ਮਾਨਸਾ ( ਤਰਸੇਮ ਸਿੰਘ ਫਰੰਡ ) ਬਹੁਜਨ ਸਮਾਜ ਪਾਰਟੀ ਪੰਜਾਬ ਦੀ ਹਾਈ ਕਮਾਂਡ ਦੇ ਦਿਸ਼ਾ
ਨਿਰਦੇਸ਼ਾਂ ਅਨੁਸਾਰ ਸਮੁੱਚੇ ਪੰਜਾਬ ਵਿੱਚ ਪਾਰਟੀ ਵੱਲੋਂ ਐਸ.ਸੀ./ਐਸ.ਟੀ. ਐਟਰੋਸਿਟੀ ਐਕਟ
1989 ਨਾਲ ਕੀਤੀ ਗਈ ਛੇੜਛਾੜ ਅਤੇ ਪੂਰੇ ਦੇਸ਼ ਵਿੱਚ ਦਲਿੱਤਾ, ਪਛੜਿਆਂ ਅਤੇ ਘੱਟ ਗਿਣਤੀ ਨਾਲ
ਹੋਰ ਰਹੀਆਂ ਜਿਅਦਤੀਆਂ ਸੰਬੰਧੀ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।
ਇਸੇ ਕੜੀ ਤਹਿਤ ਅੱਜ ਜ਼ਿਲ੍ਹਾ ਇਕਾਈ ਮਾਨਸਾ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਮੋਦੀ
ਸਰਕਾਰ ਵਿਰੁੱਧ ਰੋਸ ਧਰਨਾ ਦੇ ਕੇ ਜੋਰਦਾਰ ਨਾਅਰੇਬਾਜੀ ਕਰਨ ਤੋਂ ਇਲਾਵਾ ਤਹਿਸੀਲਦਾਰ ਮਾਨਸਾ
ਨੂੰ ਰਾਜਪਾਲ ਪੰਜਾਬ ਦੇ ਨਾਂ ਮੰਗ ਪੱਤਰ ਵੀ ਦਿੱਤਾ ਗਿਆ। ਇਸ ਸਮੇਂ ਧਰਨਾਕਾਰੀਆਂ ਨੂੰ
ਸੰਬੋਧਨ ਕਰਦਿਆਂ ਬਸਪਾ ਆਗੂਆਂ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ
ਰਚਿੱਤ ਸੰਵਿਧਾਨ ਨਾਲ ਛੇੜਛਾੜ ਡੂੰਘੀ ਸਾਜਿਸ਼ ਦਾ ਹਿੱਸਾ ਹੈ ਜਿਸ ਨੂੰ ਸਮੁੱਚੇ ਸਮਾਜ ਵੱਲੋਂ
ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਦੇ ਹੋਂਦ ਵਿੱਚ
ਆਉਂਦਿਆਂ ਹੀ ਸਮੁੱਚੇ ਭਾਰਤ ਵਿੱਚ ਦਲਿੱਤਾਂ, ਪੱਛੜਿਆਂ ਅਤੇ ਘੱਟ ਗਿਣਤੀਆਂ ਤੇ ਅੱਤਿਆਚਾਰਾਂ
ਦੇ ਗ੍ਰਾਫ ਵਿੱਚ ਵੱਡੇ ਪੱਧਰ ਤੇ ਇਜਾਫਾ ਹੋਇਆ ਹੈ। ਉਹਨਾਂ ਸਮੁੱਚੇ ਸਮਾਜ ਨੂੰ ਇਸ ਬੇਇਨਸਾਫੀ
ਵਿਰੁੱਧ ਇੱਕ ਸੂਤਰ ਵਿੱਚ ਬੱਝਣ ਦਾ ਸੱਦਾ ਵੀ ਦਿੱਤਾ। ਜ਼ਿਲ੍ਹਾ ਪ੍ਰਧਾਨ ਰਜਿੰਦਰ ਭੀਖੀ ਨੇ
ਐਸ.ਸੀ./ਐਸ.ਟੀ. ਐਕਟ ਨਾਲ ਛੇੜਛਾੜ ਕਰਕੇ ਇਸਨੂੰ ਨਰਮ ਕਰਨ ਨਾਲ ਸਮਾਜ ਉੱਤੇ ਪੈਣ ਵਾਲੇ ਦੁਰ
ਪ੍ਰਭਾਵਾਂ ਦੀ ਵਿਸਥਾਰ ਸਹਿਤ ਵਿਆਖਿਆ ਕੀਤੀ। ਇਸ ਤੋਂ ਇਲਾਵਾ ਪਾਰਟੀ ਵੱਲੋਂ ਭਵਿੱਖ ਵਿੱਚ
ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਸੁਚੇਤ ਰਹਿਣ ਤੋਂ ਇਲਾਵਾ ਇਨ੍ਹਾਂ ਨੂੰ ਹੂ—ਬ—ਹੂ ਲਾਗੂ
ਕਰਨ ਦੀ ਤਤਪਰ ਰਹਿਣ ਲਈ ਵੀ ਕਿਹਾ। ਦੋ ਅਪ੍ਰੈਲ ਦੇ ਭਾਰਤ ਬੰਦ ਸੰਬੰਧੀ ਆਗੂਆਂ ਨੇ ਸਪੱਸ਼ਟ
ਕੀਤਾ ਕਿ ਪਾਰਟੀ ਹਾਈ ਕਮਾਂਡ ਵੱਲੋਂ ਬੰਦ ਵਿੱਚ ਸ਼ਾਮਿਲ ਹੋਣ ਸਬੰੰਧੀ ਅੱਜ ਤੱਕ ਕੋਈ ਸੱਦਾ
ਨਹੀਂ ਹੈ।