਆਫ਼ੀ ਮੰਗਣ ਅਤੇ ਮਜੀਠੀਆ ਵੱਲੋਂ ਉਸ ਨੂੰ
ਮੁਆਫ਼ ਕਰਦਿਆਂ ਮਾਮਲੇ ਨੂੰ ਖਤਮ ਸਮਝਣ ਦੀ ਦਿਖਾਈ ਖੁੱਲ ਦਿਲੀ ਦਾ ਜ਼ੋਰਦਾਰ ਸਵਾਗਤ ਕੀਤਾ ਹੈ।
ਉਹਨਾਂ ਕਿਹਾ ਕਿ ਭਾਵੇਂ ਕਿ ਕਿਸੇ ‘ਤੇ ਸਿਆਸੀ ਲਾਹਾ ਲੈਣ ਲਈ ਚਿੱਕੜ ਉਛਾਲੀ ਗਲਤ ਅਤੇ
ਮੰਦਭਾਗੀ ਹੈ ਜਿਸ ਤੋਂ ਸਿਆਸੀ ਆਗੂਆਂ ਨੂੰ ਬਚਣਾ ਚਾਹੀਦਾ ਹੈ। ਪ੍ਰੋ: ਸਰਚਾਂਦ ਸਿੰਘ ਵੱਲੋਂ
ਜਾਰੀ ਬਿਆਨ ਚ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ, ਡਾ: ਦਲਬੀਰ ਸਿੰਘ ਵੇਰਕਾ,
ਯੂਥ ਅਕਾਲੀ ਦਲ ਮਾਝਾ ਜੌਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ, ਸਕੱਤਰ ਜਨਰਲ ਤਲਬੀਰ ਸਿੰਘ
ਗਿੱਲ, ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ, ਰਾਣਾ ਰਣਬੀਰ ਸਿੰਘ ਲੋਪੋਕੇ,
ਅਮੂ ਗੁੰਮਟਾਲਾ, ਅਜੈਬੀਰਪਾਲ ਸਿੰਘ ਰੰਧਾਵਾ ਅਤੇ ਦਿਲਬਾਗ ਸਿੰਘ ਵਡਾਲੀ ਨੇ ਕਿਹਾ ਕਿ ਕਿਸੇ
ਮੁੱਖ ਮੰਤਰੀ ਵੱਲੋਂ ਝੂਠੀ ਬਿਆਨਬਾਜ਼ੀ ਲਈ ਮੁਆਫ਼ੀ ਮੰਗਣ ਦਾ ਇਹ ਪਹਿਲਾ ਇਤਿਹਾਸਕ ਵਾਕਿਆ ਹੈ।
ਉਹਨਾਂ ਕਿਹਾ ਕਿ ਕੇਜਰੀਵਾਲ ਵੱਲੋਂ ਮੁਆਫ਼ੀ ਮੰਗਣ ਨਾਲ ਉਹਨਾਂ ਨੂੰ ਕੋਈ ਹੈਰਾਨੀ ਨਹੀਂ ਹੋਈ ,
ਕਿਉਂਕਿ ਉਹ ਜਾਣਦੇ ਸਨ ਕਿ ਮਜੀਠੀਆ ‘ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਦੇਰ ਸਵੇਰ
ਕੇਜਰੀਵਾਲ ਨੂੰ ਇਸ ਲਈ ਮੁਆਫ਼ੀ ਮੰਗਣੀ ਪਵੇਗੀ ਜਾਂ ਫਿਰ ਜੇਲ੍ਹ ਜਾਣਾ ਪਵੇਗਾ।
ਉਨ੍ਹਾਂ ਕਿਹਾ ਕਿ ਕੌਮੀ ਨਾਮਵਰ ਅਖ਼ਬਾਰਾਂ ਵੱਲੋਂ ਆਪਣੀ ਗਲਤ ਰਿਪੋਰਟਿੰਗ ਲਈ ਮੁਆਫ਼ੀ ਮੰਗੀ ਜਾ
