ਲੁਧਿਆਣਾ, 27 ਮਾਰਚ
ਬਾਲੀਵੁੱਡ ਅਭਿਨੇਤਾ ਅਮਿਤਾਬ ਬੱਚਨ ਨੇ ਪ੍ਰਸਿੱਧ ਫੋਟੋ ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ ਤੇ
ਅਨੁਰਾਗ ਸਿੰਘ ਵੱਲੋਂ ਲਿਖੀ ਪੁਸਤਕ “ਰਾਗ ਰਤਨ” ਨੂੰ ਸੰਗੀਤ ਵਿਰਾਸਤ ਦੇ ਮੋਤੀਆਂ ਦਾ ਥਾਲ
ਕਿਹਾ ਹੈ। ਰਾਗ ਰਤਨ ਪੁਸਤਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ 31 ਸ਼ੁੱਧ ਰਾਗਾਂ ਦੇ
ਸ਼੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਵਿੱਚ ਗਾਇਨ ਵੇਲੇ ਦੇ ਸੰਜੀਵ ਫੋਟੋ ਚਿੱਤਰ ਹਨ। ਇੱਕੀ
ਚਿੱਠੀ ਰਾਹੀਂ ਅਮਿਤਾਬ ਬੱਚਨ ਨੇ ਸ. ਤੇਜ ਪ੍ਰਤਾਪ ਸਿੰਘ ਸੰਧੂ ਨੂੰ ਲਿਖਿਆ ਹੈ ਕਿ ਇਸ
ਸੁੱਚਿਤਰ ਪੁਸਤਕ ਨੇ ਮੈਨੂੰ ਵਿਸਮਾਦੀ ਵਿਰਸੇ ਨਾਲ ਮੁੜ ਜੋੜਿਆ ਹੈ। ਇਹ ਕਰਾਮਾਤੀ ਚਿੱਤਰ
ਸਾਨੂੰ ਉਸ ਆਭਾ ਮੰਡਲ ਦੇ ਦਰਸ਼ਨ ਕਰਵਾਉਂਦੇ ਹਨ ਜੋ ਆਮ ਨੰਗੀ ਅੱਖ ਨਾਲ ਵੇਖਣੇ ਸੰਭਵ ਨਹੀਂ
ਹਨ। ਇਸ ਪੁਸਤਕ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਨੇ ਅੰਗਰੇਜ਼ੀ ਵਿੱਚ
ਗੁਰਮਤਿ ਸੰਗੀਤ ਵਿਭਾਗ ਲਈ ਪ੍ਰਕਾਸ਼ਤ ਕੀਤਾ ਹੈ। ਪੰਜਾਬੀ ਵਿੱਚ ਇਹ ਪੁਸਤਕ ਪੰਜਾਬੀ
ਯੂਨੀਵਰਸਿਟੀ ਪਟਿਆਲਾ ਛਾਪਣ ਦਾ ਐਲਾਨ ਕਰ ਚੁੱਕੀ ਹੈ।
ਅਮਿਤਾਬ ਬੱਚਨ ਨੇ ਆਪਣੀ ਮੋਹਭਿੱਜੀ ਵਿਚਾਰ ਉਤੇਜਕ ਚਿੱਠੀ ਵਿੱਚ ਲਿਖਿਆ ਹੈ ਕਿ ਇਹ ਪੁਸਤਕ
ਕੇਵਲ ਪੁਸਤਕ ਨਹੀਂ ਸਗੋਂ ਉਨ੍ਹਾਂ ਭਾਵਨਾਵਾਂ ਦਾ ਉਜਾਲਾ ਕਰਦੀ ਹੈ ਜੋ ਸਾਨੂੰ ਰੱਬੀ ਅਜ਼ਾਂ ਦੇ
ਨਿਕਟ ਦਰਸ਼ਨ ਕਰਵਾਉਂਦੀਆਂ ਹਨ। ਇਹ ਤੀਸਰਾ ਨੇਤਰ ਖੋਲ੍ਹ ਕੇ ਰੂਹ ਦੇ ਅੰਦਰਵਾਰ ਅਸਰ ਪਾਉਣ
ਵਾਲੀ ਕਿਤਾਬ ਹੈ। ਉਨ੍ਹਾਂ ਬੜੇ ਹੀ ਭਾਵ-ਭਿੱਜੇ ਸ਼ਬਦਾਂ ‘ਚ ਪੁਸਤਕ ਦੀ ਪ੍ਰਸੰਸਾ ਕਰਦਿਆਂ
ਲਿਖਿਆ ਹੈ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਸਾਏ 31 ਸ਼ੁੱਧ ਰਾਗਾਂ ਦੇ ਸਰੂਪ ਅਤੇ
ਵੇਰਵਾ-ਲਿਖ਼ਤ ਰਾਹੀਂ ਸਾਨੂੰ ਅਲੌਕਿਕ ਸਿਰਜਣਾਤਮਕ ਪ੍ਰਤਿਭਾ ਦੇ ਦਰਸ਼ਨ ਹੁੰਦੇ ਹਨ। ਮੇਰੇ ਲਈ
ਇਹ ਪੁਸਤਕ ਕਿਸੇ ਵੱਡਮੁੱਲੇ ਖਜ਼ਾਨੇ ਤੋਂ ਘੱਟ ਨਹੀਂ ਹੈ ਜੋ ਮੈਂ ਵਿਸਮਾਦ ਦੇ ਪਲ ਮਾਨਣ ਲਈ
