ਮਾਨਸਾ, 23 ਮਾਰਚ (ਤਰਸੇਮ ਸਿੰਘ ਫਰੰਡ ) : ਨਸ਼ੇ ਦੇ ਮਕੜ ਜਾਲ ਵਿੱਚ ਫਸੇ ਨੌਜਵਾਨਾਂ ਨੂੰ
ਨਸ਼ੇ ਤੋਂ ਨਿਜ਼ਾਤ ਦਿਵਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਅਤੇ ਸਾਫ਼-ਸੁਥਰੀ ਜ਼ਿੰਦਗੀ ਜੀਉਣ ਲਈ
ਪੇ੍ਰਰਿਤ ਕਰਵਾਉਣ ਦੇ ਮੰਤਵ ਨਾਲ ਨਿਯੁਕਤ ਕੀਤੇ ਗਏ ਨਸ਼ਾ ਛੁਡਾਊ ਅਫ਼ਸਰਾਂ (ਡਰੱਗ ਅਬਯੂਜ਼
ਪ੍ਰੀਵੈਨਸ਼ਨ ਅਫਸਰ) ਸਬੰਧੀ ਅੱਜ ਜ਼ਿਲ੍ਹਾ ਪੱਧਰੀ ਸੰਹੁ ਚੁੱਕ ਸਮਾਗਮ ਅੱਜ ਸਥਾਨਕ ਮਹਿਕ ਹੋਟਲ
ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ
ਸਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਤੋਂ ਸਿੱਧੇ ਪ੍ਰਸਾਰਣ ਰਾਹੀਂ ਪੰਜਾਬ ਦੇ
ਸਮੂਹ ਨਸ਼ਾ ਛੁਡਾਊ ਅਫਸਰਾਂ ਨੂੰ ਇੱਕੋ ਸਮੇਂ ਨਸ਼ੇ ਵਿੱਚ ਫਸੇ ਲੋਕਾਂ ਦਾ ਨਸ਼ਾ ਛੁਡਾਉਣ ਅਤੇ
ਉਨ੍ਹਾਂ ਨੂੰ ਇਲਾਜ ਕਰਵਾਉਣ ਲਈ ਪ੍ਰੇਰਣਾ ਦੇਣ ਸਬੰਧੀ ਸੰਹੁ ਚੁਕਾਈ ਗਈ। ਇਸ ਤੋਂ ਇਲਾਵਾ
ਸਬ-ਡਵੀਜ਼ਨ ਪੱਧਰ ’ਤੇ ਸਰਦੂਲਗੜ੍ਹ ਵਿਖੇ ਐਸ.ਡੀ.ਐਮ. ਸ਼੍ਰੀ ਲਤੀਫ਼ ਅਹਿਮਦ ਦੀ ਅਗਵਾਈ ਵਿੱਚ
ਹਵੇਲੀ ਰਿਜੋਰਟ ਝੁਨੀਰ ਅਤੇ ਬੁਢਲਾਡਾ ਵਿਖੇ ਐਸ.ਡੀ.ਐਮ. ਸ਼੍ਰੀ ਗੁਰਸਿਮਰਨ ਸਿੰਘ ਢਿੱਲੋਂ ਦੀ
ਅਗਵਾਈ ਹੇਠ ਗੁਰੂ ਨਾਨਕ ਕਾਲਜ ਦੇ ਆਡੀਟੋਰੀਅਮ ਵਿਖੇ ਵੀ ਇਹ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ।
ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਬਲਵਿੰਦਰ ਸਿੰਘ
