ਮਾਨਸਾ ( ਤਰਸੇਮ ਸਿੰਘ ਫਰੰਡ ) ਦੁਨੀਆਂ ਦੇ ਕਈ ਦੇਸ਼ਾਂ ’ਚ ਆਰਥਿਕ ਮੰਦੀ ਦੇ ਚਲਦੇ ਹੋਏ
ਉਥੋਂ ਦੇ ਲੋਕਾਂ ਦੇ ਉਪਰ ਨਸਲਵਾਦ, ਪਰਵਾਸ਼ੀ ਮਜਦੂਰ ਦੇ ਨਾਂ ਉਤੇ ਅਤੇ ਇਸਲਾਮ ਨੂੰ ਲੈ ਕੇ
ਲੋਕਾਂ ਦੇ ਉਪਰ ਹਿੰਸਾ ਕੀਤੀ ਜਾ ਰਹੀ ਹੈ, ਜੋ ਕਿ ਅਸਲ ’ਚ ਆਰਥਿਕ ਮੰਦੀ ਦਾ ਕਾਰਨ ਆਰਥਿਕ
ਨੀਤੀਆਂ ਹਨ। ਇਨ੍ਹਾਂ ਨੀਤੀਆਂ ਨੂੰ ਹੱਲ ਕਰਨ ਦੀ ਬਜਾਏ ਲੋਕਾਂ ’ਤੇ ਅੱਤਿਆਚਾਰ ਢਾਹਿਆ ਜਾ
ਰਿਹਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਸੀਪੀਆਈ (ਐਮਐਲ)
ਲਿਬਰੇਸ਼ਨ ਦੀ ਪੋਲਿਟ ਬਿਊਰੋ ਮੈਂਬਰ ਕਾਮਰੇਡ ਕਵਿਤਾ ਕ੍ਰਿਸ਼ਨਨ ਅਤੇ ਕਾਮਰੇਡ ਰਾਜਾ ਰਾਮ ਸਿੰਘ
ਨੇ ਕੀਤਾ। ਉਹ ਅੱਜ ਇੱਥੇ ਸੀਪੀਆਈ ਐਮਐਲ ਲਿਬਰੇਸ਼ਨ ਦੀ ਚਲ ਰਹੀ ਪਾਰਟੀ ਮਹਾਂਸੰਮੇਲਨ ’ਚ
ਵਿਚਾਰੇ ਗਏ ਕੌਮਾਂਤਰੀ ਸਥਿਤੀ ’ਤੇ ਗੱਲਬਾਤ ਕਰਨ ਰਹੇ ਸਨ। ਉਨ੍ਹਾਂ ਦੱਸਿਆ ਕਿ ਪਾਰਟੀ
ਮਹਾਂਸੰਮੇਲਨ ’ਚ ਬੰਗਲਾ ਦੇਸ਼, ਆਸਟਰੇਲੀਆ, ਬ੍ਰਿਟੇਨ ਤੋਂ ਇਲਾਵਾ ਹੋਰਨਾਂ ਕਈ ਦੇਸ਼ਾਂ ਤੋਂ
ਉਥੋਂ ਦੀਆਂ ਕਮਿਊਨਿਸਟ ਪਾਰਟੀਆਂ ਦੇ ਆਗੂ ਸ਼ਾਮਲ ਹੋਏ ਹਨ। ਇਸ ਤੋਂ ਇਲਾਵਾ ਪਾਕਿਸਤਾਨ ਦੀਆਂ
ਦੋ ਕਮਿਊਨਿਸਟ ਪਾਰਟੀਆਂ, ਮਲੇਸ਼ੀਆ ਤੋਂ ਵੀਡੀਓ ਰਾਹੀਂ ਸੰਦੇਸ਼ ਭੇਜੇ ਗਏ ਹਨ। ਉਨ੍ਹਾਂ ਕਿਹਾ
ਕਿ ਕੌਮਾਂਤਰੀ ਸਥਿਤੀ ਬਾਰੇ ਸੈਸਨ ’ਚ ਵੱਖ ਵੱਖ ਦੇਸ਼ਾਂ ’ਚ ਲੋਕਾਂ ’ਤੇ ਕੀਤੀ ਜਾ ਰਹੀ ਹਿੰਸਾ
’ਤੇ ਚਿੰਤਾ ਪ੍ਰਗਟਾਈ ਗਈ ਅਤੇ ਇਹ ਚਰਚਾ ਕੀਤੀ ਗਈ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਲਈ
ਯੂਐਨਓ ਉਤੇ ਦਬਾਅ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸਲਵਾਦ, ਪ੍ਰਵਾਸ਼ੀ ਮਜ਼ਦੂਰਾਂ,
