Breaking News

ਕੈਪਟਨ ਸਰਕਾਰ ਦਾ ਪਹਿਲਾ ਸਾਲ ਨਿਰਾਸਾ-ਜਨਕ

>> ਕੋਈ ਸਮਾ ਸੀ ਜਦੋਂ ਪਿੰਡਾਂ ਵਿੱਚ ਕਾਮਰੇਡਾਂ ਦੇ ਡਰਾਮੇ ਹੋਇਆ ਕਰਦੇ ਸਨ।ਉਹਨਾਂ ਡਰਾਮਿਆਂ ਵਿੱਚ ਇੱਕ ਨਾਹਰਾ ਜਰੂਰ ਸੁਨਣ ਨੂੰ ਮਿਲਦਾ ਸੀ, ਜਿਹੜਾ ਗਾਹੇ ਬ ਗਾਹੇ ਅੱਜ ਵੀ ਕਦੇ ਕਦਾਈ ਸੁਣਿਆ ਜਾਂਦਾ ਹੈ। ਪਰ ਅੱਜ ਉਹ ਨਾਹਰਾ ਲਾਉਣ ਵਾਲਿਆਂ ਦੀ ਉਹੋ ਜਿਹੀ ਨਾਂ ਹੀ ਕਿਧਰੇ ਗਰਜ਼ ਸੁਣਾਈ ਦਿੰਦੀ ਹੈ ਅਤੇ ਨਾਂ ਹੀ ਪੰਜਾਬ ਵਿੱਚ ਕਾਮਰੇਡਾਂ ਦੀ ਕੋਈ ਹੋਂਦ ਹੀ ਬਚੀ ਹੈ। ਉਹ ਨਾਹਰਾ ਸੀ , “ ਚਿੱਟੇ ਬਗਲੇ ਨੀਲੇ ਮੋਰ, ਉਹ ਵੀ ਚੋਰ,ਉਹ ਵੀ ਚੋਰ”, ਇਹ ਨਾਹਰਾ ਜਦੋਂ ਹੁਣ ਸੁਣਦੇ ਹਾਂ ਤਾਂ ਇੰਜ ਲੱਗਦਾ ਹੈ ਜਿਵੇ ਕੋਈ ਚੋਰ ਹੀ ਚੋਰ ਚੋਰ ਦੀ ਦੁਹਾਈ ਪਾ ਰਿਹਾ ਹੋਵੇ। ਪਰੰਤੂ ਜਦੋਂ ਗੰਭੀਰਤਾ ਨਾਲ ਇਸ ਨਾਹਰੇ ਦੇ ਅਰਥਾਂ ਨੂੰ ਸਮਝਦੇ ਹਾਂ ਤਾਂ ਰਾਜਨੀਤਕ ਪਾਰਟੀਆਂ ਦੀਆਂ ਕਿੰਨੀਆਂ ਅਜਿਹੀਆਂ ਆਪਸੀ ਸਮਾਨਤਾਵਾਂ ਮਿਲ ਜਾਂਦੀਆਂ ਹਨ,ਜਿਹੜੀਆਂ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਦੇ ਢੰਗਾਂ ਵਿੱਚ ਦੇਖੀਆਂ ਜਾ ਸਕਦੀਆਂ ਹਨ।ਹੁਣ ਸਮਾ ਬਹੁਤ ਬਦਲ ਗਿਆ ਹੈ।ਹੁਣ ਇਹ ਵੀ ਅਕਸਰ ਹੀ ਕਿਹਾ ਜਾਂਦਾ ਹੈ ਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ, ਹੁਣ ਉਹ ਲੀਡਰਾਂ ਦੀਆਂ ਇਹਨਾਂ ਮੀਸਣੀਆਂ ਚਾਲਾਂ ਨੂੰ ਬੜਾ ਛੇਤੀ ਸਮਝ ਲੈਂਦੇ ਹਨ, ਪਰ ਿੲਸ ਦੇ ਬਾਵਜੂਦ ਵੀ ਲੋਕ ਹਮੇਸਾਂ ਹੀ ਰਾਜਨੀਤਕ ਲੋਕਾਂ ਦੀਆਂ ਲਿੱਪੀਆਂ ਪੋਚੀਆਂ ਗੱਲਾਂ ਵਿੱਚ ਆ ਹੀ ਜਾਂਦੇ ਹਨ।