ਚੁੱਕੀ ਹੈ। ਜਿਸ ਦ੍ਰਿੜ੍ਹਤਾ ਨਾਲ ਕੇਜਰੀਵਾਲ ਦੇ ਅਹੰਕਾਰ ਅਤੇ ਸਿਆਸੀ ਝੂਠ ਦੇ ਕਿਲ੍ਹੇ ਨੂੰ
ਚਕਨਾਚੂਰ ਕਰਨ ‘ਚ ਮਜੀਠੀਆ ਨੂੰ ਮਿਲੀ ਕਾਮਯਾਬੀ ਉਸ ਨੇ ਪੰਜਾਬ ਦੀ ਰਾਜਨੀਤੀ ‘ਚ ਮਜੀਠੀਆ ਦਾ
ਸਿਆਸੀ ਕਦ ਨੂੰ ਹੋਰ ਬੁਲੰਦ ਕੀਤਾ ਹੈ। ਉਹ ਦੂਰ-ਅੰਦੇਸ਼ ਅਤੇ ਮਜ਼ਬੂਤ ਇਰਾਦੇ ਵਾਲੇ ਕਦਾਵਰ
ਲੀਡਰ ਵਜੋਂ ਸਾਹਮਣੇ ਆਏ ਹਨ। ਨਸ਼ਿਆਂ ਨੂੰ ਲੈ ਕੇ ਚੌਹ ਤਰਫੀ ਹਮਲੇ ਦਾ ਸਾਹਮਣਾ ਕਰ ਰਹੇ
ਮਜੀਠੀਆ ਵੱਲੋਂ ਜਦ ਝੂਠੇ ਇਲਜ਼ਾਮਾਂ ਅਤੇ ਕਿਰਦਾਰਕੁਸ਼ੀ ਨੂੰ ਲੈ ਕੇ ਕੇਜਰੀਵਾਲ ਅਤੇ ਸਾਥੀਆਂ
‘ਤੇ ਮਾਣਹਾਨੀ ਦਾ ਕੇਸ ਕੀਤਾ ਗਿਆ ਤਾਂ ਉਨ੍ਹਾਂ ਨੂੰ ਕਈਆਂ ਤੋਂ ਆਲੋਚਨਾ ਦਾ ਵੀ ਸਾਹਮਣਾ
ਕਰਨਾ ਪਿਆ। ਪਰ ਉਨ੍ਹਾਂ ਵੱਲੋਂ ਦਿਖਾਈ ਗਈ ਦ੍ਰਿੜ੍ਹਤਾ ਨੂੰ ਸਲਾਹੁਣ ਵਾਲਿਆਂ ਦੀ ਵੀ ਕੋਈ
ਕਮੀ ਨਹੀਂ ਸੀ।ਤਰੀਕਾਂ ‘ਤੇ ਅਦਾਲਤੀ ਕੰਪਲੈਕਸ ਦੇ ਬਾਹਰ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚ ਕੇ
ਪਾਰਟੀ ਅਤੇ ਨੌਜਵਾਨ ਵਰਗ ਨੇ ਦਿਲੋਂ ਸਾਥ ਦਿੰਦਿਆਂ ਮਜੀਠੀਆ ਦੀ ਪੂਰੀ ਸ਼ਕਤੀ ਨਾਲ ਹੌਸਲਾ
ਅਫਜਾਈ ਕੀਤੀ।
ਬਿਨਾ ਕਿਸੇ ਠੋਸ ਸਬੂਤ ਦੇ ਸਿਆਸੀ ਫ਼ਾਇਦੇ ਲਈ ਨਸ਼ਿਆਂ ਦੀ ਤਸਕਰੀ ਨਾਲ ਜੋੜ ਕੇ ਲਗਾਏ ਗਏ ਝੂਠੇ
ਇਲਜ਼ਾਮਾਂ ਨਾਲ ਮਜੀਠੀਆ ਅਤੇ ਉਸ ਦੇ ਪਰਿਵਾਰ ਨੂੰ ਗਹਿਰੀ ਪੀੜਾ ਸਹਿਣੀ ਪਈ। ਦੇਖਿਆ ਜਾਵੇ ਤਾਂ
ਕੇਜਰੀਵਾਲ ਅਦਾਲਤ ਤੋਂ ਬਾਹਰ ਮਜੀਠੀਆ ਨੂੰ ਜੇਲ੍ਹ ਭੇਜਣ ਦੀਆਂ ਟਾਹਰਾਂ ਮਾਰਦਾ ਰਿਹਾ ਪਰ
ਅਦਾਲਤ ‘ਚ ਕਹਿਣ ਲਈ ਉਸ ਕੋਲ ਕੁੱਝ ਨਹੀਂ ਸੀ। ਜਿਵੇਂ ਕਿਵੇਂ ਉਨ੍ਹਾਂ ਟਾਈਮ ਟਪਾਉਣ ਦੀ ਪੂਰੀ
