ਬਠਿੰਡਾ 7 ਅਪ੍ਰੈਲ ( ਦਲਜੀਤ ਸਿੰਘ ਸਿਧਾਣਾ ) “ਵਿਧਾਨ ਦੇ ਅਨੁਸਾਰ ਸਭ ਕੌਮਾਂ, ਵਰਗਾਂ ਨੂੰ
ਬੇਸ਼ੱਕ ਜਮਹੂਰੀਅਤ ਅਤੇ ਅਮਨਮਈ ਤਰੀਕੇ ਹਰ ਤਰ੍ਹਾਂ ਦੇ ਰੋਸ ਵਿਖਾਵੇ, ਧਰਨੇ, ਰੈਲੀਆ ਕਰਨ ਦਾ
ਵਿਧਾਨਿਕ ਹੱਕ ਪ੍ਰਾਪਤ ਹੈ । ਪਰ ਜਰਨਲ ਕੈਟਾਗਿਰੀ ਵੱਲੋਂ ਜੋ 10 ਅਪ੍ਰੈਲ ਨੂੰ ਬੰਦ ਦਾ ਸੱਦਾ
ਦਿੱਤਾ ਗਿਆ ਹੈ, ਜੇਕਰ ਬੰਦ ਕਰਨ ਵਾਲੀ ਧਿਰ ਨੇ ਐਸ.ਸੀ, ਐਸ.ਟੀ, ਕਬੀਲੇ, ਗਰੀਬਾਂ,
ਮਜ਼ਲੂਮਾਂ, ਰੰਘਰੇਟਿਆ, ਘੱਟ ਗਿਣਤੀ ਕੌਮਾਂ ਆਦਿ ਦੇ ਘਰਾਂ ਜਾਂ ਕਾਰੋਬਾਰਾਂ ਆਦਿ ਨੂੰ
ਹੁਲੜਬਾਜੀ ਅਧੀਨ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਣ ਦੀ ਸਾਜਿ਼ਸ ਤੇ ਅਮਲ ਕੀਤਾ ਤਾਂ ਭਾਰਤੀ
ਮੁਕਤੀ ਪਾਰਟੀ, ਬਾਮਸੇਫ਼, ਮੁਸਲਿਮ ਪਰਸਨਲ ਲਾਅ ਬੋਰਡ, ਘੱਟ ਗਿਣਤੀ ਕੌਮਾਂ, ਦਲਿਤ, ਰੰਘਰੇਟੇ
ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੀ ਕਿਸੇ ਵੀ ਗੈਰ-ਕਾਨੂੰਨੀ ਹੁਲੜਵਾਦੀ ਨੂੰ
ਨਹੀਂ ਹੋਣ ਦੇਵੇਗਾ ਅਤੇ ਨਾ ਹੀ ਉਨ੍ਹਾਂ ਵੱਲੋਂ ਜ਼ਬਰੀ ਦੁਕਾਨਾਂ ਤੇ ਕਾਰੋਬਾਰ ਬੰਦ ਕਰਨ ਦੀ
ਗੱਲ ਨੂੰ ਸਹਿਣ ਕਰੇਗਾ । ਇਸ ਮਕਸਦ ਦੀ ਪ੍ਰਾਪਤੀ ਲਈ ਉਪਰੋਕਤ ਸਭ ਵਰਗ ਸਾਂਝੇ ਤੌਰ ਤੇ ਸੁਚੇਤ
ਵੀ ਰਹਿਣ ਅਤੇ ਕਿਸੇ ਵੀ ਬੰਦ ਕਰਨ ਵਾਲੀ ਧਿਰ ਦੀ ਹੁਲੜਬਾਜੀ ਨੂੰ ਸਹਿਣ ਨਾ ਕਰਨ ।”
ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
ਨੇ ਸਮੁੱਚੀਆਂ ਘੱਟ ਗਿਣਤੀ ਕੌਮਾਂ ਭਾਰਤੀ ਮੁਕਤੀ ਪਾਰਟੀ, ਬਾਮਸੇਫ਼, ਮੁਸਲਿਮ ਪਰਸਨਲ ਲਾਅ