ਧਾਲੀਵਾਲ ਨੇ ਕਿਹਾ ਕਿ ਨਸ਼ਾ ਕਰਨ ਵਾਲਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ
ਕਰਨ ਅਤੇ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਆਪਣਾ ਇਲਾਜ ਕਰਵਾ ਕੇ ਕਿਸੇ ਕੰਮ-ਕਾਜ
ਵੱਲ ਪ੍ਰੇਰਿਤ ਕਰਨ ਲਈ ਨਸ਼ਾ ਛੁਡਾਊ ਅਫ਼ਸਰਾਂ ਨੂੰ ਅੱਜ ਸਹੁੰ ਚੁਕਾਈ ਗਈ ਹੈ। ਉਨ੍ਹਾ ਦੱਸਿਆ
ਕਿ ਜੇਕਰ ਕੋਈ ਵਿਅਕਤੀ ਇਨ੍ਹਾਂ ਤੋਂ ਪ੍ਰੇਰਿਤ ਹੋ ਕੇ ਨਸ਼ਾ ਛੱਡਦਾ ਹੈ, ਤਾਂ ਉਸਦੇ ਪੂਰੇ ਹੀ
ਪਰਿਵਾਰ ਨੂੰ ਨਵੀਂ ਜ਼ਿੰਦਗੀ ਮਿਲ ਜਾਂਦੀ ਹੈ ਅਤੇ ਇਸ ਤੋਂ ਵੱਡਾ ਕੋਈ ਪੰੁਨ ਦਾ ਕੰਮ ਨਹੀਂ
ਹੈ। ਉਨ੍ਹਾਂ ਕਿਹਾ ਕਿ ਇਹ ਨਸ਼ਾ ਛੁਡਾਊ ਅਫ਼ਸਰ ਹਰ ਵਾਰਡ, ਗਲੀ, ਪਿੰਡ ਅਤੇ ਸ਼ਹਿਰ ਵਿੱਚ ਜਾ ਕੇ
ਉਨ੍ਹਾਂ ਵਿਅਕਤੀਆਂ ਦੀ ਸ਼ਨਾਖ਼ਤ ਕਰਨਗੇ, ਜੋ ਨਸ਼ੇ ਦੇ ਦਲਦਲ ਵਿੱਚ ਫਸੇ ਹੋਏ ਹਨ ਅਤੇ ਉਨ੍ਹਾਂ
ਨੂੰ ਨਸ਼ਾ ਰਹਿਤ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਨਗੇ।
ਐਸ.ਐਸ.ਪੀ. ਸ਼੍ਰੀ ਪਰਮਬੀਰ ਸਿੰਘ ਪਰਮਾਰ ਨੇ ਕਿਹਾ ਕਿ ਜ਼ਿਲ੍ਹੇ ਦੇ ਹਰੇਕ ਸਾਂਝ ਕੇਂਦਰ ਵਿੱਚ
ਨਸ਼ਾ ਛੁਡਾਊ ਅਫ਼ਸਰਾਂ ਲਈ ਫਾਰਮ ਭਰੇ ਜਾ ਰਹੇ ਹਨ ਅਤੇ ਹੁਣ ਤੱਕ 11 ਹਜ਼ਾਰ ਤੋਂ ਵੀ ਵੱਧ
ਵਿਅਕਤੀਆਂ ਨੇ ਇਹ ਫਾਰਮ ਭਰੇ ਹਨ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਇਨ੍ਹਾਂ ਨਸ਼ਾ ਛੁਡਾਊ
ਅਫ਼ਸਰਾਂ ਦੀ ਟ੍ਰੇਨਿੰਗ ਕਰਵਾਈ ਜਾਵੇਗੀ, ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਕਿਸ
ਤਰੀਕੇ ਨਾਲ ਨਸ਼ੇ ਦੇ ਆਦੀ ਵਿਅਕਤੀ ਦਾ ਨਸ਼ਾ ਛੁਡਾਉਣ ਲਈ ਉਸਨੂੰ ਕਿਸ ਪ੍ਰਕਾਰ ਪ੍ਰੇਰਿਤ ਕਰਨਾ
