ਸ਼ੇਰਪੁਰ (ਹਰਜੀਤ ਕਾਤਿਲ) ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਨਸ਼ਿਆਂ ਦਾ ਮੁਕੰਮਲ ਸਫਾਇਆ ਕਰਨ
ਲਈ ਚਲਾਈ ਡਰੱਗ ਅਬਿਊਜ਼ ਪਰੀਵੇਂਸ਼ਨ ਅਫਸਰ ਡੇਪੋ ਮੁਹਿੰਮ ਨੂੰ ਜ਼ਿਲ੍ਹਾ ਸੰਗਰੂਰ ਅੰਦਰ ਇੰਨ
ਬਿੰਨ ਲਾਗੂ ਕਰਨ ਅਤੇ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ
ਘਨਸ਼ਿਆਮ ਥੋਰੀ ਅਤੇ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਵਲੋਂ ਗਾਰਡੀਅਨ ਆਫ਼ ਗਵਰਨੈਂਸ
(ਜੀ ਉ ਜੀ ), ਪੁਲੀਸ ਅਤੇ ਸਿਵਲ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ
ਹਾਲ ਵਿੱਚ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਸਮੂਹ ਅਧਿਕਾਰੀਆਂ ਨੂੰ
ਰਾਜ ਸਰਕਾਰ ਦੀ ਡੇਪੋ ਮੁਹਿੰਮ ਨੂੰ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਹਰ ਘਰ , ਮੁਹੱਲੇ ,
ਗਲੀ ਅਤੇ ਹਰ ਪਿੰਡ ਪੱਧਰ ਤੇ ਪਹੁੰਚ ਕਰਕੇ ਪਾਰਦਰਸ਼ੀ ਢੰਗ ਨਾਲ ਰਜਿਸਟਰੇਸ਼ਨ ਕਰਵਾਉਣ ਦੀ
ਅਪੀਲ ਕੀਤੀ । ਉਨ੍ਹਾਂ ਖੁਸ਼ਹਾਲੀ ਦੇ ਰਾਖਿਆਂ ਨੂੰ ਪਿੰਡ ਪੱਧਰ ਤੇ ਪਹੁੰਚ ਕਰਨ ਅਤੇ ਲੋਕਾਂ
ਨੂੰ ਡੇਪੋ ਮੁਹਿੰਮ ਬਾਰੇ ਜਾਗਰੂਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ
ਮਗਰੋਂ ਹਰ ਡੇਪੋ ਵਲੰਟੀਅਰ ਨੂੰ ਸਰਕਾਰ ਵੱਲੋਂ ਸ਼ਨਾਖ਼ਤੀ ਕਾਰਡ ਜਾਰੀ ਕੀਤਾ ਜਾਵੇਗਾ ।
ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਸਮੂਹ ਪੁਲੀਸ ਅਤੇ ਸਿਵਲ ਅਧਿਕਾਰੀਆਂ ਨੂੰ
ਸਰਕਾਰ ਦੀ ਨਸ਼ਿਆਂ ਖਿਲਾਫ ਚਲਾਈ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ ਦਿੱਤਾ,
ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਲੋਕ ਭਲਾਈ ਦੇ ਇਸ ਕਾਰਜ ਨੂੰ ਡਿਊਟੀ ਤੋਂ
ਇਲਾਵਾ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਿਆ ਜਾਵੇ। ਮੀਟਿੰਗ ਵਿੱਚ ਉਪਕਾਰ ਸਿੰਘ ਏਡੀਸੀ ਜਨਰਲ,
ਰਜਿੰਦਰ ਸਿੰਘ ਬੱਤਰਾ ਏਡੀਸੀ ਵਿਕਾਸ , ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਜੀਓਜੀ ਦੇ ਜ਼ਿਲ੍ਹਾ
ਮੁਖੀ ਕਰਨਲ ਡੀ ਐਸ ਸਿੱਧੂ ਅਤੇ ਕਰਨਲ ਟੀ ਐੱਸ ਦੁਲਾਲ ਸਮੇਤ ਜ਼ਿਲ੍ਹੇ ਦੇ ਜੀ ਓ ਜੀ, ਪੁਲੀਸ
ਤੇ ਸਿਵਲ ਅਧਿਕਾਰੀ ਮੌਜੂਦ ਸਨ ।