ਬਾਰ ਬਾਰ ਪੜ੍ਹ ਤੇ ਵੇਖ ਸਕਾਂਗਾ। ਪੁਸਤਕ ਦੇ ਲੇਖਕ ਸ. ਤੇਜ ਪ੍ਰਤਾਪ ਸਿੰਘ ਸੰਧੂ ਨੇ ਇਹ
ਪੱਤਰ ਮਿਲਣ ਉਪਰੰਤ ਦੱਸਿਆ ਕਿ ਇਸ ਕਿਤਾਬ ਦੇ ਪ੍ਰਕਾਸ਼ਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਮਨ ‘ਚ
ਸੀ ਕਿ ਉਹ ਇਸ ਨੂੰ ਲੇਖਕ ਗੁਲਜ਼ਾਰ, ਅਮਿਤਾਬ ਬੱਚਨ, ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ
ਤੇ ਕੁੱਝ ਹੋਰ ਅਜਿਹੀਆਂ ਸਖ਼ਸੀਅਤਾਂ ਨੂੰ ਪੜ੍ਹਾਉਣਾ ਚਾਹੁੰਣਗੇ ਜੋ ਪੰਜਾਬ ਦੀ ਮਿੱਟੀ ਦੇ
ਅਮੀਰ ਵਿਰਸੇ ਨੂੰ ਜਾਣਦੇ ਹਨ। ਡਾਕ ਰਾਹੀਂ ਘੱਲੀ ਕਿਤਾਬ ਦਾ ਉੱਤਰ ਇੱਕ ਡੇਢ ਹਫ਼ਤੇ ਬਾਅਦ
ਅਮਿਤਾਬ ਬੱਚਨ ਵੱਲੋਂ ਮਿਲਣਾ ਮੈਨੂੰ ਹੁਣ ਵੀ ਸੁਪਨੇ ਵਾਂਗ ਲੱਗਦਾ ਹੈ। ਲਿਆਕਤਵਾਨ ਮਾਪਿਆਂ
ਡਾ. ਹਰਿਵੰਸ਼ ਰਾਏ ਬੱਚਨ ਤੇ ਸ਼੍ਰੀਮਤੀ ਤੇਜੀ ਬੱਚਨ ਦੇ ਪੁੱਤਰ ਪਾਸੋਂ ਹੀ ਇਹ ਕਾਰਜ ਸੰਭਵ ਸੀ।
ਸ. ਤੇਜ ਪ੍ਰਤਾਪ ਸਿੰਘ ਸੰਧੂ ਲੁਧਿਆਣਾ ਵਿਖੇ ਪਿਛਲੇ 40 ਸਾਲਾਂ ਤੋਂ ਫੋਟੋ ਕਲਾਕਾਰੀ ਨਾਲ
ਸਬੰਧਤ ਕਾਰਜਾਂ ਵਿੱਚ ਸਰਗਰਮ ਹਨ ਅਤੇ ਇਸ ਤੋਂ ਪਹਿਲਾਂ “ਕੈਮਰੇ ਦੀ ਅੱਖ” ਸਚਿੱਤਰ ਵਾਰਤਕ
ਪੁਸਤਕ 1999 ‘ਚ ਪ੍ਰਕਾਸ਼ਤ ਕਰ ਚੁੱਕੇ ਹਨ। ਜਿਸ ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ
ਇੰਦਰ ਕੁਮਾਰ ਗੁਜਰਾਲ, ਸ. ਕਰਤਾਰ ਸਿੰਘ ਦੁੱਗਲ ਅਤੇ ਸ. ਬਰਜਿੰਦਰ ਸਿੰਘ ਨੇ ਜਲੰਧਰ ‘ਚ ਲੋਕ
ਅਰਪਣ ਕੀਤਾ ਸੀ। ਇਸ ਪੁਸਤਕ ਵਿੱਚ ਵਾਤਾਵਰਣ, ਸੜਕ ਸਲੀਕਾ ਤੇ ਸਮਾਜਕ ਤਾਣੇ ਬਾਣੇ ਬਾਰੇ ਲਿਖਤ
ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਹੈ ਅਤੇ ਤਸਵੀਰਾਂ ਸ. ਸੰਧੂ ਦੀਆਂ ਹਨ।
ਭਾਸ਼ਾ ਵਿਭਾਗ ਪਾਸੋਂ 2010 ‘ਚ ਪੁਸਤਕ ਬਾਰਾਂ ਮਾਹ (ਮਾਝ) ਲਈ ਉਹ ਇੱਕ ਲੱਖ ਰੁਪਏ ਦਾ
ਪੁਰਸਕਾਰ ਹਾਸਲ ਕਰ ਚੁੱਕੇ ਹਨ। ਫੋਟੋਗ੍ਰਾਫੀ ਲਈ ਸ. ਸੋਭਾ ਸਿੰਘ ਪੁਰਸਕਾਰ ਅਤੇ ਡਾ. ਮ.ਸ.
ਰੰਧਾਵਾ ਪੁਰਸਕਾਰ ਵੀ ਜਿੱਤ ਚੁੱਕੇ ਹਨ। ਬਾਰਾਂਮਾਹ ਤੁਖਾਰੀ ਬਾਰੇ ਵੀ ਹੁਣ ਨਵੀਂ ਪੁਸਤਕ
ਤਿਆਰ ਕਰ ਚੁੱਕੇ ਹਨ।