ਬੋਰਡ ਦੇ ਬਿਨ੍ਹਾਂ ਤੇ 10 ਅਪ੍ਰੈਲ ਨੂੰ ਬੰਦ ਕਰਨ ਵਾਲੀਆ ਜਰਨਲ ਕੈਟਾਗਿਰੀ ਧਿਰਾਂ ਨੂੰ ਕਿਸੇ
ਤਰ੍ਹਾਂ ਦੀ ਵੀ ਹੁਲੜਬਾਜੀ ਆਦਿ ਤੋਂ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ
ਕਿਉਂਕਿ ਸਿੱਖ ਧਰਮ ਅਤੇ ਸਿੱਖ ਗੁਰੂ ਸਾਹਿਬਾਨ ਸਾਨੂੰ ਹਰ ਤਰ੍ਹਾਂ ਦੇ ਜਾਤ-ਪਾਤ,
ਅਮੀਰ-ਗਰੀਬ, ਊਚ-ਨੀਚ ਦੇ ਸਮਾਜਿਕ ਵਿਤਕਰੇ ਤੋਂ ਉਪਰ ਉੱਠਕੇ ‘ਸਰਬੱਤ ਦੇ ਭਲੇ’ ਦੀ ਸੋਚ ਅਧੀਨ
ਸਮੁੱਚੀ ਮਨੁੱਖਤਾ ਦੀ ਬਿਹਤਰੀ ਕਰਨ ਅਤੇ ਸਭ ਲੋੜਵੰਦਾਂ, ਗਰੀਬਾਂ, ਮਜ਼ਲੂਮਾਂ ਆਦਿ ਉਤੇ ਹੋਣ
ਵਾਲੇ ਜ਼ਬਰ-ਜੁਲਮ ਨੂੰ ਨਾ ਸਹਿਣ ਅਤੇ ਉਨ੍ਹਾਂ ਦੀ ਹਰ ਪੱਖੋ ਮਦਦ ਕਰਨ ਦੀ ਹਦਾਇਤ ਕਰਦਾ ਹੈ
ਤਾਂ ਕਿ ਹਰ ਵਰਗ ਨੂੰ ਬਰਾਬਰਤਾ ਦੇ ਆਧਾਰ ਤੇ ਹੱਕ ਵੀ ਪ੍ਰਾਪਤ ਹੋਣ ਅਤੇ ਇਕ-ਦੂਸਰੇ ਦਾ
ਸਤਿਕਾਰ ਵੀ ਕਾਇਮ ਰਹਿ ਸਕੇ । ਇਸੇ ਸੋਚ ਅਧੀਨ ਭਾਰਤੀ ਮੁਕਤੀ ਪਾਰਟੀ, ਬਾਮਸੇਫ, ਸਮੁੱਚੀਆਂ
ਘੱਟ ਗਿਣਤੀ ਕੌਮਾਂ, ਮੁਸਲਿਮ ਪਰਸਨਲ ਲਾਅ ਬੋਰਡ ਅਤੇ ਇਸਾਈ ਕੌਮ ਨਾਲ ਸੰਬੰਧਤ ਕ੍ਰਿਸਚਿਨ
ਫਰੰਟ ਅਤੇ ਕਬੀਲਿਆ ਨੇ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਜਿਥੇ ਆਪਣੇ ਹੱਕ-ਹਕੂਕ ਪ੍ਰਾਪਤ ਕਰਨ
ਦਾ ਪ੍ਰਣ ਕੀਤਾ ਹੈ, ਉਥੇ ਹਰ ਤਰ੍ਹਾਂ ਦਾ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਨੂੰ ਵੀ ਸਹਿਣ ਨਾ
ਕਰਨ ਦਾ ਦ੍ਰਿੜ ਇਰਾਦਾ ਕੀਤਾ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਉਪਰੋਕਤ
ਸਮੁੱਚਾ ਫਰੰਟ ਸਭ ਵਰਗਾਂ ਦੇ ਕਾਰੋਬਾਰਾਂ, ਧੰਦਿਆਂ, ਦੁਕਾਨਾਂ ਆਦਿ ਨੂੰ ਬਿਨ੍ਹਾਂ ਕਿਸੇ
ਡਰ-ਭੈ ਦੇ ਖੋਲਕੇ ਰੱਖਣ ਦੀ ਜਿਥੇ ਅਪੀਲ ਕਰਦਾ ਹੈ, ਉਥੇ ਜਿਸ ਟਰਾਸਪੋਰਟ ਦਾ ਕਿੱਤਾ
ਜਿ਼ੰਮੀਦਾਰਾਂ ਕੋਲ ਹੈ, ਉਸਨੂੰ ਵੱਡੇ-ਵੱਡੇ ਸੇਠਾ, ਉਦਯੋਗਪਤੀਆਂ, ਹਿੰਦੂਤਵ ਹੁਕਮਰਾਨਾਂ ਅਤੇ
ਫਿਰਕੂ ਆਗੂਆਂ ਨੇ ਠੱਪ ਕਰ ਦਿੱਤਾ ਹੈ, ਖੇਤੀ ਦਾ ਧੰਦਾ ਪਹਿਲੋ ਹੀ ਇਨ੍ਹਾਂ ਦੀਆਂ ਗਲਤ ਅਤੇ
ਦਿਸ਼ਾਹੀਣ ਨੀਤੀਆ ਦੀ ਬਦੌਲਤ ਘਾਟੇ ਦਾ ਸੌਦਾ ਬਣਕੇ ਰਹਿ ਗਿਆ ਹੈ ਅਤੇ ਇਹ ਜਰਨਲ ਕੈਟਾਗਿਰੀ
ਵਾਲੇ ਹੁਕਮਰਾਨ ਹੁਣ ਅਜਿਹੇ ਬੰਦ ਦਾ ਸੱਦਾ ਦੇ ਕੇ ਉਪਰੋਕਤ ਵਰਗਾਂ ਤੇ ਘੱਟ ਗਿਣਤੀ ਕੌਮਾਂ
ਨੂੰ ਮੰਦਭਾਵਨਾ ਭਰੀ ਸੋਚ ਅਧੀਨ ਡਰਾਉਣਾ ਤੇ ਧਮਕਾਉਣਾ ਚਾਹੁੰਦੇ ਹਨ ਅਤੇ ਹੁਲੜਬਾਜੀ ਕਰਕੇ
ਇਨ੍ਹਾਂ ਵਰਗਾਂ ਦੇ ਕਾਰੋਬਾਰਾਂ, ਦੁਕਾਨਾਂ, ਟਰਾਸਪੋਰਟਾਂ ਨੂੰ ਅਗਨ ਭੇਟ ਕਰਕੇ ਦਹਿਸਤ
ਫੈਲਾਉਣ ਦੇ ਨਾਲ-ਨਾਲ ਮਾਲੀ ਤੌਰ ਤੇ ਕੰਮਜੋਰ ਕਰਨਾ ਚਾਹੁੰਦੇ ਹਨ । ਜਿਸ ਵਿਚ ਉਪਰੋਕਤ ਵਰਗ
ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨ੍ਹਾਂ ਨੂੰ ਬਿਲਕੁਲ ਕਾਮਯਾਬ ਨਹੀਂ ਹੋਣ ਦੇਵੇਗਾ
। ਜੇਕਰ ਹੁਕਮਰਾਨਾਂ ਨੇ ਇਸ ਜਰਨਲ ਕੈਟਾਗਿਰੀ ਦੇ ਦਿੱਤੇ ਬੰਦ ਦੇ ਸੱਦੇ ਨੂੰ ਸਹਿਯੋਗ ਕਰਦੇ
ਹੋਏ ਕੋਈ ਜ਼ਬਰ-ਜੁਲਮ ਕੀਤਾ ਤਾਂ ਘੱਟ ਗਿਣਤੀ ਕੌਮਾਂ ਉਸ ਨੂੰ ਬਿਲਕੁਲ ਬਰਦਾਸਤ ਨਹੀਂ ਕਰਨਗੀਆ
ਅਤੇ ਹੋਣ ਵਾਲੀ ਹੁਲੜਬਾਜੀ ਦੇ ਨੁਕਸਾਨ ਲਈ ਇਹ ਜਰਨਲ ਕੈਟਾਗਿਰੀ ਅਤੇ ਹੁਕਮਰਾਨ ਜਿ਼ੰਮੇਵਾਰ
ਹੋਣਗੇ, ਨਾ ਕਿ ਘੱਟ ਗਿਣਤੀ ਕੌਮਾਂ ਅਤੇ ਉਪਰੋਕਤ ਵਰਗ ।