ਹੈ ਅਤੇ ਇਲਾਜ਼ ਲਈ ਕਿਸ ਤਰ੍ਹਾਂ ਸਿਹਤ ਵਿਭਾਗ ਜਾਂ ਹੋਰ ਸਬੰਧਤ ਵਿਭਾਗ ਨਾਲ ਰਾਬਤਾ ਕਾਇਮ
ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਪਿੱਛੇ ਸਰਕਾਰ ਦਾ ਇਹੀ ਮੰਤਵ ਹੈ ਕਿ ਨਸ਼ੇ ਵਿੱਚ
ਫਸੇ ਨੌਜਵਾਨਾਂ ਨੂੰ ਸਹੀ ਸੇਧ ਦੇ ਕੇ ਵਾਪਸ ਅਸਲ ਜ਼ਿੰਦਗੀ ਵੱਲ ਮੋੜਿਆ ਜਾਵੇ।
ਇਸ ਮੌਕੇ ਹਲਕਾ ਵਿਧਾਇਕ ਮਾਨਸਾ ਸ਼੍ਰੀ ਨਾਜਰ ਸਿੰਘ ਮਾਨਸਾਹੀਆ, ਵਧੀਕ ਡਿਪਟੀ ਕਮਿਸ਼ਨਰ (ਜ)
ਸ਼੍ਰੀ ਗੁਰਿੰਦਰ ਪਾਲ ਸਿੰਘ ਸਹੋਤਾ, ਐਸ.ਪੀ. (ਡੀ) ਸ਼੍ਰੀ ਨਰਿੰਦਰ ਪਾਲ ਸਿੰਘ ਵੜਿੰਗ,
ਐਸ.ਡੀ.ਐਮ. ਮਾਨਸਾ ਸ਼੍ਰੀ ਅਭਿਜੀਤ ਕਪਲਿਸ਼, ਸਹਾਇਕ ਕਮਿਸ਼ਨਰ (ਜ) ਸ਼੍ਰੀ ਓਮ ਪ੍ਰਕਾਸ਼,
ਡੀ.ਐਸ.ਪੀ. ਸ਼੍ਰੀ ਕਰਨਵੀਰ ਸਿੰਘ, ਡੀ.ਐਸ.ਪੀ. ਸ਼੍ਰੀ ਬਹਾਦਰ ਸਿੰਘ ਰਾਓ, ਸਿਵਲ ਸਰਜਨ ਮਾਨਸਾ
ਡਾ. ਅਨੂਪ ਕੁਮਾਰ, ਸ਼੍ਰੀ ਬਿਕਰਮ ਸਿੰਘ ਮੋਫਰ, ਡਾ. ਮੰਜੂ ਬਾਂਸਲ, ਸ਼੍ਰੀਮਤੀ ਗੁਰਪ੍ਰੀਤ ਕੌਰ
ਗਾਗੋਵਾਲ, ਸਹਾਇਕ ਡਾਇਰੈਕਟਰ ਯੁਵਕ ਭਲਾਈ ਸੇਵਾਵਾਂ ਵਿਭਾਗ ਸ਼੍ਰੀ ਰਘਬੀਰ ਸਿੰਘ ਮਾਨ,
ਕੋਆਰਡੀਨੇੇਟਰ ਨਹਿਰੂ ਯੁਵਾ ਕੇਂਦਰ ਸ਼੍ਰੀਮਤੀ ਪਰਮਜੀਤ ਕੌਰ ਸੋਹਲ, ਸ਼੍ਰੀ ਬਲਵਿੰਦਰ ਨਾਰੰਗ,
ਸ਼੍ਰੀ ਨਿਰਭੈਅ ਨੰਗਲ, ਸ਼੍ਰੀ ਬੱਬਲਜੀਤ ਸਿੰਘ ਖਿਆਲਾ, ਅਮੋਲਿਕ ਰਤਨ ਸਿੰਘ ਅਤੇ ਗੁਰਮੀਤ ਸਿੰਘ
ਗੀਤੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਸ਼ਾ ਛੁਡਾਊ ਅਫ਼ਸਰ ਅਤੇ ਵੱਖ-ਵੱਖ ਪਿੰਡਾਂ ਦੇ ਯੂਥ
ਕਲੱਬਾਂ ਦੇ ਨੁਮਾਇੰਦੇ ਮੌਜੂਦ ਸਨ ।