ਕੋਸ਼ਿਸ਼ ਕੀਤੀ। ਪਰ ਸਮੇਂ ਨਾਲ ਅਦਾਲਤੀ ਕਾਰਵਾਈ ਅੰਤਿਮ ਪੜਾਅ ‘ਤੇ ਪਹੁੰਚਿਆ ਹੋਇਆ ਸੀ, ਇਹ ਕਿ
ਕੇਜਰੀਵਾਲ ਅਤੇ ਸਾਥੀਆਂ ਦਾ ਕਿਸੇ ਵੀ ਵਕਤ ਜੇਲ੍ਹ ਜਾਣਾ ਤੈਅ ਸੀ। ਨਹੀਂ ਤਾਂ ਉਹ ਇਨ੍ਹਾਂ
ਤਾਂ ਸਮਾਂ ਜ਼ਰੂਰ ਟਪਾਉਂਦੇ ਜਿਸ ਨਾਲ ਕਿ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਹੋ ਜਾਂਦੀਆਂ
ਅਤੇ ਇਸ ਮੁੱਦੇ ਨੂੰ ਇੱਕ ਵਾਰ ਫਿਰ ਕੈਸ਼ ਕਰ ਦੇ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਚੋਣਾਂ ‘ਚ ਪੰਜਾਬ ਨਾਲ ਸੰਬੰਧਿਤ ਰਾਜਸੀ ਮੁੱਦਿਆਂ ਦੀ ਥਾਂ
ਜਿਵੇਂ ਨਸ਼ਿਆਂ ਦੇ ਮੁੱਦੇ ‘ਤੇ ਮਜੀਠੀਆ ਦੀ ਛਵੀ ਖਰਾਬ ਕਰ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ
ਚਾਲ ਚਲੀ ਉਸ ਨੇ ਪੰਜਾਬੀ ਨੌਜਵਾਨਾਂ ਦਾ ਅਕਸ ਵੀ ਦੇਸ਼ ਵਿਦੇਸ਼ ਵਿੱਚ ਧੁੰਦਲਾ ਕਰਨ ‘ਚ ਕੋਈ
ਕਸਰ ਨਹੀਂ ਛੱਡੀ।ਅਜਿਹਾ ਹੀ ਵਰਤਾਰਾ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦਾ ਵੀ ਰਿਹਾ ਜਿਨ੍ਹਾਂ
ਬਿਨਾ ਠੋਸ ਸਬੂਤ ਪੰਜਾਬੀਆਂ ਨੂੰ 70 ਫੀਸਦੀ ਨਸ਼ੇਈ ਦੱਸਿਆ।ਬੇਸ਼ਕ ਉਸ ਵਕਤ ਫੌਜ ਅਤੇ ਪੁਲੀਸ ਦੀ
ਭਰਤੀ ਦੌਰਾਨ ਇੱਕ ਫੀਸਦੀ ਨੌਜਵਾਨ ਵੀ ਨਸ਼ੇਈ ਹੋਣਾ ਨਹੀਂ ਪਾਇਆ ਗਿਆ। ਪੰਜਾਬ ਅਤੇ ਪੰਜਾਬੀ
ਆਪਣੀ ਮਿਹਨਤ ਮਸ਼ੱਕਤ ਅਤੇ ਸਾਫ਼ ਛਵੀ ਲਈ ਜਾਣੇ ਜਾਂਦੇ ਹਨ ਅਤੇ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ
ਗਏ ਪੰਜਾਬੀਆਂ ਨੇ ਆਪਣੇ ਕਿਰਦਾਰ ਸਦਕਾ ਸਮਾਜਕ ਪੈਂਠ ਬਣਾਈ।
