ਮਾਨਸਾ 24 ਮਾਰਚ ( ਤਰਸੇਮ ਸਿੰਘ ਫਰੰਡ ) ਸੀ.ਪੀ.ਆਈ. ਐਮ. ਦੇ ਕੇਂਦਰੀ ਆਗੂ ਤੇ ਮੈਂਬਰ
ਪਾਰਲੀਮੈਂਟ ਕਾ. ਮੁਹੰਮਦ ਸਲੀਮ ਦਾ ਅੱਜ ਮਾਨਸਾ ਆਉਣ ਤੇ ਸੀ.ਪੀ.ਆਈ. ਐਮ. ਦੇ ਵਰਕਰਾਂ ਨੇ
ਪਾਰਟੀ ਦੇ ਜਿਲ੍ਹਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਦੀ ਅਗਵਾਈ ਵਿੱਚ ਜੋਰਦਾਰ ਸਵਾਗਤ
ਕੀਤਾ। ਕਾ. ਮੁਹੰਮਦ ਸਲੀਮ ਮੈਂਬਰ ਪਾਰਲੀਮੈਂਟ ਸੀ.ਪੀ.ਆਈ. ਐਮ.ਐਲ. ਲਿਬਰੇਸ਼ਨ ਦੀ 10ਵੀਂ
ਡੈਲੀਗੇਟ ਕਾਨਫਰੰਸ ਵਿੱਚ ਸੀ.ਪੀ.ਆਈ. ਐਮ. ਦੀ ਕੇਂਦਰੀ ਕਮੇਟੀ ਵੱਲੋਂ ਭਰਾਤਰੀ ਸੰਦੇਸ਼ ਦੇਣ
ਲਈ ਵਿਸ਼ੇਸ਼ ਤੌਰ ਤੇ ਮਾਨਸਾ ਪਹੁੰਚੇ ਸਨ। ਇਸ ਮੌਕੇ ਤੇ ਸੀ.ਪੀ.ਆਈ. ਐਮ. ਦੇ ਵਰਕਰਾਂ ਨੇ
ਮਾਨਸਾ ਤਿੰਨ ਕੋਨੀ ਤੇ ਇਕੱਠੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਫਿਰ ਮੋਟਰ ਸਾਈਕਲਾਂ,
ਆਟੋਆਂ ਦੇ ਕਾਫਲੇ ਦੇ ਰੂਪ ਵਿੱਚ ਨਾਅਰੇਬਾਜੀ ਕਰਦੇ ਹੋਏ ਉਨ੍ਹਾਂ ਨੂੰ ਕਾਨਫਰੰਸ ਹਾਲ ਤੱਕ ਲੈ
ਕੇ ਗਏ। ਇਸ ਮੌਕੇ ਤੇ ਕਾ. ਮੁਹੰਮਦ ਸਲੀਮ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਮੋਦੀ ਦੀ
ਅਗਵਾਈ ਵਿੱਚ ਉੱਭਰਿਆ ਫਾਸੀਵਾਦ ਲੋਕਤੰਤਰੀ ਕਦਰਾਂ ਕੀਮਤਾਂ ਦਾ ਹਨਨ ਕਰਨ ਦੀਆਂ ਕੋਸ਼ਿਸ਼ਾਂ ਕਰ
ਰਿਹਾ ਹੈ। ਉਨ੍ਹਾਂ ਕਿਹਾ ਕਿ ਤ੍ਰਿਪੁਰਾ ਦੇ ਵਿੱਚ ਮਜਦੂਰ ਜਮਾਤ ਦੇ ਫਲਾਸਫਰ ਅਤੇ ਰਹਿਨੁਮਾ
ਕਾ. ਲੈਨਨ ਦੀ ਮੂਰਤੀ ਤੋੜਨਾ, ਤਾਮਿਲਨਾਡੂ ਦੇ ਵਿੱਚ ਪੇਰੀਅਰ ਦੀ ਮੂਰਤੀ ਤੋੜਨਾ, ਯੂ.ਪੀ. ਦੇ
ਵਿੱਚ ਬੀ.ਆਰ. ਅੰਬੇਦਕਰ ਦੀ ਮੂਰਤੀ ਤੋੜਨਾ ਅਤੇ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਤੋੜਨਾ
ਦੱਸਦਾ ਹੈ ਕਿ ਆਰ.ਐਸ.ਐਸ. ਲੋਕ ਮਾਨਵਤਾ ਦੇ ਹੀਰੋ ਰਹੇ ਇਹਨਾਂ ਵਿਦਵਾਨਾਂ ਤੇ ਸਖਸ਼ੀਅਤਾਂ
ਦੀਆਂ ਵਿਚਾਰ ਧਾਰਾਵਾਂ ਤੋਂ ਡਰੀ ਹੋਈ ਹੈ ਅਤੇ ਆਪਣੀ ਤੰਗ ਨਜਰੀਏ ਵਾਲੀ ਅਤੇ ਲੋਕ ਵਿਰੋਧੀ
ਵਿਚਾਰਧਾਰਾ ਦੇਸ਼ ਤੇ ਥੋਪਣਾ ਚਾਹੁੰਦੀ ਹੈ। ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ 2019 ਦੇ ਵਿੱਚ ਦੇਸ਼ ਦੇ ਲੋਕ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀ.ਜੇ.ਪੀ.
ਸਰਕਾਰ ਨੂੰ ਸੱਤਾ ਵਿੱਚੋਂ ਬਾਹਰ ਉਖਾੜ ਦੇਣਗੇ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਬਚਾਉਂਦੇ
ਹੋਏ ਆਪਣੇ ਹੱਕਾਂ ਦੀ ਲੜਾਈ ਨੂੰ ਅੱਗੇ ਵਧਾਉਣਗੇ। ਇਸ ਮੌਕੇ ਤੇ ਸੀ.ਪੀ.ਆਈ. ਐਮ. ਦੇ ਕੇਂਦਰੀ
ਕਮੇਟੀ ਮੈਂਬਰ ਕਾ. ਵਿਜੇ ਮਿਸ਼ਰਾ, ਜਿਲ੍ਹਾ ਸਕੱਤਰ ਕੁਲਵਿੰਦਰ ਉੱਡਤ ਕਾ. ਸਵਰਨਜੀਤ ਦਲੇਉਂ ,
ਕਾ. ਰਾਜ ਕੁਮਾਰ ਗਰਗ ਆਦਿ ਹਾਜਰ ਸਨ ।