ਮਿਸ਼ਾਲ ਦੇ ਤੌਰ ਤੇ ਜੇ ਸ਼ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗੱਠਜੋੜ ਸਰਕਾਰ ਦੇ 10 ਸਾਲਾ ਕਾਰਜਕਾਲ  ਗੱਲ ਕਰੀਏ ,ਤਾਂ ਉਸ ਰਾਜ ਵਿੱਚ ਬਹੁਤ ਕੁੱਝ ਅਜਿਹਾ ਵਾਪਰਿਆ ਜਿਹੜਾ ਉਹਨਾਂ ਦੇ ਪਤਨ ਦਾ ਕਾਰਨ ਵੀ ਬਣਿਆ। ਜੇ ਸਰਕਾਰੀ ਤੇ ਗੈਰ ਸਰਕਾਰੀ ਲੋਟੂ ਮਾਫੀਏ ਦੀ ਗੱਲ ਕੀਤੀ ਜਾਵੇ, ਤਾਂ ਕਹਿ ਸਕਦੇ ਹਾਂ ਕਿ ਉਹ ਰਾਜ ਦੇ ਵਿੱਚ ਲੋਕਾਂ ਨੂੰ ਹਰ ਪਾਸੇ ਤੋ ਹਰ ਤਰਾਂ ਨਾਲ ਲੁੱਟਿਆ ਤੇ ਕੁੱਟਿਆ ਜਾਂਦਾ ਰਿਹਾ। ਟਰਾਂਸਪੋਰਟ ਦਾ ਕਾਰੋਬਾਰ,ਕੇਬਲ ਨੈਟਵਰਕ, ਰੇਤਾ,ਬਜਰੀ ਅਤੇ ਨਜਾਇਜ ਜਮੀਨੀ ਕਬਜਿਆਂ ਦਾ ਕਾਰੋਬਾਰ ਅਸਮਾਨੀ ਪਹੁੰਚ ਗਿਆ। ਰੇਤਾ ਜਿਹੜਾ ਕਦੇ ਕਿਸੇ ਨੇ ਸੋਚਿਆ ਵੀ ਨਹੀ ਸੀ ਕਿ ਇਹ ਵੀ ਮੁੱਲ ਖਰੀਦਣਾ ਪੈ ਸਕਦਾ ਹੈ, ਉਹ ਦੀ ਖਰੀਦ ਆਮ ਆਦਮੀ ਦੀ ਪਹੁੰਚ ਤੋ ਹੀ ਦੂਰ ਹੋ ਗਈ।ਕੇਬਲ ਤੇ ਸਰਕਾਰੀ ਸਹਿ ਪਰਾਪਤ ਮਾਫੀਏ ਨੇ ਕਬਜਾ ਕਰ ਲਿਆ।ਟਰਾਂਸਪੋਰਟ ਦੇ ਖੇਤਰ ਵਿੱਚ ਇੱਕ ਪਰਿਵਾਰ ਦੀ ਅਜਾਰੇਦਾਰੀ ਸਥਾਪਤ ਹੋ ਗਈ। ਇੱਕ ਅਖਾਣ ਕਿ “ ਛੋਟੀ ਮੱਛੀ ਨੂੰ ਵੱਡੀ ਮੱਛੀ ਨਿਗਲ ਜਾਂਦੀ ਹੈ” ਸੱਚ ਹੋਈ ਪਰਤੱਖ ਦੇਖੀ ਗਈ। ਦੋ ਦੋ, ਚਾਰ ਚਾਰ ਬੱਸਾਂ ਵਾਲੇ ਟਰਾਂਸਪੋਰਟਰਾਂ ਨੂੰ ਵੱਡੀਆਂ ਟਰਾਂਸਪੋਰਟਾਂ ਨਿਗਲ ਗਈਆਂ। ਸੜਕਾਂ ਤੇ ਇੱਕੋ ਪਰਿਵਾਰ ਦੇ ਵੱਖ ਵੱਖ ਨਾਵਾਂ ਵਾਲੀਆਂ ਕੰਪਨੀਆਂ ਦੀਆਂ ਬਸਾਂ ਹੀ ਦਨ-ਦਨਾਉਣ ਲੱਗੀਆਂ। ਪਰਮੁੱਖ ਸਰਕਾਰੀ ਅਦਾਰੇ ਪੰਜਾਬ ਰੋਡਵੇਜ ਅਤੇ ਪੈਪਸੂ ਰੋਡਵੇਜ ਇਹਨਾਂ ਨਿੱਜੀ ਕੰਪਨੀਆਂ ਸਾਹਮਣੇ ਵਿਚਾਰੇ ਬਣਕੇ ਰਹਿ ਗਏ। ਟਰੱਕ ਯੂਨੀਅਨਾਂ ਤੇ ਸਰਕਾਰ ਪੱਖੀ ਲੋਕਾਂ ਦੇ ਕਬਜਿਆਂ ਨੇ ਗਰੀਬ ਟਰੱਕ ਓਪਰੇਟਰਾਂ ਨੂੰ ਕੰਗਾਲ ਕਰਕੇ ਰੱਖ ਦਿੱਤਾ।ਵਿੱਦਿਆ ਦੇ ਖੇਤਰ ਵਿੱਚ ਨਿੱਜੀ ਸਕੂਲਾਂ ਨੇ ਸਰਕਾਰੀ ਸਕੂਲਾਂ ਦੀ ਅਹਿਮੀਅਤ ਹੀ ਖਤਮ ਕਰ ਦਿੱਤੀ। ਸਰਕਾਰੀ ਸਕੂਲ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੇ ਬੱਚਿਆਂ ਦੇ ਸਕੂਲ ਬਣ ਗਏ। ਸਿਹਤ ਸਹੂਲਤਾਂ ਦਾ ਬੁਰਾ ਹਾਲ ਹੋਗਿਆ।ਇੱਥੇ ਵੀ ਨਿੱਜੀ ਹਸਪਤਾਲਾਂ ਦੀ ਲੁੱਟ ਨੇ ਲੋਕਾਂ ਦੀ ਸਿਹਤ ਨਾਲ ਬਿਮਾਰੀਆਂ ਤੋਂ ਵੱਧ ਖਿਲਵਾੜ ਕੀਤਾ।ਪੰਜਾਬ ਵਿੱਚ ਫੈਲੀਆਂ ਭਿਆਨਕ ਬਿਮਾਰੀਆਂ ਨੇ ਇਸ ਖੇਤਰ ਵਿੱਚ ਨਿਵੇਸ ਕਰਨ ਵਾਲੇ ਲੋਕਾਂ ਦੀ ਚਾਂਦੀ ਬਣਾ ਦਿੱਤੀ। ਆਮ ਬਿਮਾਰੀਆਂ ਨੂੰ ਵੀ ਡਰਾਉਣੀਆਂ ਬਣਾ ਕੇ ਨਿੱਜੀ ਹਸਪਤਾਲਾਂ ਵਾਲੇ ਜਿੱਥੇ ਆਮ ਤੇ ਬੇਬੱਸ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਬਾੜ ਕਰਦੇ ਹਨ ਓਥੇ ਲੋਕਾਂ ਦੀ ਆਰਥਿਕ ਲੁੱਟ ਵੀ ਬੇਖੌਫ ਤੇ ਸ਼ਰੇਆਮ ਕੀਤੀ ਜਾਂਦੀ ਹੈ।ਹਰ ਪਾਸੇ ਕੁੱਝ ਖਾਸ ਲੋਕਾਂ ਨੂੰ ਲੁੱਟਣ ਦੇ ਮੌਕੇ ਪਰਦਾਨ ਕਰਵਾ ਕੇ ਲੋਕਾਂ ਦੀਆਂ ਸਰਕਾਰਾਂ ਲੋਕਾਂ ਨਾਲ ਹੀ ਵਾਅਦਾ ਖਿਲਾਫ਼ੀ, ਧੋਖਾ ਅਤੇ ਵਿਸਵਾਸ਼ਘਾਤ ਕਰ ਰਹੀਆਂ ਹਨ। ਨਸ਼ਿਆਂ ਦੇ ਕਾਲੇ ਕਾਰੋਬਾਰ ਜਿਹੜੇ ਪੰਜਾਬ ਦੀ ਜੁੁਆਨੀ ਨੂੰ ਹਨੇਰੇ ਭਵਿੱਖ ਵੱਲ ਧੱਕ ਰਹੇ ਹਨ, ਉਹਨਾਂ ਦੇ ਵੀ ਮਾਲਕ। ਦਲ ਗਏ ਪਰ ਕਰਿੰਦੇ ਉਹ ਹੀ ਹਨ,ਇਸ ਲਈ ਉਹਨਾਂ ਨੂੰ ਕੋਈ ਡਰ ਖੌਫ਼ ਨਹੀ ਹੈ। ਪੰਜਾਬ ਵਿੱਚ ਸੱਤਾ ਬਦਲੀ ਨੂੰ ਇੱਕ ਸਾਲ ਹੋ ਗਿਆ ਹੈ ਤਾਂ ਕਿਸੇ ਪਾਸੇ ਵੀ ਨਜਰ ਮਾਰਿਆਂ ਕੋਈ ਬਦਲਾ ਨਜਰ ਨਹੀ ਆ ਰਿਹਾ। ਸਾਰਾ ਕੁੱਝ ਜਿਉਂ ਦਾ ਤਿਉਂ ਚੱਲ ਰਿਹਾ ਹੈ। ਬਦਲਿਆ ਹੈ ਤਾਂ ਸਿਰਫ ਪਾਰਟੀ ਦਾ ਨਾਮ ਬਦਲਿਆ ਹੈ। ਨੀਲਿਆਂ ਤੋਂ ਬਾਅਦ ਚਿੱਟੇ ਆ ਗਏ ਹਨ। ਸਾਰੇ ਕਾਰੋਬਾਰ ਉਸਤਰਾਂ ਹੀ ਧੜੱਲੇ ਨਾਲ ਚੱਲ ਰਹੇ ਹਨ। ਨਾ ਨਸ਼ਾ ਬੰਦ ਹੋਇਆ,ਨਾ ਰੇਤ ਬਜਰੀ ਦੀ ਲੁੱਟ ਰੁਕ ਸਕੀ, ਨਾ ਟਰਾਂਸਪੋਰਟ ਦੇ ਕਾਰੋਬਾਰ ਵਿੱਚ ਕੋਈ ਬਦਲਾਅ ਆਇਆ,ਨਾ ਕੇਬਲ ਟੀ ਵੀ ਨੂੰ ਨੱਥ ਪਈ, ਨਾ ਹੀ ਕਿਧਰੇ ਭਰਿਸ਼ਟਾਚਾਰ ਨੂੰ ਨੱਥ ਪੈ ਸਕੀ ਹੈ ਅਤੇ ਨਾ ਹੀ ਸਭ ਤੋਂ ਅਹਿਮ ਮੁੱਦਾ ਜਿਹੜਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਵਿੱਚ ਕੋਈ ਦਿਲਚਸਪੀ ਦਿਖਾਈ ਦਿੰਦੀ ਹੈ।ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਰਹੀ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਪਣੀ ਜਿੱਤ ਅਸੰਭਵ ਜਾਪਦੀ ਸੀ, ਇਹੋ ਕਾਰਨ ਸੀ ਕਿ ਉਹ ਚੋਣਾਂ ਤੋ ਪਹਿਲਾਂ ਇਹ ਕਹਿੰਦੇ ਵੀ ਸੁਣੇ ਗਏ ਕਿ ਮੇਰੀ ਇਹ ਆਖਰੀ ਚੋਣ ਹੈ, ਮੈ ਹਾਰਾਂ ਭਾਵੇਂ ਜਿੱਤਾਂ ਮੁੜਕੇ ਚੋਣ ਨਹੀ ਲੜਾਗਾ, ਤੇ ਸਿਆਸਤ ਤੋ ਸਨਿਆਸ ਲੈ ਲਵਾਂਗਾ। ਆਮ ਆਦਮੀ ਪਾਰਟੀ ਦੀ ਚੜਤ ਤੋ ਡਰਦਿਆਂ ਹੀ ਕੈਪਟਨ ਨੇ ਲੋਕਾਂ ਨਾਲ ਕੁੱਝ ਅਜਿਹੇ ਵਾਅਦੇ ਵੀ ਕਰ ਲਏ ਜਿਹੜੇ ਪੂਰੇ ਨਹੀ ਸੀ ਕੀਤੇ ਜਾ ਸਕਦੇ, ਜਿਵੇਂ ਕਿਸਾਨਾਂ ਦੀ ਕਰਜਾ ਮੁਆਫੀ, ਘਰ ਘਰ ਵਿੱਚ ਬੇਰੋਜਗਾਰਾਂ ਨੂੰ ਨੌਕਰੀਆਂ, ਨੌਜਵਾਨਾਂ ਨੂੰ ਸਮਾਰਟ ਫੋਨ, ਸਭ ਤੋ ਵੱਡਾ ਤੇ ਅਹਿਮ ਵਾਅਦਾ ਸੀ ਪੰਜਾਬ ਨੂੰ ਇੱਕ ਮਹੀਨੇ ਅੰਦਰ ਨਸ਼ਾ ਮੁਕਤ ਕਰਨ ਦਾ,ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਰੈਲੀ ਮੌਕੇ ਹੱਥ ਬਿੱਚ ਗੁਟਕਾ ਸਾਹਿਬ ਫੜਕੇ ਉੱਪਰ ਲਹਿਰਾ ਲਹਿਰਾ ਤੇ ਅਖੀਰ ਮੱਥੇ ਨੂੰ ਲਾ ਕੇ ਕਸਮ ਖਾਕੇ ਲੋਕਾਂ ਨਾਲ ਕੀਤਾ ਸੀ? ਇਹਨਾਂ ਵਾਅਦਿਆਂ ਨੇ ਲੋਕਾਂ ਦਾ ਧਿਆਨ ਖਿੱਚਿਆ ਤੇ ਲੋਕ ਹਵਾ ਕੈਪਟਨ ਵੱਲ ਨੂੰ ਹੋ ਤੁਰੀ। ਕਾਂਗਰਸ ਦੀ ਸੋਚ ਦੇ ਉਲਟ ਜਾ ਕੇ ਕੈਪਟਨ ਨੂੰ ਭਾਰੀ ਬਹੁਮੱਤ ਨਾਲ ਜਿੱਤ ਪਰਾਪਤ ਹੋਈ। ਇਸ ਜਿੱਤ ਦਾ ਮੁੱਖ ਕਾਰਨ ਇਹ ਸੀ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣੀ ਤੇ ਕਰਨੀ ਦਾ ਪੂਰਾ ਆਗੂ ਮੰਨਦੇ ਸਨ। ਲੋਕਾਂ ਨੂੰ ਇਹ ਭਰੋਸਾ ਸੀ ਕਿ ਜੋ ਕੈਪਟਨ ਅਮਰਿੰਦਰ ਸਿੰਘ ਵਾਅਦੇ ਕਰਦਾ ਹੈ,ਉਹਨਾਂ ਨੂੰ ਹਰ ਹਾਲਤ ਵਿੱਚ ਪਹਿਲ ਦੇ ਅਧਾਰ ਤੇ ਪੂਰਾ ਵੀ ਕਰੇਗਾ। ਪਰ ਸਰਕਾਰ ਬਣਦਿਆਂ ਹੀ ਸਾਰਾ ਕੁੱਝ ਬਦਲ ਗਿਆ। ਕੈਪਟਨ ਅਪਣੇ ਇੱਕ ਮਹੀਨੇ ਦੇ ਅੰਦਰ ਨਸ਼ਾ ਮੁਕਤ ਪੰਜਾਬ ਵਾਲੇ ਵਾਅਦੇ ਸਮੇਤ ਸਾਰੇ ਵਾਅਦੇ ਹੀ ਭੁੱਲ ਗਿਆ, ਬਲਕਿ ਸਾਰੇ ਹੀ ਗੈਰ ਕਨੂੰਨੀ ਧੰਦੇ ਪਹਿਲਾਂ ਦੀ ਤਰਾਂ ਚੱਲਦੇ ਰਹੇ ਤੇ ਚੱਲ ਰਹੇ ਹਨ। ਅੱਜ ਵੀ ਹਰ ਕਾਰੋਬਾਰ ਤੇ ਮਾਫੀਆ ਕਾਬਜ ਹੈ।