ਮਾਨਸਾ 7 ਮਈ ( ਤਰਸੇਮ ਸਿੰਘ ਫਰੰਡ ) ਨਰਮੇ ਦੀ ਬਿਜਾਈ ਸਮੇੇਂ ਖੇਤੀ ਮੋਟਰਾਂ ਲਈ ਕਿਸਾਨਾਂ
ਨੂੰ ਪੂਰੀ ਬਿਜਲੀ ਨਾ ਮਿਲਣ ਦੇ ਵਿਰੋਧ ਵਜੋਂ ਕਿਸਾਨਾਂ ਵੱਲੋਂ ਜਮਹੂਰੀ ਕਿਸਾਨ ਸਭਾ ਦੀ
ਅਗਵਾਈ ਹੇੇਠ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੇ ਖਿਲਾਫ ਜੋ਼ਰਦਾਰ ਨਾਅਰੇਬਾਜ਼ੀ
ਕੀਤੀ ਅਤੇ ਮੰਗ ਕੀਤੀ ਕਿ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਸਹੀ ਸਮੇਂ ਸਿਰ ਕਰਨ ਦੇ ਲਈ 12
ਘੰਟੇ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਜਾਵੇ। ਜਥੇਬੰਦੀ ਦੇ ਜਿਲ੍ਹਾ ਪਰੈਸ ਸਕੱਤਰ ਇਕਬਾਲ
ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਮਾਨਯਾ ਜਿਲ੍ਹਾ ਪੂਰੇ ਮਾਲਵੇ ਵਿਚੋਂ ਨਰਮਾਂ ਪੱਟੀ ਵਜੋਂ
ਜਾਣਿਆ ਜਾਂਦਾ ਹੈ ਅਤੇ ਇਸ ਜਿਲ੍ਹੇ ਦੇ ਝੁਨੀਰ, ਸਰਦੂਲਗੜ੍ਹ,ਬੁਢਲਾਡਾ, ਬੋਹਾ, ਭੀਖੀ ਬਲਾਕਾਂ
ਵਿੱਚ ਕਿਸਾਨਾਂ ਵੱਲੋਂ ਵੱਡੀ ਪੱਧਰ ਉੱਪਰ ਨਰਮੇ ਦੀ ਖੇਤੀ ਕੀਤੀ ਜਾਂਦੀ ਹੈ। ਉਨ੍ਹਾਂ ਦੋਸ਼
ਲਾਇਆ ਕਿ ਹੁਣ ਬਿਜਾਈ ਦੇ ਦਿਨਾਂ ਦੌਰਾਨ ਪਾਵਰ ਕਾਰਪੋਰੇਸ਼ਨ ਵੱਲੋਂ ਸਿਰਫ 4 ਘੰਟੇ ਬਿਜਲੀ
ਸਪਲਾਈ ਦਿੱਤੀ ਜਾ ਰਹੀ ਹੈ ਜਿਸ ਕਾਰਨ ਕਿਸਾਨ ਆਪਣੇ ਨਰਮੇ ਦੀ ਬਿਜਾਈ ਕਰਨ ਤੋਂ ਪਛੜਦੇ ਜਾ
ਰਹੇ ਹਨ। ਉਹਨਾਂ ਕਿਹਾ ਕਿ ਨਰਮਾ ਬਿਜਾਈ ਦੇ ਸਿਰਫ 5 ਦਿਨ ਬਾਕੀ ਬਚੇ ਹਨ ਪਰ ਹਜ਼ਾਰਾਂ ਏਕੜ
ਜ਼ਮੀਨ ਖਾਲੀ ਪਈ ਹੈ ।
ਉਨ੍ਹਾਂ ਅੱਗੇ ਕਿਹਾ ਕਿ ਨਰਮੇ ਦੀ ਬਿਜਾਈ ਲੇਟ ਹੋਣ ਨਾਲ ਇਸ ਦੇ ਝਾੜ ’ਤੇ ਮਾੜਾ ਅਸਰ ਪਵੇਗਾ
ਅਤੇ ਪਛੇਤੀ ਫਸਲ ਬਿਮਾਰੀਆਂ ਦੀ ਮਾਰ ਹੇਠ ਆ ਜਾਵੇਗੀ । ਇਸ ਕਾਰਨ ਕਿਸਾਨਾਂ ਦਾ ਵੱਡਾ ਆਰਥਿਕ
ਨੁਕਸਾਨ ਹੋਣ ਦਾ ਖਤਰਾ ਖੜ੍ਹਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਪਛੇਤੀ ਨਰਮੇ
ਦੀ ਫਸਲ ਨੂੰ ਪਹਿਲਾਂ ਵੀ ਚਿੱਟੇ ਤੇਲੇ ਦੀ ਭਾਰੀ ਮਾਰ ਪੈ ਚੁੱਕੀ ਹੈ। ਜਥੇਬੰਦੀ ਵੱਲੋਂ ਪਾਵਰ
ਕਾਰਪੋਰੇਸ਼ਨ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੂੰ
ਖੇਤਾਂ ਲਈ ਪੂਰੀ ਬਿਜਲੀ ਨਾਂ ਦਿੱਤੀ ਗਈ ਤਾਂ ਜਥੇਬੰਦੀ ਨੂੰ ਕਿਸਾਨਾਂ ਨੂੰ ਨਾਲ ਲੈ ਕੇ ਪਾਵਰ
ਕਾਰੋਪੇਸ਼ਨ ਦੇ ਅਧਿਕਾਰੀਆਂ ਦਾ ਘਿਰਾਉ ਕਰਨ ਲਈ ਮਜ਼ਬੂਰ ਹੋਣਾ ਪਵੇਗਾ।
ਇਸ ਮੌਕੇ ਤੇ ਜੀਵਨ ਬੱਪੀਆਣਾ, ਕੇਵਲ ਅਕਲੀਆ, ਬੱਲਮ ਮੱਤੀ, ਸੁਖਜੀਤ ਅਤਲਾ ਕਲਾਂ, ਸੋਹਣਾ
ਸਿੰਘ ਭੁਪਾਲ ਆਦਿ ਵੀ ਹਾਜ਼ਰ ਸਨ।