ਇਸ ਦੇਸ਼ ‘ਚ ਐਸ਼ਾਂ ਕਰਦੇ ਨੇ ਧਨਵਾਨ ਅਜੇ,
ਉਹ ਮਜ਼ਦੂਰਾਂ ਦਾ ਕਰਦੇ ਨੇ ਅਪਮਾਨ ਅਜੇ|
ਉਹ ਸਭ ਕੁਝ ਧਨਵਾਨਾਂ ਨੂੰ ਦੇਈ ਜਾਂਦਾ ਹੈ,
ਮਜ਼ਦੂਰਾਂ ਨਾ’ ਰੁੱਸਿਆ ਲੱਗਦੈ ਭਗਵਾਨ ਅਜੇ|
ਫਸਲਾਂ ਦਾ ਪੂਰਾ ਮੁੱਲ ਉਨ੍ਹਾਂ ਨੂੰ ਮਿਲਦਾ ਨ੍ਹੀ ,
ਤਾਂ ਹੀ ਖੁਦਕੁਸ਼ੀਆਂ ਕਰਦੇ ਨੇ ਕਿਰਸਾਨ ਅਜੇ|
ਲੱਗਦਾ ਹੈ ਉਸ ਨੇ ਫਸਲਾਂ ਦਾ ਕੁਝ ਨ੍ਹੀ ਛੱਡਣਾ,
ਪਰਸੋਂ ਦਾ ਚੱਲੀ ਜਾਂਦਾ ਹੈ ਤੂਫਾਨ ਅਜੇ|
ਇੱਥੇ ਬੰਦੇ ਤਾਂ ਘੁੰਮਦੇ ਫਿਰਦੇ ਨੇ ਬਥੇਰੇ,
ਪਰ ਮਿਲਣੇ ਮੁਸ਼ਕਿਲ ਨੇ ਯਾਰੋ, ਇਨਸਾਨ ਅਜੇ|
ਭੁੱਖੇ ਕਾਮੇ ਬੈਠੇ ਨੇ ਵਿਚਾਰੇ ਢਿੱਡ ਫੜਕੇ,
ਮਹਿੰਗਾ ਹੋਈ ਜਾਂਦੈ ਖਾਣ ਦਾ ਸਾਮਾਨ ਅਜੇ|
ਮੰਨ ਲਿਆ ਉਹ ਲਿਖ ਲੈਂਦਾ ਗ਼ਜ਼ਲਾਂ ਬਹਿਰਾਂ ਵਿੱਚ,
ਐਪਰ ਚੰਗਾ ਸ਼ਾਇਰ ਨ੍ਹੀ ਬਣਿਆ ‘ਮਾਨ’ਅਜੇ|