ਜੰਡਿਆਲਾ ਗੁਰੂ 31 ਮਾਰਚ ਵਰਿੰਦਰ ਸਿੰਘ :- ਪਹਿਲਾਂ ਹੀ ਸਿੱਖ ਪੰਥ ਕਈ ਮੁਸੀਬਤਾਂ ਵਿਚੋਂ
ਨਿਕਲ ਰਿਹਾ ਹੈ ਅਤੇ ਸਾਫ ਸੁਥਰੇ ਖਾਲਸਾ ਪੰਥ ਵਿਚ ਕਈ ਘੁਸਪੈਠੀਏ ਸ਼ਾਮਿਲ ਹੋਕੇ ਪੰਥ ਨੂੰ
ਖੇਰੂੰ ਖੇਰੂੰ ਕਰਨ ਵਿਚ ਲੱਗੇ ਹੋਏ ਹਨ । ਅਜਿਹੀ ਹੀ ਇਕ ਉਦਾਰਹਨ ਅੱਜ ਕਲ੍ਹ ਜੰਡਿਆਲਾ ਗੁਰੂ
ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਨਾਈਆਂ ਦੀ ਦੁਕਾਨ ਤੇ ਜਾਕੇ ਦਾੜੀ ਮੁੱਛ ਕਟਵਾਕੇ
ਕੇਸਾਂ ਦਾ ਕਤਲ ਕਰਨ ਵਾਲੇ ਹੁਣ ਪੰਥ ਦੀ ਸੇਵਾ ਕਰਨਗੇ ? ਬੀਤੇ ਕੱਲ੍ਹ ਜੰਡਿਆਲਾ ਗੁਰੂ ਇਕ
ਸਮਾਗਮ ਦੋਰਾਨ ਇੰਟਰਨੈਸ਼ਨਲ ਪੰਥਕ ਦਲ ਦੇ ਆਏ ਹੋਏ ਆਗੂਆਂ ਵਲੋਂ ਜੰਡਿਆਲਾ ਗੁਰੂ ਦੇ ਇਕ ਪਤਿਤ
ਵਿਅਕਤੀ ਨੂੰ ਧਾਰਮਿਕ ਅਸਥਾਨ ਤੇ ਸਿਰਪਾਉ ਪਾਕੇ ਉਸਨੂੰ ਅਹੁਦਾ ਦੇ ਦਿੱਤਾ । ਸ਼ੋਸ਼ਲ ਮੀਡੀਆ ਤੇ
ਖਬਰ ਆਉਣ ਤੋਂ ਬਾਅਦ ਪੰਥਕ ਹਲਕਿਆਂ ਵਿਚ ਇਹ ਖਬਰ ਅੱਗ ਦੇ ਭਾਂਬੜ ਵਾਂਗ ਮੱਚ ਗਈ ਕਿ ਕੀ ਹੁਣ
ਅਜਿਹੇ ਵਿਅਕਤੀ ਪੰਥ ਦੀ ਸੇਵਾ ਕਰਨਗੇ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਆਪਣੇ
ਆਪ ਨੂੰ ਸੰਪੂਰਨ ਨਹੀਂ ਰੱਖ ਸਕੇ । ਸ਼ਹਿਰ ਦੀਆਂ ਵੱਖ ਵੱਖ ਨੁਕੜਾ ਵਿਚ ਇਹ ਚਰਚਾ ਰਹੀ ਕਿ
ਆਈਆਂ ਹੋਈਆਂ ਪੰਥਕ ਸ਼ਖ਼ਸੀਅਤਾਂ ਨੇ ਇਕ ਧਾਰਮਿਕ ਅਸਥਾਨ ਤੇ ਕਿਵੇਂ ਇਕ ਪਤਿਤ ਵਿਅਕਤੀ ਨੂੰ
ਗੁਰੂ ਸਾਹਿਬ ਦੀ ਹਜੂਰੀ ਵਿੱਚ ਸਿਰਪਾਉ ਦੇ ਦਿਤਾ । ਇਸ ਸਬੰਧੀ ਪੰਥਕ ਇੰਟਰਨੈਸ਼ਨਲ ਦਲ ਦੇ ਇਕ
ਆਗੂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਉਪਰੋਕਤ ਵਿਅਕਤੀ ਵਲੋਂ ਜ਼ੁਬਾਨੀ ਕਬਾਨੀ
ਭਰੋਸਾ ਦਿੱਤਾ ਹੈ ਕਿ ਉਹ ਹੁਣ ਕੇਸ ਕਤਲ ਨਹੀਂ ਕਰਵਾਇਆ ਕਰੇਗਾ । ਇਥੇ ਇਹ ਇਹ ਦੱਸਣਯੋਗ ਹੈ
ਇਸ ਪਤਿਤ ਵਿਅਕਤੀ ਦਾ ਬਾਕੀ ਸਾਰਾ ਪਰਿਵਾਰ ਨਿਰੋਲ ਧਾਰਮਿਕ ਹੈ ਅਤੇ ਇਸਦੇ ਪਿਤਾ ਜੀ ਪਾਠੀ
ਸਿੰਘਾਂ ਵਿਚ ਸੇਵਾ ਕਰਦੇ ਹਨ । ਇਸ ਗੱਲ ਨੂੰ ਕਿਵੇਂ ਨਕਾਰਿਆ ਜਾ ਸਕਦਾ ਹੈ ਜੋ ਵਿਅਕਤੀ
ਹੈਕਰਬਾਜ਼ੀ ਵਿਚ ਖਾਲਸਾ ਪੰਥ ਅਤੇ ਆਪਣੇ ਪਰਿਵਾਰ ਨਾਲ ਨਹੀਂ ਚੱਲ ਸਕਿਆ ਉਹ ਹੁਣ ਕਿਵੇਂ ਇਕ
ਅਹੁਦੇ ਦੀ ਖਾਤਿਰ ਸਿੱਖੀ ਵਿੱਚ ਵਾਪਿਸ ਆ ਜਾਵੇਗਾ । ਇਹ ਵੀ ਪਤਾ ਲੱਗਾ ਹੈ ਇਹ ਵਿਅਕਤੀ ਆਪਣੇ
ਆਪ ਨੂੰ ਸੀਨੀਅਰ ਪੱਤਰਕਾਰ ਦੱਸਦਾ ਹੈ । ਸਿੱਖ ਹਲਕਿਆਂ ਵਿਚ ਮੰਗ ਕੀਤੀ ਜਾ ਰਹੀ ਹੈ ਕਿ ਜਾਂ
ਤਾਂ ਇਸ ਵਿਅਕਤੀ ਨੂੰ ਤੁਰੰਤ ਅੰਮ੍ਰਿਤ ਛਕਾਕੇ ਸਾਬਿਤ ਸੂਰਤ ਬਣਾਇਆ ਜਾਵੇ ਜਾਂ ਫਿਰ ਇਸਨੂੰ
ਪੰਥਕ ਅਹੁਦੇ ਤੋਂ ਫਾਰਗ ਕੀਤਾ ਜਾਵੇ ।