ਜੇ ਕੁੱਝ ਬਦਲਿਆ ਤਾ ਸਿਰਫ ਚਿਹਰੇ ਬਦਲੇ ਹਨ, ਹੋਰ ਕੁੱਝ ਨਹੀ ਬਦਲਿਆ। ਰੇਤਾ ਬਜਰੀ ਪਹਿਲਾਂ ਅਕਾਲੀਆਂ ਲਈ ਲੋਕਾਂ ਦੀ ਲੁੱਟ ਦਾ ਕਾਰੋਬਾਰ ਸੀ ਹੁਣ ਕਾਂਗਰਸੀਆਂ ਦਾ ਬਣ ਗਿਆ। ਨਸ਼ਿਆਂ ਦੇ ਕਾਰੋਬਾਰ ਪਹਿਲਾਂ ਅਕਾਲੀਆਂ ਦੇ ਚਹੇਤੇ ਕਰਦੇ ਸਨ,ਹੁਣ ਕਾਂਗਰਸੀਆਂ ਦੇ ਆ ਗਏ।ਰੇਤਾ ਪਹਿਲਾਂ ਨਾਲੋਂ ਮਹਿੰਗਾ ਮਿਲਦਾ ਹੈ ਤੇ ਸ਼ਰਾਬ ਸਸਤੀ ਕੀਤੀ ਗਈ ਹੈ। ਬਾਕੀ ਚਿੱਟੇ ਕਾਲੇ ਨਸੇ ਪਹਿਲਾਂ ਦੀ ਤਰਾਂ ਅੱਜ ਵੀ ਘਰ ਘਰ ਪਹੁੰਚ ਰਹੇ ਹਨ। ਜੇ ਹੁਣ ਗੱਲ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀ ਕਰੀਏ ਤਾਂ ਇੱਕ ਸਾਲ ਵਿੱਚ ਸਿਰਫ ਇੱਕ ਜਾਂਚ ਕਮਿਸਨ ਬਣਿਆ ਹੈ, ਜਿਸ ਦੀ ਸਾਰਥਿਕਤਾ ਦਾ ਅੰਦਾਜਾ ਪਹਿਲੇ ਕਮਿਸਨਾਂ ਤੋ ਲਾਇਆ ਜਾ ਸਕਦਾ ਹੈ।ਕਮਿਸਨ ਸਿਰਫ ਲੋਕਾਂ ਦੇ ਹੰਝੂ ਪੂਜਣ ਦਾ ਸੌਖਾ ਤਰੀਕਾ ਹੈ ਹੋਰ ਇਸ ਤੋ ਵੱਧ ਕੁੱਝ ਵੀ ਨਹੀ,ਜਾ ਫਿਰ ਵਿਰੋਧੀਆਂ ਨੂੰ ਸਿਆਸਤ ਕਰਨ ਦਾ ਮੌਕਾ , ਕਿਉਕਿ ਇਹਨਾਂ ਕਮਿਸਨਾਂ ਦੀਆਂ ਜਾ ਤਾਂ ਸਾਲਾਂ ਵੱਧੀ ਰਿਪੋਰਟਾਂ ਹੀ ਨਹੀ ਆਉਦੀਆਂ ਜਾਂ ਫਿਰ ਸਰਕਾਰ ੳੇਹਨਾਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੰਦੀ ਹੈ।