ਇਲਸਾਮ ਦੇ ਖਿਲਾਫ ਕਈ ਦੇਸ਼ਾਂ ’ਚ ਵਾਧਾ ਹੋਇਆ ਹੈ, ਜਿਨ੍ਹਾਂ ’ਚ ਭਾਰਤ ਵੀ ਸ਼ਾਮਲ ਹੈ। ਉਨ੍ਹਾਂ
ਕਿਹਾ ਕਿ ਨੀਤੀਆਂ ਬਦਲਣ ਦੀ ਬਜਾਏ ਹਿੰਸਾ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ
ਅਮਰੀਕਾ ਅੱਗੇ ਆਪਣੇ ਗੋਡੇ ਟੇਕਕੇ ਉਸਦਾ ਪਿੱਠੂ ਬਣਨ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ
ਜਦੋਂ ਅਮਰੀਕਾ ’ਚ ਭਾਰਤੀਆਂ ਉਤੇ ਹਮਲੇ ਹੁੰਦੇ ਹਨ ਜਾਂ ਵੀਜੇ ਰੱਦ ਕਰਨ ਦੀ ਗੱਲ ਚਲਦੀ ਹੈ
ਤਾਂ ਆਰਐਸਐਸ ਚੁੱਪ ਧਾਰ ਲੈਂਦੀ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਵੱਖ ਵੱਖ
ਦੇਸ਼ਾਂ ’ਚ ਸਾਮਰਾਜਵਾਦ, ਫਿਰਕਾਪ੍ਰਸ਼ ਤਕਤਾਂ ਦਾ ਵਿਰੋਧ ਕਰਦੇ ਹੋਏ ਖੱਬੇ ਪੱਖੀ ਪਾਰਟੀਆਂ ਦੇ
ਅੰਦੋਲਨ ਵਧ ਰਹੇ ਹਨ। ਪਾਕਿ-ਭਾਰਤ ਸਬੰਧਾਂ ਨੂੰ ਲੈ ਕੇ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ
ਕਿਹਾ ਕਿ ਭਾਰਤ ਤੇ ਪਾਕਿ ਦੇ ਸ਼ਾਸਕ ਸਮੱਸਿਆ ਹੱਲ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ
ਦੋਵਾਂ ਦੇਸ਼ਾਂ ਦੇ ਸਾਸਕ ਵੋਟਾਂ ਵਟੋਰਨ ਵਾਸਤੇ ਇਕ ਦੂਜੇ ਦੇਸ਼ ਵਿਰੁੱਧ ਪ੍ਰਚਾਰ ਕਰਦੇ ਹਨ।
ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦੇ ਸਾਸਕ ਇਕ ਦੂਜੇ ਵਿਰੁੱਧ ਬਿਆਨਬਾਜੀ ਕਰਕੇ ਲੜਾਈ ਦਾ
ਮਾਹੌਲ ਬਣਾਉਂਦੇ ਹਨ, ਜਦੋਂ ਕਿ ਯੁੱਧ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ
ਗੁਆਢੀ ਦੇਸ਼ਾਂ ਦੇ ਨਾਲ ਮਿੱਤਰਤਾ ਵਾਲੇ ਸਬੰਧ ਹੋਣੇ ਚਾਹੀਦੇ ਹਨ। ਇਸ ਮੌਕੇ ਕਾਮਰੇਡ ਪੋਲਿਟ
ਬਿਊਰੋ ਮੈਂਬਰ ਕਾਮਰੇਡ ਪ੍ਰਭਾਤ ਕੁਮਾਰ ਚੌਧਰੀ ਅਤੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ
ਰਾਣਾ ਹਾਜ਼ਰ ਸਨ।