ਨਸ਼ਿਆਂ ਦੀ ਬਦਨਾਮੀ ਨੇ ਪੰਜਾਬ ਅਤੇ ਪੰਜਾਬੀ ਨੌਜਵਾਨਾਂ ਪ੍ਰਤੀ ਲੋਕਾਂ ਦੀ ਸੋਚ ‘ਚ
ਨਕਾਰਾਤਮਿਕ ਤਬਦੀਲੀ ਦਾ ਰਾਹ ਅਖਤਿਆਰ ਕੀਤਾ ਅਤੇ ਪੰਜਾਬ ‘ਚ ਪੂੰਜੀ ਨਿਵੇਸ਼ ‘ਚ ਖੜੋਤ ਆਉਣ ਦੇ
ਨਾਲ ਨਾਲ ਵਿਦੇਸ਼ਾਂ ਵਿੱਚ ਵੀ ਪੰਜਾਬੀ ਨੌਜਵਾਨ ਨੂੰ ਸ਼ੱਕੀ ਨਿਗਾਹਾਂ ਨਾਲ ਦੇਖਿਆ ਜਾਣ ਲਗਾ।
ਹੁਣ ਜਦ ਕੇਜਰੀਵਾਲ ਅਤੇ ਰਾਹੁਲ ਦੇ ਵਰਤਾਰੇ ਨੇ ਅਕਾਲੀ ਦਲ ਦਾ ਹੀ ਨਹੀਂ ਪੰਜਾਬ ਦੀ ਜਵਾਨੀ
ਦਾ ਵੀ ਨੁਕਸਾਨ ਕੀਤਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਦਾ ਮਜੀਠੀਆ ਤੋਂ ਮੁਆਫ਼ੀ ਮੰਗ ਲੈਣਾ
ਕਾਫ਼ੀ ਨਹੀਂ ਹੈ। ਉਸ ਨੂੰ ਪੰਜਾਬੀਆਂ ਨਾਲ ਕੀਤੇ ਗਏ ਆਪਣੇ ਝੂਠ ਫ਼ਰੇਬ ਲਈ ਪੰਜਾਬੀਆਂ ਵੀ
ਮੁਆਫ਼ੀ ਮੰਗਣੀ ਚਾਹੀਦੀ ਹੈ। ਰਾਹੁਲ ਅਤੇ ਕੇਜਰੀਵਾਲ ਦੇ ਝੂਠੇ ਦਾਅਵਿਆਂ ਦਾ ਸੇਕ ਪੰਜਾਬ ਦੀ
ਨੌਜਵਾਨੀ ਨੂੰ ਵੀ ਝੱਲਣ ਪਿਆ, ਇਸ ਲਈ ਇਹਨਾਂ ਦੋਵਾਂ ਦਾ ਪੰਜਾਬ ਦੀ ਨੌਜਵਾਨੀ ਕੋਲੋਂ ਮੁਆਫ਼ੀ
ਮੰਗਣੀ ਜ਼ਰੂਰੀ ਹੈ। ਵਿਧਾਨ ਸਭਾ ਚੋਣਾਂ ਦੌਰਾਨ ਕੇਜਰੀਵਾਲ ਅਤੇ ਰਾਹੁਲ ਗਾਂਧੀ ਦੇ ਚੋਣ
ਪ੍ਰਚਾਰ ਦਾ ਜੇ ਕੋਈ ਪਹਿਲੂ ਕਿਸੇ ਨੂੰ ਯਾਦ ਰਿਹਾ ਤਾਂ ਉਹ ਮਜੀਠੀਆ ਵਿਰੁੱਧ ਨਸ਼ੇ ਦੇ ਤਸਕਰੀ
ਵਿੱਚ ਸ਼ਾਮਿਲ ਹੋਣ ਦਾ ਮੁੱਦਾ ਰਿਹਾ। ਜਿਸ ਨੂੰ ਉਨ੍ਹਾਂ ਵੱਲੋਂ ਪੂਰੇ ਜ਼ੋਰ ਸ਼ੋਰ ਨਾਲ ਸਟੇਜਾਂ
ਅਤੇ ਮੀਡੀਆ ਰਾਹੀਂ ਉਠਾਇਆ ਗਿਆ। ਅਜਿਹੇ ਇਲਜ਼ਾਮ ਜਿਨ੍ਹਾਂ ਦਾ ਉਦੇਸ਼ ਕਿਸੇ ਦੀ ਛਵੀ ਨੂੰ ਖਰਾਬ
ਕਰਨ ਨਾਲ ਹੈ ਅਜਿਹੀ ਸਿਆਸਤ ਮੂਲੋਂ ਖਤਮ ਹੋਣੀ ਚਾਹੀਦੀ ਹੈ।