ਬੇਅਦਬੀ ਦੇ ਸਾਂਤਮਈ ਰੋਸ ਧਰਨੇ ਤੇ ਗੋਲੀਆਂ ਚਲਾ ਕੇ ਨਿਹੱਥੇ ਲੋਕਾਂ ਨੂੰ ਗੰਭੀਰ ਜਖਮੀ ਕਰਨ ਅਤੇ ਦੋ ਨੌਜਵਾਨਾਂ ਨੂੰ ਸ਼ਹੀਦ ਕਰ ਦੇਣ ਵਾਲੇ ਅਣਪਛਾਤੇ ਪੁਲਿਸ ਅਫਸਰਾਂ ਨੂੰ ਫੜਕੇ ਜੇਲਾਂ ਵਿੱਚ ਸੁੱਟਣ ਵਾਲੀ ਗੱਲ ਤਾਂ ਬਹੁਤ ਦੂਰ ਜਾਪਦੀ ਹੈ। ਬਲਕਿ ਉਹਨਾਂ ਦੀ ਅੱਜ ਤੱਕ ਸਨਾਖਤ ਵੀ ਨਹੀ ਕਰਵਾਈ ਜਾ ਸਕੀ। ਇਥੇ ਸਨਾਖਤ ਕਰਵਾਉਣ ਦੀ ਗੱਲ ਇਸ ਕਰਕੇ ਕਹੀ ਗਈ ਹੈ, ਕਿਉਕਿ ਪੰਜਾਬ ਦੀ ਤਤਕਾਲੀ ਸਰਕਾਰ ਵਿੱਚ ਪੁਲਿਸ ਨੂੰ ਵੀ ਅਣਪਛਾਤਾ ਘੋਸਿਤ ਕਰ ਦਿੱਤਾ ਗਿਆ ਸੀ,ਜਿਹੜਾ ਬੇਹੱਦ ਹੀ ਸ਼ਰਮਨਾਕ ਵਰਤਾਰਾ ਕਿਹਾ ਜਾ ਸਕਦਾ ਹੈ।ਕਹਿ ਸਕਦੇ ਹਾਂ ਕਿ ਬਾਦਲ ਦੇ ਤਤਕਾਲੀ ਰਾਜ ਅਤੇ ਮੌਜੂਦਾ ਕੈਪਟਨ ਸਰਕਾਰ ਦੇ ਰਾਜ ਭਾਗ ਵਿੱਚ ਕੋਈ ਅੰਤਰ ਨਹੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਲੋਕ ਉਹਨਾਂ ਦੇ ਪਿਛਲੇ ਕਾਰਜਕਾਲ ਵਿੱਚ ਕੀਤੇ ਪਾਣੀਆਂ ਦੇ ਸਮਝੌਤੇ ਸਮੇਤ ਕੁੱਝ ਹੋਰ ਚੰਗੇ ਕਾਰਜਾਂ ਨੂੰ  ਯਾਦ ਰੱਖ ਕੇ ਰਿਣ ਉਤਾਰ ਸਕਦੇ ਹਨ, ਤਾਂ ਪੰਜਾਬ ਦੇ ਗੈਰਤਮੰਦ ਲੋਕ ਕੈਪਟਨ ਦੀ ਇਸ ਵਾਅਦਾਖਿਲਾਫ਼ੀ ਨੂੰ ਵੀ ਬਹੁਤ ਦੇਰ ਤੱਕ ਯਾਦ ਰੱਖਣਗੇ।ਸੋ ਚੰਗਾ ਹੋਵੇ ਜੇ ਕੈਪਟਨ ਸਰਕਾਰ ਘੱਟੋ ਘੱਟ ਅਪਣੇ ਗੁਰੂ ਦੀ ਸਹੁੰ ਖਾਣ ਵਾਲੇ ਵਾਅਦੇ ਅਤੇ ਅਪਣੇ ਗੁਰੂ ਦੀ ਬੇਅਦਬੀ ਦੇ ਦੋਸੀਆਂ ਨੂੰ ਜਲਦੀ ਤੋਂ ਜਲਦੀ ਲੱਭ ਕੇ ਸਜਾਵਾਂ ਦੇਣ ਤੇ ਅਪਣੇ ਵਾਅਦੇ ਅਨੁਸਾਰ ਦੋਸੀ ਪੁਲਿਸ ਅਫਸਰਾਂ ਤੇ ਵੀ ਬਣਦੀ ਕਾਰਵਾਈ ਕਰੇ, ਤਾਂਕਿ ਲੋਕ ਮਨਾਂ ਤੇ ਲੱਗੀ ਵਾਅਦਾ-ਖਿਲਾਫ਼ੀ ਦੀ ਸੱਟ ਦੇ ਦਰਦ ਨੂੰ ਅਰਾਮ ਮਿਲ ਸਕੇ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.