ਸ਼ੇਰਪੁਰ (ਹਰਜੀਤ ਕਾਤਿਲ/ਨਰਿੰਦਰ ਅੱਤਰੀ ) ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੀ ਪਬਲਿਕ ਮਹਿਲਾ
ਮੰਡਲ ਪੰਜਾਬ, ਮਜ਼ਦੂਰ ਯੂਨੀਅਨ ਅਤੇ ਗ੍ਰਾਮ ਪੰਚਾਇਤ ਦੇ ਸਾਂਝੇ ਯਤਨਾਂ ਸਦਕਾ ਇੱਥੇ ਨੇੜਲੇ
ਪਿੰਡ ਗੁੰਮਟੀ ਵਿਖੇ 23 ਮਾਰਚ ਦੇ ਸ਼ਹੀਦਾਂ ਦੀ ਸੋਚ ਨੂੰ ਸਮਰਪਿਤ ਇਨਕਲਾਬੀ ਨਾਟਕ ਮੇਲਾ
ਕਰਵਾਇਆ ਗਿਆ ।
ਇਸ ਪ੍ਰੋਗਰਾਮ ਵਿੱਚ ਸਾਬਕਾ ਵਿਧਾਇਕ ਐਡਵੋਕੇਟ ਚੰਦ ਸਿੰਘ ਚੋਪੜਾ , ਡਾ ਲਾਲ ਸਿੰਘ ਧਨੌਲਾ
ਸੂਬਾ ਮੀਤ ਪ੍ਰਧਾਨ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਕਾਮਰੇਡ ਮੇਜਰ ਸਿੰਘ ਪੁੰਨਾਵਾਲ ਸੂਬਾ
ਕਮੇਟੀ ਮੈਂਬਰ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ‘ ਤੇ ਜੰਗ- ਏ – ਆਜ਼ਾਦੀ ਸ਼ਹੀਦਾਂ
ਦੇ ਪਾਏ ਪੂਰਨਿਆਂ ਤੇ ਚੱਲਣ ਦਾ ਸੱਦਾ ਦਿੱਤਾ। ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ
ਲਾਸਾਨੀ ਕੁਰਬਾਨੀਆਂ ਨੂੰ ਚੇਤੇ ਕਰਦਿਆਂ ਇਨਕਲਾਬੀ ਗੀਤਾਂ ਨਾਲ ਪ੍ਰੋਗਰਾਮ ਦਾ ਰਸਮੀ ਆਗਾਜ਼
ਹੋਇਆ । ਚੇਤਨਾ ਕਲਾ ਮੰਚ ਬਰਨਾਲਾ ਦੇ ਨਿਰਦੇਸ਼ਕ ਹਰਵਿੰਦਰ ਸਿੰਘ ਦੀਵਾਨਾ ਦੀ ਟੀਮ ਵੱਲੋਂ
“ਝਨਾਂ ਦੇ ਪਾਣੀ ” ਅਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸੋਚ ਨੂੰ ਸਮਰਪਿਤ ਨਾਟਕ
ਅਤੇ ਕੋਰੀਓਗ੍ਰਾਫੀਆਂ ਨੇ ਮਾਹੌਲ ਵਿੱਚ ਇਨਕਲਾਬੀ ਜੋਸ਼ ਭਰ ਦਿੱਤਾ । ਇਸ ਮੌਕੇ ਬੋਲਦਿਆਂ
ਕਾਮਰੇਡ ਚੰਦ ਸਿੰਘ ਚੋਪੜਾ ਅਤੇ ਡਾ ਲਾਲ ਸਿੰਘ ਨੇ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਹੋਰਾਂ
ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਅਜਿਹੇ ਇਨਕਲਾਬੀ ਨਾਟਕ ਕਰਵਾਉਣੇ ਬੇਹੱਦ ਜਰੂਰੀ ਹਨ ਤਾਂ
ਜੋ ਸਾਡੇ ਕਿਰਤੀ ਸਮਾਜ ਨੂੰ ਸ਼ਹੀਦਾਂ ਦੇ ਇਤਿਹਾਸ ਤੋਂ ਸੇਧ ਮਿਲ ਸਕੇ । ਸਮਾਗਮ ਨੂੰ ਸਫਲ
ਬਣਾਉਣ ਵਿਚ ਕਲੱਬ ਦੇ ਪ੍ਰਧਾਨ ਬਰਖਾ ਸਿੰਘ ਗਰੇਵਾਲ, ਸਰਪੰਚ ਜਰਨੈਲ ਸਿੰਘ ਚੌਹਾਨ, ਮੀਤ
ਪ੍ਰਧਾਨ ਗੁਰਦੀਪ ਸਿੰਘ, ਕਾਮਰੇਡ ਸੁਰਜੀਤ ਸਿੰਘ ਗੁੰਮਟੀ , ਕਾਮਰੇਡ ਸੁਖਦੇਵ ਸਿੰਘ, ਹਰਦਮ
ਸਿੰਘ ਗਰੇਵਾਲ, ਕਾਮਰੇਡ ਬਾਬੂ ਸਿੰਘ ਪੇਧਨੀ,ਕਾਲਾ ਸਿੰਘ ਗੁੰਮਟੀ , ਮਨਰੇਗਾ ਪ੍ਰਧਾਨ ਗੁਰਚਰਨ
ਸਿੰਘ, ਪ੍ਰਿਤਪਾਲ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।