ਮਾਨਸਾ ( ਤਰਸੇਮ ਸਿੰਘ ਫਰੰਡ ) ਸਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਵਿਸ਼ਵ ਰੰਗਮੰਚ
ਦਿਵਸ ਮੌਕੇ ਕਰਵਾਏ ਜਾ ਰਹੇ ਨਾਟਕ ਮੇਲੇ ਦੇ ਦੂਜੇ ਦਿਨ ਦੀ ਸਮਾਂ ਰੌਸ਼ਨ ਕਰਨ ਦੀ ਰਸਮ
ਟੁੱਟੀਆਂ ਚੱਪਲਾਂ ਤੋਂ ਕਲਾਕਿਰਤਾਂ ਸਿਰਜਣ ਵਾਲੇ ਕਲਾਕਾਰ ਗੁਰਮੀਤ ਸਿੰਘ ਬੁਰਜ ਰਾਠੀ ਨੇ
ਕੀਤੀ। ਵਿਸ਼ੇਸ ਮਹਿਮਾਨ ਵਜੋਂ ਬਹਾਦਰ ਸਿੰਘ ਰਾਓ ਡੀ.ਐਸ.ਪੀ. ਮਾਨਸਾ ਸਾਮਿਲ ਹੋਏ ਅਤੇ
ਪ੍ਰਧਾਨਗੀ ਜਤਿੰਦਰ ਸਿੰਘ ਸੋਢੀ ਚੇਅਰਮੈਨ ਮਾਲਵਾ ਗਰੁੱਪ ਆਫ ਕਾਲਜਿਜ਼ ਸਰਦੂਲੇਵਾਲਾ ਨੇ ਕੀਤੀ।
ਇਸ ਮੌਕੇ ਰਾਜੇਸ਼ ਮਾਨਸਾ ਵੱਲੋਂ ਗੀਤ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਾਨ ਅਸਪਾਲ ਦੇ ਬੱਚਿਆਂ
ਨੇ ਦੀਪ ਭੰਗੜਾ ਅਕੈਡਮੀ ਮਾਨਸਾ ਦੀ ਅਗਵਾਈ ਹੇਠ ਭੰਗੜਾ ਪੇਸ਼ ਕੀਤਾ ਜਿਸ ਨੂੰ ਦਰਸ਼ਕਾਂ ਨੇ ਖੂਬ
ਪਸੰਦ ਕੀਤਾ। ਥੀਏਟਰ ਐਂਡ ਟੈਲੀਵਿਜਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮੈਡਮ
ਜਸਪਾਲ ਕੌਰ ਦਿਓਲ ਅਤੇ ਨਾਟਕਕਾਰ ਅਤੇ ਨਿਰਦੇਸ਼ਕ ਡਾ. ਗੁਰਪ੍ਰੀਤ ਸਿੰਘ ਰਟੌਲ ਦੀ ਅਗਵਾਈ ਵਿੱਚ
ਨਾਟਕ ਧਰਾਬੀ—1947 ਪੇਸ਼ ਕੀਤਾ ਗਿਆ। ਇਹ ਨਾਟਕ 1947 ਦੀ ਵੰਡ ਤੋਂ ਪਹਿਲਾਂ ਦੇ ਪਿੰਡ ਧਰਾਬੀ
ਦੇ ਸਾਂਝੇ ਸੱਭਿਆਚਾਰ ਦੀ ਗੱਲ ਕਰਦਾ ਹੈ ਜਿਸ ਵਿੱਚ ਹਿੰਦੂ ਸਿੱਖ ਅਤੇ ਮੁਸਲਮਾਨ ਭਰਾਵਾਂ
ਵਾਂਗੂੰ ਵਰਤਦੇ ਸੀ ਪਰ ਦੇਸ਼ ਦੇ ਹੁਕਮਰਾਨਾ ਦੀ ਬਦੌਲਤ ਵੰਡ ਵੇਲੇ ਉਹ ਹਨੇਰੀ ਝੁੱਲੀ ਕਿ ਸਾਰਾ
ਸਾਂਝਾ ਸੱਭਿਆਚਾਰ ਖੇਰੂੰ—ਖੇਰੂੰ ਹੋ ਗਿਆ। ਪਿੰਡ ਨੇ ਆਪਣੇ ਪੁੱਤਾਂ ਨੂੰ ਬਚਾਉਣ ਦੀ ਬਹੁਤ
ਕੋਸ਼ਿਸ ਕੀਤੀ ਪਰ ਆਖਿਰ ਉਹ ਅੱਗ ਦੀ ਹਨੇਰੀ ਸਭ ਕੁਝ ਉਡਾ ਕੇ ਲੈ ਗਈ।ਇਹ ਨਾਟਕ ਧਰਾਬੀ ਪਿੰਡ
ਦੇ ਬਹਾਨੇ ਉਸ ਫਿਰਕੂ ਹਨੇਰੀ ਰਾਹੀਂ ਹੋਏ ਉਜਾੜੇ ਦੀ ਦਾਸਤਾਨ ਹੈ। ਲਗਭਗ 2 ਘੰਟੇ ਚੱਲੇ ਇਸ
ਨਾਟਕ ਨੂੰ ਦਰਸ਼ਕਾਂ ਨੇ ਸਾਹ ਰੋਕ ਕੇ ਦੇਖਿਆ।ਇਸ ਮੌਕੇ ਮਾਸਟਰ ਪਰਮਜੀਤ ਸਿੰਘ ਵੱਲੋਂ ਆਪਣੇ
ਭਰਾ ਮਰਹੂਮ ਸਰੂਪ ਸਿੰਘ ਦੀ ਯਾਦ ਵਿੱਚ ਰਾਹ ਦਸੇਰੇ ਅਵਾਰਡ ਪ੍ਰੋ. ਸੁਭਾਸ ਮਾਨਸਾ ਅਤੇ
ਜਤਿੰਦਰ ਬੋਹਾ ਵੱਲੋਂ ਆਪਣੇ ਪਿਤਾ ਸ਼ਹੀਦ ਅਮਰੀਕ ਸਿੰਘ ਦੀ ਯਾਦ ਵਿੱਚ ਕਲਾ ਸਾਰਥੀ ਐਵਾਰਡ
ਗਿੱਧਾ ਕੋਚ ਪਾਲ ਸਿੰਘ ਸਮਾਓਂ ਨੂੰ ਦਿੱਤਾ ਗਿਆ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਏਕਮ
ਸਾਹਿਤ ਮੰਚ ਅੰਮ੍ਰਿਤਸਰ ਦਾ ਭਰਪੂਰ ਸਹਿਯੋਗ ਰਿਹਾ।ਮੰਚ ਦੇ ਪ੍ਰਬੰਧਕੀ ਮੈਂਬਰ ਡਾ. ਕੁਲਦੀਪ
ਸਿੰਘ ਦੀਪ ਨੇ ਦੱਸਿਆ ਕਿ ਇਹ ਮੇਲਾ ਅਗਲੇ ਦੋ ਦਿਨ ਜਾਰੀ ਰਹੇਗਾ। ਉਨ੍ਹਾਂ ਨੂੰ ਸਮੁੱਚੇ
ਲੋਕਾਂ ਨੂੰ ਮੇਲੇ ਵਿੱਚ ਸਾਮਿਲ ਹੋਣ ਦੀ ਅਪੀਲ ਕੀਤੀ।