ਜੰਡਿਆਲਾ ਗੁਰੂ 22 ਮਾਰਚ ਵਰਿੰਦਰ ਸਿੰਘ :- ਜਦੋ ਵੀ ਕੋਈ ਸ਼ਹੀਦਾਂ ਦਾ ਸਮਾਗਮ ਜਾਂ ਰਾਜਸੀ
ਪ੍ਰੋਗਰਾਮ ਹੁੰਦਾ ਹੈ ਤਾਂ ਆਉਣ ਵਾਲੇ ਮੁੱਖ ਮਹਿਮਾਨ ਦੀਆਂ ਨਜ਼ਰਾਂ ਵਿਚ ਆਪਣੇ ਨੰਬਰ ਬਣਾਉਣ
ਲਈ ਜਾਂ ਫਿਰ ਸ਼ਰਧਾ ਨਾਲ ਕੁਝ ਲੀਡਰਾਂ ਵਲੋਂ ਧੜਾਧੜ ਸੜਕਾਂ ਦੇ ਕੰਢੇ ਵੱਡੇ ਵੱਡੇ ਫਲੈਕਸ
ਬੋਰਡ ਲਗਾਏ ਜਾਂਦੇ ਹਨ । ਕੁਝ ਇਕ ਲੀਡਰ ਸਮਾਗਮ ਖਤਮ ਹੋਣ ਤੋਂ ਬਾਅਦ ਬੋਰਡ ਨੂੰ ਉਤਾਰ ਲੈਂਦੇ
ਹਨ । ਬੀਤੇ ਦਿਨੀ ਵੀ ਸ਼ਹੀਦ ਉੱਧਮ ਸਿੰਘ ਦੇ ਬੁੱਤ ਨੂੰ ਜਲ੍ਹਿਆਂਵਾਲੇ ਬਾਗ਼ ਵਿਚ ਕੇਂਦਰੀ
ਮੰਤਰੀ ਰਾਜਨਾਥ ਸਿੰਘ ਵਲੋਂ ਸਥਾਪਤ ਕੀਤਾ ਗਿਆ ਸੀ । ਇਸ ਮੌਕੇ ਉਹਨਾਂ ਦੇ ਸਵਾਗਤ ਲਈ
ਜੰਡਿਆਲਾ ਗੁਰੂ ਤੋਂ ਵੀ ਅਕਾਲੀ ਕੌਂਸਲਰਾਂ ਨੇ ਬੋਰਡ ਬਣਾਏ ਸਨ ਜਿਸ ਵਿਚ ਸ਼ਹੀਦੇ ਆਜ਼ਮ ਉੱਧਮ
ਸਿੰਘ ਦੀ ਸਤਿਕਾਰਤ ਫੋਟੋ ਵੀ ਵੱਡੀ ਕਰਕੇ ਲਗਾਈ ਗਈ ਸੀ । ਪਰ ਸਮਾਗਮ ਖ਼ਤਮ ਹੋਣ ਤੋਂ ਬਾਅਦ
ਦੇਸ਼ ਦੇ ਅਨਮੋਲ ਰਤਨ ਸ਼ਹੀਦ ਉੱਦਮ ਸਿੰਘ ਜੀ ਵਾਲਾ ਫਲੈਕਸ ਬੋਰਡ ਹੁਣ ਜੀ ਟੀ ਰੋਡ ਬਾਈਪਾਸ
ਸਥਿਤ ਇਕ ਢਾਬੇ ਤੇ ਗੰਦੀਆਂ ਨਾਲੀਆਂ ਵਿਚ ਪਿਆ ਸਭ ਨੂੰ ਦੱਸ ਰਿਹਾ ਹੈ ਕਿ ਲਓ ਜੀ ਦੇਖ ਲਓ
ਮੇਰੇ ਸਮਾਗਮ ਤੋਂ ਬਾਅਦ ਮੇਰਾ ਕੀ ਹਾਲ ਹੋ ਰਿਹਾ ਹੈ ? ਬੋਰਡ ਦੇ ਅੱਗੇ ਸ਼ਰਾਬ ਦੀਆਂ ਖਾਲੀ
ਬੋਤਲਾਂ, ਖਾਰੇ, ਨਮਕੀਨ ਆਦਿ ਦੇ ਖਾਲੀ ਪੈਕਟ ਵੀ ਦਿਖਾਈ ਦੇ ਰਹੇ ਹਨ । ਇਹ ਫਲੈਕਸ ਬੋਰਡ
ਕਿਸੇ ਗਰੀਬ ਪਰਿਵਾਰ ਨੂੰ ਦੇਕੇ ਉਸਦੀ ਮਦਦ ਕੀਤੀ ਜਾ ਸਕਦੀ ਸੀ ਤਾਂ ਜੋ ਉਹ ਗਰਮੀਆਂ ਵਿਚ
ਕੜਕਦੀ ਧੁੱਪ ਤੋਂ ਆਪਣਾ ਥੋੜ੍ਹਾ ਬਚਾ ਕਰ ਸਕੇ ।।