ਮਾਨਸਾ , 29 ਮਾਰਚ ( ਤਰਸੇਮ ਸਿੰਘ ਫਰੰਡ ) ਸਾਰਡ (ਸੋਸਾਇਟੀ ਫਾਰ ਆਲ ਰਾਊਂਡ ਡਿਵੈਲਪਮੈਂਟ)
ਅਤੇ ਸੇਵ ਦਾ ਚਿਲਡਰਨ ਸੰਸਥਾ ਵੱਲੋਂ ਮਾਨਸਾ ਜ਼ਿਲ੍ਹੇ ਅੰਦਰ ਬਾਲ ਅਧਿਕਾਰਾਂ ਨੂੰ ਮਜ਼ਬੂਤੀ
ਪ੍ਰਦਾਨ ਕਰਨ ਲਈ 2014 ਤੋਂ ਸ਼ੁਰੂ ਕੀਤੀ ਗਈ ਪਰਿਯੋਜਨਾ ਦੀ ਸਮਾਪਤੀ ’ਤੇ ਇੱਕ ਸਮਾਗਮ
ਰੋਮਾਂਜ਼ਾ ਇਨ ਹੋਟਲ ਮਾਨਸਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਹਾਇਕ
ਕਮਿਸ਼ਨਰ (ਜ) ਸ਼੍ਰੀ ਓਮ ਪ੍ਰਕਾਸ਼ ਜੀ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ
ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਮਾਪਿਆਂ ਨੂੰ ਸ਼ੁਰੂ ਤੋਂ ਹੀ ਬੱਚਿਆਂ ਨੂੰ ਉਨ੍ਹਾਂ ਦੇ
ਅਧਿਕਾਰਾਂ ਪ੍ਰਤੀ ਜਾਣੂ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਰਡ ਅਤੇ ਸੇਵ ਦਾ
ਚਿਲਡਰਨ ਸੰਸਥਾ ਵੱਲੋਂ ਪਿੰਡ—ਪਿੰਡ ਜਾ ਕੇ ਲੋਕਾਂ ਨੂੰ ਬੱਚਿਆਂ ਦੇ ਅਧਿਕਾਰਾਂ ਪ੍ਰਤੀ
ਜਾਗਰੂਕ ਕੀਤਾ ਗਿਆ, ਜੋ ਕਿ ਇਕ ਬਹੁਤ ਹੀ ਸ਼ਲਾਘਾਯੋਗ ਕੰਮ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਬੱਚਿਆਂ ਉਪਰ
ਵੱਧ ਰਹੇ ਅਪਰਾਧਾਂ ਨੂੰ ਰੋਕਣ ਲਈ ਮਾਤਾ—ਪਿਤਾ ਤੋਂ ਇਲਾਵਾ ਸਮਾਜ ਨੂੰ ਵੀ ਆਪਣੀ ਜ਼ਿੰਮੇਵਾਰੀ
ਸਮਝਣੀ ਚਾਹੀਦੀ ਹੈ ਅਤੇ ਸੰਸਥਾ ਵੱਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਪਿਛਲੇ 4 ਸਾਲਾਂ ਤੋਂ
ਬੱਚਿਆਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਮੁੱਦਿਆਂ ’ਤੇ ਵਿਸਥਾਰ ਪੂਰਵਕ
ਜਾਣਕਾਰੀ ਦਿੱਤੀ ਗਈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੀ ਸਾਰਿਆਂ ਦੀ
ਜ਼ਿੰਮੇਵਾਰੀ ਬਣਦੀ ਹੈ ਕਿ ਅੱਗੇ ਅਸੀਂ ਵੀ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਜਾਣੂ
ਕਰਵਾਉਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਈਏ।
ਇਸ ਮੌਕੇ ਜ਼ਿਲ੍ਹਾ ਅਫ਼ਸਰ ਸੇਵ ਦਾ ਚਿਲਡਰਨ ਸ਼੍ਰੀ ਦੀਪੇਂਦਰ ਸਿੰਘ ਤੋਮਰ ਨੇ ਕਿਹਾ ਕਿ
ਇਸ ਸਾਰੇ ਕੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਦਾ ਸਿਹਰਾ ਪਿੰਡ ਪੱਧਰੀ ਬਾਲ ਸੁਰੱਖਿਆ
ਕਮੇਟੀਆਂ ਅਤੇ ਬੱਚਿਆਂ ਦੇ ਗਰੁੱਪਾਂ ਨੂੰ ਜਾਂਦਾ ਹੈ, ਜਿਨ੍ਹਾ ਨੇ ਇਸ ਕੰਮ ਵਿੱਚ ਸਾਡਾ ਪੂਰਾ
ਸਹਿਯੋਗ ਕੀਤਾ। ਉਨ੍ਹਾਂ ਨਾਲ ਹੀ ਜ਼ਿਲਾ ਪ੍ਰਸ਼ਾਸ਼ਨ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦਾ ਪੂਰਣ
ਸਹਿਯੋਗ ਇਸ ਪ੍ਰੋਗਰਾਮ ਨੂੰ ਸਫਲ ਕਰਨ ਵਿੱਚ ਮਿਲਿਆ। ਪ੍ਰੋਜੈਕਟ ਮੈਨੇਜ਼ਰ ਸਾਰਡ ਸ਼੍ਰੀ ਕਮਲਦੀਪ
ਸਿੰਘ ਵੱਲੋਂ ਪਿਛਲੇ 4 ਸਾਲਾਂ ਦੇ ਹੋਏ ਕੰਮਾਂ ਦੇ ਵੇਰਵੇ ਨੂੰ ਇੱਕ ਡਾਕੂਮੈਂਟਰੀ ਰਾਹੀਂ
ਪ੍ਰੋਜੈਕਟਰ ਨਾਲ ਇਸ ਸਮਾਪਨ ਸਮਾਰੋਹ ਵਿੱਚ ਪਹੁੰਚੇ ਪਤਵੰਤਿਆਂ ਸਾਹਮਣੇ ਪੇਸ਼ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੱਚਿਆਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਉਣ ਵਿੱਚ ਜਿਨ੍ਹਾਂ ਵੀ
ਵਿਅਕਤੀਆਂ, ਕਮੇਟੀਆਂ ਅਤੇ ਗੁਰੁੱਪਾਂ ਨੇ ਸਹਿਯੋਗ ਕੀਤਾ ਹੈ, ਉਹ ਸਾਰੇ ਹੀ ਵਧਾਈ ਦੇ ਪਾਤਰ
ਹਨ। ਇਸ ਮੌਕੇ ਬੱਚਿਆਂ ਵੱਲੋਂ ਸਮਾਜਿਕ ਕੁਰੀਤੀਆਂ ਨੂੰ ਰੋਕਣ ਦੇ ਵਿਸ਼ੇ ’ਤੇ ਨਾਟਕ, ਭਾਸ਼ਣ,
ਗਿੱਧਾ, ਭੰਗੜਾ, ਗੀਤਾਂ ਰਾਹੀਂ ਜਾਗਰੂਕ ਕੀਤਾ ਗਿਆ।