ਸ਼ੇਰਪੁਰ (ਹਰਜੀਤ ਕਾਤਿਲ) ਅੱਜ ਐਸਐਚਓ ਰਕੇਸ਼ ਕੁਮਾਰ, ਥਾਣਾ ਸ਼ੇਰਪੁਰ ਦੀ ਅਗੁਵਾਈ ਚ ਵੱਖ ਵੱਖ
ਚੌਂਕਾ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਤੇ ਸ਼ਿਕੰਜਾ
ਕਸਦਿਆ ਚਲਾਨ ਕੱਟੇ । ਇਸ ਮੌਕੇ ਸਥਾਨਿਕ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ
ਕੁੱਝ ਲੋਕ ਟ੍ਰੈਫਿਕ ਨਿਯਮਾਂ ਦੀਆ ਧੱਜੀਆਂ ਉਡਾ ਰਹੇ ਹਨ ਅਤੇ ਬਿਨਾਂ ਕਾਗਜ਼ਾਤ ਤੋ ਘੁੰਮਦੇ ਹਨ
ਅਜਿਹੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ ਤੇ ਬਖਸਿਆ ਨਹੀਂ ਜਾਵੇਗਾ। ਉਨ੍ਹਾਂ ਵੱਲੋਂ ਇਲਾਕੇ
ਦੀਆਂ ਟ੍ਰੈਫਿਕ ਸਮੱਸਿਆਵਾਂ ਦੇ ਹੱਲ ਲਈ ਜਿੱਥੇ ਇਲਾਕੇ ਦਾ ਦੌਰਾ ਕੀਤਾ ਉੱਥੇ ਕਾਤਰੋਂ ਚੌਕ
ਤੇ ਬੜੀ ਛੰਨਾ ਰੋਡ ਤੇ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਵੀ ਕੀਤੀ ਅਤੇ ਬੱਸਾਂ ਸਿਰਫ ਬੱਸ
ਸਟੈਂਡ ਉੱਤੇ ਹੀ ਰੋਕਣ ਦੀ ਹਦਾਇਤ ਕੀਤੀ । ਉਨ੍ਹਾਂ ਭਾਰੀ ਭਰਕਮ ਵਾਹਨਾਂ ਨੂੰ ਬਾਈ ਪਾਸ
ਲਿਜਾਣ ਲਈ ਕਿਹਾ ਤਾਕਿਹ ਕਿਸੇ ਵੀ ਹਾਦਸੇ ਤੋਂ ਬਚਿਆ ਜਾ ਸਕੇ। ਨਸ਼ਾ ਤਸਕਰਾਂ ਤੇ ਸ਼ਿਕੰਜਾ
ਕਸਦਿਆਂ ਉਨ੍ਹਾਂ ਕਿਹਾ ਪੰਜਾਬ ਸਰਕਾਰ ਅਤੇ ਐਸਐਸਪੀ ਮਨਦੀਪ ਸਿੰਘ ਸਿੱਧੂ ਦੇ ਨਿਰਦੇਸ਼ ਹੇਠ
ਡਰੱਗਜ਼/ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਖਿਲਾਫ ਅਸੀਂ ਮੁਹਿੰਮ ਵਿੱਢੀ ਹੋਈ ਹੈ ਜਿਸ ਦੌਰਾਨ
ਪਿਛਲੇ ਦਿਨਾਂ ਵਿੱਚ ਹਰਿਆਣਾ , ਚੰਡੀਗੜ੍ਹ ਮਾਰਕਾ ਸ਼ਰਾਬ ਅਤੇ ਹੋਰ ਨਸ਼ੇ ਬਰਾਮਦ ਕੀਤੇ ਗਏ ਹਨ।
ਜਿਸ ਕਾਰਨ ਮੁਲਜ਼ਮਾਂ ਉੱਤੇ ਨਸ਼ਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ
ਆਮ ਲੋਕਾਂ ਨੂੰ ਹੈਲਪਲਾਈਨ 181 ਬਾਰੇ ਵੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇਗਾ ਅਤੇ ਨਸ਼ਿਆਂ
ਦੀ ਸੂਹ ਦੇਣ ਵਾਲੇ ਨਾਗਰਿਕ ਦਾ ਨਾਂ ਗੁਪਤ ਰੱਖਿਆ ਜਾਵੇਗਾ ਅਤੇ ਉਸ ਨੂੰ ਬਣਦਾ ਇਨਾਮ ਵੀ
ਦਿੱਤਾ ਜਾਵੇਗਾ, ਨਸ਼ਿਆਂ ਦੀ ਜੰਗ ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਲੜੀ ਜਾ ਸਕਦੀ ।
ਉਨ੍ਹਾਂ ਅੱਜ ਸਮਾਜ ਸੇਵੀ ਸੰਸਥਾਵਾਂ ਅਤੇ ਸਕੂਲ ਮੈਨੇਜਮੈਂਟ ਨਾਲ ਮੀਟਿੰਗ ਦੋਰਾਨ ਬੇਨਤੀ
ਕੀਤੀ ਕਿ ਅੱਜ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਸਮਾਜ ਵਿਰੋਧੀ ਅਲਾਮਤਾਂ ਤੋਂ
ਜਾਗਰੂਕ ਕਰਨ ਲਈ ਪਿੰਡ – ਪਿੰਡ ਖਾਸ ਤੌਰ ਤੇ ਵਿੱਦਿਅਕ ਸੰਸਥਾਵਾਂ ਵਿੱਚ ਜਾਗਰੂਕਤਾ ਕੈਂਪ
ਲਾਏ ਜਾਣੇ ਚਾਹੀਦੇ ਹਨ । ਮੈਂ ਅਤੇ ਮੇਰਾ ਸਟਾਫ ਦਿਨ ਰਾਤ ਇਲਾਕੇ ਦੀ ਸੇਵਾ ਵਿੱਚ ਹਾਜ਼ਰ
ਹੋਵਾਂਗੇ । ਉਨ੍ਹਾਂ ਜ਼ਰੂਰਤ ਪੈਣ ਤੇ ਇਲਾਕਾ ਨਿਵਾਸੀਆਂ ਨੂੰ ਆਪਣੇ ਪਰਸਨਲ ਨੰਬਰ ਤੇ ਵੀ ਘੰਟੀ
ਕਰਨ ਲੲੀ ਕਿਹਾ । ਸਾਡੇ ਵੱਲੋਂ ਇਲਾਕੇ ਨੂੰ ਨਸ਼ਾ ਮੁਕਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ
। ਨਸ਼ਾ ਤਸਕਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਨਸ਼ਾ ਕਰਨ ਵਾਲੇ ਜਾਂ
ਵੇਚਣ ਵਾਲੇ ਵਿਅਕਤੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਗੇ ਅਤੇ ਨਾ ਹੀ ਉਨ੍ਹਾਂ
ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਜਾਵੇਗਾ ।ਇਸ ਮੌਕੇ ਉਨ੍ਹਾਂ ਨਾਲ ਏਐੱਸਆਈ ਦਰਸ਼ਨ ਸਿੰਘ, ਏਐੱਸ
ਆਈ ਹਰਮੀਤ ਸਿੰਘ , ਏਐੱਸਆਈ ਜਸਪਾਲ ਸਿੰਘ, ਮੁਨਸ਼ੀ ਕਰਨੈਲ ਸਿੰਘ ਲੱਡੀ, ਨਿਰਮਲ ਸਿੰਘ ਤੋਂ
ਇਲਾਵਾ ਹੋਰ ਮੁਲਾਜ਼ਮ ਵੀ ਹਾਜ਼ਿਰ ਸਨ।