ਜੰਡਿਆਲਾ ਗੁਰੂ 30 ਮਾਰਚ ਪੱਤਰ ਪ੍ਰੇਰਕ :- ਬੀਤੀ 28 ਮਾਰਚ ਨੂੰ ਪੱਤਰਕਾਰ ਵਰਿੰਦਰ ਸਿੰਘ
ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਵਲੋਂ ਨਾਨਕ ਸ਼ਾਹ ਫ਼ਕੀਰ ਫਿਲਮ ਸਬੰਧੀ ਇਕ ਲੇਖ
ਪ੍ਰਕਾਸ਼ਿਤ ਕਰਕੇ ਗੁਰੂ ਨਾਨਕ, ਬੇਬੇ ਨਾਨਕੀ, ਭਾਈ ਮਰਦਾਨਾ ਆਦਿ ਸਤਿਕਾਰਤ ਹਸਤੀਆਂ ਦਾ
ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਸਿੱਖ ਧਰਮ
ਵਿਚ ਅਜਿਹਾ ਪ੍ਰਮਾਣਿਤ ਨਹੀਂ ਹੈ । ਅੱਜ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਦੇ ਨਾਮ ਲਿਖੀ
ਦਰਖ਼ਾਸਤ ਜੰਡਿਆਲਾ ਪ੍ਰੈਸ ਕਲੱਬ ਦੇ ਇਕ ਵਫਦ ਵਲੋਂ ਡੀ ਐਸ ਪੀ ਜੰਡਿਆਲਾ ਗੁਰਪ੍ਰਤਾਪ ਸਿੰਘ
ਸਹੋਤਾ ਨੂੰ ਸੋਂਪੀ ਗਈ । ਦਰਖ਼ਾਸਤ ਵਿਚ ਵਰਿੰਦਰ ਸਿੰਘ ਮਲਹੋਤਰਾ ਨੇ ਦੱਸਿਆ ਕਿ ਮੇਰੇ ਵਲੋਂ
28 ਮਾਰਚ ਨੂੰ ਨਾਨਕ ਸ਼ਾਹ ਫ਼ਕੀਰ ਫਿਲਮ ਸਬੰਧੀ ਇਕ ਲੇਖ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਠੀਕ
ਉਸੇ ਦਿਨ ਹੀ ਸਵੇਰੇ ਕਰੀਬ 8.30 ਵਜੇ ਫੋਨ ਨੰਬਰ 09811664540 ਤੋਂ ਉਸਨੂੰ ਫੋਨ ਆਇਆ
ਅਤੇ ਕਾਲ ਕਰਨ ਵਾਲੇ ਦਾ ਨਾਮ ਟਰੂ ਕਾਲਰ ਵਿਚ ਹਰਿੰਦਰ ਸਿੰਘ ਸਿੱਕਾ ਨਿਵਾਸੀ ਦਿੱਲੀ ਆ ਰਿਹਾ
ਸੀ ਪਰ ਉਹ ਆਪਣੇ ਆਪ ਨੂੰ ਬੰਬਈ ਨਿਵਾਸੀ ਦੱਸ ਰਿਹਾ ਸੀ । ਜਿਸਨੇ ਪਹਿਲਾ ਕਿਹਾ ਕਿ ਤੂੰ ਲੇਖ
ਲਗਾਕੇ ਠੀਕ ਨਹੀਂ ਕੀਤਾ ਅਤੇ ਫਿਰ ਧਮਕੀ ਭਰੇ ਲਹਿਜੇ ਵਿਚ ਕਿਹਾ ਕਿ ਮੈਂ ਤੇਰੇ ਖਿਲਾਫ ਐਕਸ਼ਨ
ਲਵਾਂਗਾ , ਇੰਤਜਾਰ ਕਰੋ ਅਤੇ ਫਿਰ ਦੇਖਣਾ ਕੀ ਹਾਲ ਕਰਾਂਗਾ ।
ਮਲਹੋਤਰਾ ਅਨੁਸਾਰ ਸਿੱਖ ਹਲਕਿਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਹਰਿੰਦਰ ਸਿੱਕਾ ਨਾਮਕ
ਵਿਅਕਤੀ ਵਲੋਂ ਹੀ ਫਿਲਮ ਪ੍ਰੋਡਿਊਸ ਕੀਤੀ ਗਈ ਹੈ । ਜੰਡਿਆਲਾ ਪ੍ਰੈਸ ਕਲੱਬ ਦੇ ਵਫਦ ਨੇ ਐਸ
ਐਸ ਪੀ ਦਿਹਾਤੀ ਪਰਮਪਾਲ ਸਿੰਘ ਅਤੇ ਡੀ ਐਸ ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਕੋਲੋ
ਮੰਗ ਕੀਤੀ ਕਿ ਇਹ ਸਿੱਧਾ ਸਿੱਧਾ ਮੀਡੀਆ ਦੀ ਆਜ਼ਾਦੀ ਤੇ ਹਮਲਾ ਹੈ ਅਤੇ ਮੀਡੀਆ ਨੂੰ ਦਬਾਉਣ ਦੀ
ਕੋਸ਼ਿਸ਼ ਕੀਤੀ ਗਈ ਹੈ ਜਦੋ ਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਿਕ ਕਿਸੇ ਪੱਤਰਕਾਰ ਨੂੰ
ਧਮਕਾਇਆ ਨਹੀਂ ਜਾ ਸਕਦਾ । ਜੰਡਿਆਲਾ ਪ੍ਰੈਸ ਕਲੱਬ (ਰਜਿ) ਦੇ ਚੇਅਰਮੈਨ ਸੁਨੀਲ ਦੇਵਗਨ ਅਤੇ
ਸੁਰਿੰਦਰਪਾਲ ਅਰੋੜਾ ਨੇ ਇਸਦੀ ਕਰੜੇ ਸ਼ਬਦਾਂ ਚ ਨਿੰਦਾ ਕਰਦੇ ਹੋਏ ਕਿਹਾ ਕਿ ਹਰਿੰਦਰ ਸਿੰਘ
ਨਾਮਕ ਵਿਅਕਤੀ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।