ਬਾਬਾ ਹਰਨਾਮ ਸਿੰਘ ਖ਼ਾਲਸਾ ਅਤੇ ਭਾਈ ਜਸਬੀਰ ਸਿੰਘ ਰੋਡੇ ਵੱਲੋਂ ਭਾਈ ਖ਼ਾਲਸਾ ਦੇ ਗ੍ਰਹਿ ਵਿਖੇ
ਪਰਿਵਾਰ ਨਾਲ ਹਮਦਰਦੀ ਦਾ ਕੀਤਾ ਪ੍ਰਗਟਾਵਾ।
ਭਾਈ ਖ਼ਾਲਸਾ ਦੀ ਕੌਮ ਪ੍ਰਤੀ ਦੇਣ ਨੂੰ ਕੌਮ ਸਦਾ ਯਾਦ ਰੱਖੇਗੀ : ਬਾਬਾ ਹਰਨਾਮ ਸਿੰਘ ਖ਼ਾਲਸਾ
ਭਾਈ ਖ਼ਾਲਸਾ ਦੀ ਸ਼ਹਾਦਤ ਨੇ ਕੌਮ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਜੁਟ ਹੋ ਕੇ ਸੰਘਰਸ਼
ਕਰਨ ਦਾ ਸੁਨੇਹਾ ਦਿੱਤਾ : ਭਾਈ ਜਸਬੀਰ ਸਿੰਘ ਰੋਡੇ
ਠਸਕਾ ਅਲੀ( ਹਰਿਆਣਾ) / ਅੰਮ੍ਰਿਤਸਰ 25 ਮਾਰਚ ( ) ਦਮਦਮੀ ਟਕਸਾਲ ਦੇ ਮੁਖੀ ਤੇ ਸੰਤ
ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸਖ਼ਤ ਲਫਜ਼ਾਂ ‘ਚ ਕਿਹਾ ਕਿ ਕੇਂਦਰ ਸਰਕਾਰ
ਸਿੱਖ ਕੌਮ ਨੂੰ ਮਾਨਸਿਕ ਪੀੜਾ ਦੇਣ ਦੀ ਥਾਂ ਬਿਨਾ ਦੇਰੀ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ
ਕੈਦੀਆਂ ਨੂੰ ਤੁਰੰਤ ਰਿਹਾਅ ਕਰ ਕੇ ਸਿੱਖ ਕੌਮ ਦਾ ਵਿਸ਼ਵਾਸ ਜਿੱਤਣ ਵਾਲਾ ਠੋਸ ਕਦਮ ਉਠਾਉਣ
ਚਾਹੀਦਾ ਹੈ।
ਦਮਦਮੀ ਟਕਸਾਲ ਮੁਖੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ
ਰੋਡੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਦਿਆਂ ਜਾਨ ਨਿਛਾਵਰ ਕਰ ਗਏ ਭਾਈ ਗੁਰਬਖ਼ਸ਼
ਸਿੰਘ ਖ਼ਾਲਸਾ ਦੀ ਅੰਤਿਮ ਸੰਸਕਾਰ ਮੌਕੇ ਵਿਸ਼ੇਸ਼ ਤੌਰ ‘ਤੇ ਉਹਨਾਂ ਦੇ ਪਿੰਡ ਠਸਕਾ ਅਲੀ (
ਹਰਿਆਣਾ) ਪਹੁੰਚੇ ਹੋਏ ਸਨ ਨੇ ਭਾਈ ਖ਼ਾਲਸਾ ਦੇ ਗ੍ਰਹਿ ਵਿਖੇ ਉਹਨਾਂ ਦੇ ਪੁੱਤਰ ਭਾਈ ਜੁਝਾਰ
ਸਿੰਘ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਬਾਬਾ ਹਰਨਾਮ ਸਿੰਘ ਨੇ ਕਿਹਾ ਕਿ
ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖ਼ਸ਼ ਸਿੰਘ ਨੇ ਤਨ ਦੇਹੀ ਨਾਲ ਬਹੁਤ ਵੱਡਾ ਸੰਘਰਸ਼ ਕੀਤਾ
ਹੈ, ਜਿਸ ਦੇ ਫਲਸਰੂਪ ਉਹਨਾਂ ਨੂੰ ਕਾਫ਼ੀ ਕਾਮਯਾਬੀ ਵੀ ਮਿਲੀ, ਕਈ ਸਿੰਘ ਪਰੋਲ ‘ਤੇ ਰਿਹਾਅ ਹੋ
ਕੇ ਆਪਣੇ ਪਰਿਵਾਰ ‘ਚ ਆ ਸਕੇ, ਗੁਰਧਾਮਾਂ ਦੇ ਦਰਸ਼ਨ ਅਤੇ ਸੰਗਤਾਂ ‘ਚ ਵਿਚਰ ਸਕੇ ਹਨ। ਭਾਈ
ਖ਼ਾਲਸਾ ਦੀ ਕੌਮ ਪ੍ਰਤੀ ਇਸ ਦੇਣ ਨੂੰ ਕੌਮ ਸਦਾ ਯਾਦ ਰੱਖੇਗੀ।ਉਹਨਾਂ ਕਿਹਾ ਕਿ ਕੌਮ ਦੇ
ਹੀਰਿਆਂ ਨੂੰ ਰਿਹਾਅ ਕਰਾਉਣ ਲਈ ਸਰਕਾਰਾਂ ਉੱਤੇ ਦਬਾਅ ਪਾਇਆ ਜਾਣਾ ਚਾਹੀਦਾ ਹੈ ਜਿਸ ਲਈ ਭਾਈ
ਖ਼ਾਲਸਾ ਵੱਲੋਂ ਵਿੱਢੇ ਗਏ ਸੰਘਰਸ਼ ਨੂੰ ਚਰਮ ਸੀਮਾ ਤਕ ਪਹੁੰਚਾਉਣ ਅਤੇ ਪੂਰਾ ਕਰਨ ਲਈ ਸਮੁੱਚੇ
ਪੰਥ ਨੂੰ ਮਿਲ ਬੈਠ ਕੇ ਕੋਈ ਰੂਪ ਰੇਖਾ ਉਲੀਕਣਾ ਚਾਹੀਦਾ ਹੈ।ਉਹਨਾਂ ਕੇਂਦਰ ਨੂੰ ਨਿਜ਼ਾਮ
ਦਰੁਸਤ ਕਰਨ ਲਈ ਕਿਹਾ । ਉਹ ਕਿਹਾ ਕਿ ਸਿੱਖ ਕੌਮ ਨੂੰ ਆਪਣੇ ਹੱਕਾਂ ਲਈ ਲੜਨਾ ਪੈ ਰਿਹਾ
ਹੈ।ਜਿਸ ਕਾਰਨ ਭਾਰਤੀ ਸਿਆਸੀ ਨਿਜ਼ਾਮ ਤੋਂ ਸਿੱਖਾਂ ਦਾ ਭਰੋਸਾ ਦਿਨੋਂ ਦਿਨ ਖੁਰਦਾ ਜਾ ਰਿਹਾ
ਹੈ।
ਇਸ ਮੌਕੇ ਬੋਲਦਿਆਂ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਭਾਈ ਗੁਰਬਖ਼ਸ਼ ਸਿੰਘ
ਖ਼ਾਲਸਾ ਨੇ ਬੰਦੀ ਸਿੰਘਾਂ ਦੀ ਬੰਦ ਖ਼ਲਾਸੀ ਲਈ ਤਿੰਨ ਪੜਾਵਾਂ ‘ਚ ਪ੍ਰੇਰਣਾਮਈ ਸੰਘਰਸ਼ ਕੀਤਾ
ਅਤੇ ਆਪਣੇ ਅਕੀਦੇ ਲਈ ਸ਼ਾਂਤਮਈ ਤਰੀਕੇ ਨਾਲ ਸ਼ਹਾਦਤ ਦਿੱਤੀ। ਭਾਈ ਖ਼ਾਲਸਾ ਦੀ ਸ਼ਹਾਦਤ ਨੇ ਬੰਦੀ
ਸਿੰਘਾਂ ਦੀ ਰਿਹਾਈ ਲਈ ਇੱਕ ਜੁਟ ਹੋ ਕੇ ਸੰਘਰਸ਼ ਕਰਨ ਦਾ ਪੰਥ ਨੂੰ ਸੁਨੇਹਾ ਦਿੱਤਾ ਹੈ ।