ਅੰਮ੍ਰਿਤਸਰ 16 ਅਪ੍ਰੈਲ ( ) ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
ਨੇ ਕਿਹਾ ਕਿ ਭਾਰਤੀ ਨਿਜ਼ਾਮ ਇਸਤਰੀ ਵਰਗ ਨੂੰ ਸੁਰੱਖਿਆ ਪ੍ਰਦਾਨ ਕਰਨ ‘ਚ ਦਿਨੋ ਦਿਨ ਨਾਕਾਮ
ਹੋ ਰਿਹਾ ਹੈ। ਔਰਤ ਜਾਤੀ ਦੇ ਮਨ ਵਿਚੋਂ ਅਸੁਰੱਖਿਆ ਦੀ ਭਾਵਨਾ ਅਤੇ ਖ਼ੌਫ਼ ਨੂੰ ਦੂਰ ਕਰਨ ਲਈ
ਮਾਨਯੋਗ ਸੁਪਰੀਮ ਕੋਰਟ ਨੂੰ ਸਿਧਾ ਦਖ਼ਲ ਦੇਣ ਲਈ ਅਗੇ ਆਉਣਾ ਚਾਹੀਦਾ ਹੈ ਅਤੇ ਸੀਮਤ ਸਮੇਂ ‘ਚ
ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣ ਅਤੇ ਅਪਰਾਧੀਆਂ ਨੂੰ ਸਖ਼ਤ ਤੇ ਮਿਸਾਲੀ ਸਜਾਵਾਂ ਦੇਣ ਪ੍ਰਤੀ
ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ।
ਬਾਬਾ ਹਰਨਾਮ ਸਿੰਘ ਖ਼ਾਲਸਾ ਅਜ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਦੇ ਗ੍ਰਹਿ
ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਦੇਸ਼ ‘ਚ ਔਰਤਾਂ ਪ੍ਰਤੀ ਵਧ
ਰਹੀ ਹਿੰਸਾ, ਸਰੀਰਕ ਸ਼ੋਸ਼ਣ, ਬਲਾਤਕਾਰ ਅਤੇ ਹਤਿਆ ਵਰਗੇ ਦਿਲ ਕੰਬਾਊ ਮਾਮਲੇ ਚਿੰਤਾ ਦਾ ਵਿਸ਼ਾ
ਹਨ। ਉਨ੍ਹਾਂ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਨਾਲ ਸੰਬੰਧਿਤ ਪਿੰਡ ਰਸਨਾ ‘ਚ ਮਾਸੂਮ ਬਚੀ ਨਾਲ
ਦਰਿੰਦਗੀ ਉਪਰੰਤ ਹਤਿਆ ਕਰ ਦੇਣ ਅਤੇ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਉਨਾਓ ‘ਚ ਇਕ ਨਾਬਾਲਗ ਲੜਕੀ
ਨੂੰ ਸਮੂਹਿਕ ਤੌਰ ‘ਤੇ ਬੇਆਬਰੂ ਕਰਨ ਦੀਆਂ ਹਿਰਦੇਵੇਧਕ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿਚ
ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਉਕਤ ਦਰਿੰਦਗੀ ਦੀਆਂ
ਘਟਨਾਵਾਂ ਤੇ ਵਾਰਦਾਤਾਂ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰਖ ਦਿਤਾ ਹੈ। ਉਨ੍ਹਾਂ ਕਿਹਾ ਕਿ ਦੇਸ਼
ਦੀਆਂ ਬੇਟੀਆਂ ਨੂੰ ਹਰ ਹਾਲ ‘ਚ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ
ਮਿਸਾਲੀ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ। ਇਸ ਮੌਕੇ ਸੰਜੀਦਾ ਪੰਥਕ ਵਿਚਾਰਾਂ ਕਰਨ ਉਪਰੰਤ
ਕੌਮ ਪ੍ਰਤੀ ਵਡਮੁੱਲੀਆਂ ਸੇਵਾਵਾਂ ਬਦਲੇ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ ਭਾਈ ਰਜਿੰਦਰ ਸਿੰਘ
ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ( ਤਿੰਨੇ ਮੈਂਬਰ
ਸ਼੍ਰੋਮਣੀ ਕਮੇਟੀ) ਐਡਵੋਕੇਟ ਮਹਿੰਦਰ ਸਿੰਘ ਗਿੱਲ, ਸ਼੍ਰੋਮਣੀ ਕਮੇਟੀ ਮੀਤ ਸਕੱਤਰ ਵਿਜੈ ਸਿੰਘ
ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੱਲੋਂ ਸਨਮਾਨਿਤ ਕੀਤਾ ਗਿਆ।