ਮਾਨਸਾ 23 ਮਾਰਚ ( ਤਰਸੇਮ ਸਿੰਘ ਫਰੰਡ ) ਸ਼ਹੀਦੇ ਆਜ਼ਮ ਸ੍ਰ. ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ
ਸ਼ਹੀਦ ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਸ਼ਹੀਦ ਭਗਤ ਸਿੰਘ ਆਟੋ ਯੂਨੀਅਨ
ਮਾਨਸਾ ਵੱਲੋਂ ਬੱਸ ਸਟੈਂਡ ਮਾਨਸਾ ਵਿਖੇ ਇੱਕ ਇਨਕਲਾਬੀ ਪ੍ਰੋਗਰਾਮ ਕੀਤਾ ਗਿਆ ਤੇ ਇਸ ਦੌਰਾਨ
ਇਨਕਲਾਬੀ ਨਾਟਕ ਤੇ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ। ਪ੍ਰੋਗਰਾਮ ਕਰਨ ਉਪਰੰਤ ਸ਼ਹੀਦ ਭਗਤ ਸਿੰਘ
ਆਟੋ ਯੂਨੀਅਨ ਮਾਨਸਾ ਦੇ ਵਰਕਰਾਂ ਨੇ ਬੱਸ ਸਟੈਂਡ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਚੌਂਕ ਮਾਨਸਾ
ਤੱਕ ਮਾਰਚ ਕੱਢਿਆ ਅਤੇ ਸ਼ਹੀਦੇ ਆਜ਼ਮ ਸ੍ਰ. ਭਗਤ ਸਿੰਘ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕਰਕੇ
ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸੀਟੂ ਦੇ ਸੂਬਾ ਸਕੱਤਰ ਐਡਵੋਕੇਟ
ਕੁਲਵਿੰਦਰ ਸਿੰਘ ਉੱਡਤ, ਸ਼ਹੀਦ ਭਗਤ ਸਿੰਘ ਆਟੋ ਯੂਨੀਅਨ ਦੇ ਪ੍ਰਧਾਨ ਲਾਭ ਸਿੰਘ ਮਾਨਸਾ,
ਯੂਨੀਅਨ ਦੇ ਮਾਲਵਾ ਜੋਨ ਦੇ ਸੀਨੀਅਰ ਮੀਤ ਪ੍ਰਧਾਨ ਬਲਤੇਜ ਸਿੰਘ ਮਾਨਸਾ, ਉੱਘੇ ਟਰੇਡ ਯੂਨੀਅਨ
ਆਗੂ ਕਾ. ਬਲਵੀਰ ਸਿੰਘ ਭੀਖੀ ਯੂਨੀਅਨਾਂ ਦੇ ਮੀਤ ਪ੍ਰਧਾਨ ਨੱਥਾ ਸਿੰਘ, ਵਿਸਾਖਾ ਸਿੰਘ ਕੱਦੂ
ਤੇ ਗਿਆਨੀ ਗੇਜਾ ਸਿੰਘ,ਅਜੈਬ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ
ਦਾ ਸਮਾਜ ਨਹੀਂ ਸਿਰਜਿਆ ਜਾਂਦਾ ਉਨਾਂ ਚਿਰ ਯੂਨੀਅਨ ਆਪਣੀ ਲੜਾਈ ਜਾਰੀ ਰੱਖੇਗੀ। ਉਨ੍ਹਾਂ
ਕਿਹਾ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਸਾਡਾ ਸਮਾਜ ਗਰੀਬੀ, ਭੁੱਖਮਰੀ, ਅਨਪੜ੍ਹਤਾ,
ਬੇਰੁਜ਼ਗਾਰੀ ਤੇ ਊਚ—ਨੀਚ ਦੇ ਹਜਾਰਾਂ ਵਿਤਕਰਿਆਂ ਨਾਲ ਜੂਝ ਰਿਹਾ ਹੈ ਜੋ ਸਿੱਧ ਕਰਦਾ ਹੈ ਕਿ
ਭਗਤ ਸਿੰਘ ਦੀ ਵਿਚਾਰਧਾਰਾ ਸਮਾਜਵਾਦ ਨਾਲ ਹੀ ਸਾਡੇ ਸਮਾਜ ਨੂੰ ਅੱਗੇ ਤੋਰਿਆ ਜਾ ਸਕਦਾ ਹੈ
ਅਤੇ ਬਰਾਬਰੀ ਦਾ ਸਿਰਜਿਆ ਜਾ ਸਕਦਾ ਹੈ। ਆਗੂਆਂ ਨੇ ਕਿਹਾ ਕਿ ਜਿਵੇਂ ਸਾਡੇ ਸਮਾਜ ਵਿੱਚ
ਕਿਸਾਨ ਮਜਦੂਰ, ਦੁਕਾਨਦਾਰ ਅਤੇ ਮੁਲਾਜਮ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਦਿਆਂ ਭਗਤ ਸਿੰਘ
ਦੇ ਸੁਪਨਿਆਂ ਦਾ ਸਮਾਜ ਸਿਰਜਣ ਦਾ ਯਤਨ ਕਰ ਰਹੇ ਹਨ ਉਵੇਂ ਹੀ ਸਾਡੀ ਜਥੇਬੰਦੀ ਵੀ ਆਪਣੇ
ਹੱਕਾਂ ਦੀ ਲੜਾਈ ਲੜਦੀ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਵਿੱਚ ਯੋਗਦਾਨ ਪਾਉਂਦੀ
ਰਹੇਗੀ। ਇਸ ਮੌਕੇ ਜਨਵਾਦੀ ਨੌਜਵਾਨ ਸਭਾ ਦੇ ਜਿਲ੍ਹਾ ਪ੍ਰਧਾਨ ਰਜਿੰਦਰ ਹੀਰੇਵਾਲਾ, ਰਾਜ
ਕੁਮਾਰ ਗਰਗ, ਸੁਰੇਸ਼ ਕੁਮਾਰ, ਰਾਜੂ ਗੋਸਵਾਮੀ, ਕਿਰਨਪਾਲ ਸਿੰਘ, ਅਜੈਬ ਸਿੰਘ, ਮਾਸਟਰ ਪ੍ਰੇਮ
ਸਾਗਰ, ਚਰਨਜੀਤ ਸਿੰਘ ਰਿਕਸ਼ਾ ਯੂਨੀਅਨ, ਹੰਸਾ ਸਿੰਘ ਰੇਹੜੀ ਯੂਨੀਅਨ, ਸਤਪਾਲ ਸਿੰਘ, ਜਸਵੀਰ
ਕਾਲਾ, ਧੰਨਾ ਸਿੰਘ ਮਿੰਟੂ ਆਦਿ ਨੇ ਵੀ ਆਪਣੇ ਵਿਚਾਰ ਰੱਖੇ।