ਮਾਨਸਾ, 21 ਜੂਨ (ਤਰਸੇਮ ਸਿੰਘ ਫਰੰਡ ) : ਮਿਸ਼ਨ ਤੰਦਰੁਸਤ ਪੰਜਾਬ ਨੂੰ ਹੁਲਾਰਾ ਦੇਣ ਅਤੇ
ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਸਬੰਧੀ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਿਤੀ
26 ਜੂਨ ਨੂੰ ਮਨਾਇਆ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਬਲਵਿੰਦਰ
ਸਿੰਘ ਧਾਲੀਵਾਲ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ 26 ਜੂਨ ਨੂੰ ਇਕ ਜਾਗਰੂਕਤਾ ਰੈਲੀ ਦੇ ਆਯੋਜਨ ਨਾਲ ਇਸ ਦਿਵਸ ਦੀ
ਸ਼ੁਰੂਆਤ ਕੀਤੀ ਜਾਵੇਗੀ ਅਤੇ ਉਸ ਤੋਂ 15 ਦਿਨ ਬਾਅਦ ਤੱਕ ਸਕੂਲਾਂ ਵਿਚ ਜਾਗਰੂਕਤਾ ਕੈਂਪ ਜਾਰੀ
ਰਹਿਣਗੇ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਸ ਦਿਵਸ ਸਬੰਧੀ
ਪ੍ਰਬੰਧਾਂ ਦਾ ਸ਼ਡਿਊਲ ਮੰਗਿਆ।
ਸ੍ਰੀ ਧਾਲੀਵਾਲ ਨੇ 26 ਜੂਨ ਤੋਂ ਜਾਗਰੂਕਤਾ ਕੈਂਪ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ
ਨੂੰ ਹਦਾਇਤਾਂ ਕੀਤੀਆਂ ਕਿ ਉਹ ਇਸ ਦੌਰਾਨ ਮੈਡੀਕਲ ਚੈਕਅੱਪ ਕੈਂਪਾਂ ਵਿੱਚ ਵੱਧ ਤੋਂ ਵੱਧ ਨਸ਼ਾ
ਕਰਨ ਵਾਲੇ ਵਿਅਕਤੀਆਂ ਨੂੰ ਕਾਂਊਸਲਿੰਗ ਰਾਹੀਂ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ। ਜੇਲ੍ਹ ਵਿਭਾਗ
ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਵੀ ਮੈਡੀਕਲ ਚੈਕਅੱਪ
ਕੈਂਪ ਦੇ ਆਯੋਜਨ ਦੇ ਨਾਲ ਨਾਲ ਯੋਗਾ ਵੀ ਕਰਵਾਇਆ ਜਾਵੇਗਾ ਅਤੇ ਐਨ.ਜੀ.ਓਜ਼ ਦੇ ਸਹਿਯੋਗ ਨਾਲ
ਨਸ਼ੇ ਦੀ ਰੋਕਥਾਮ ਲਈ ਵਰਕਸ਼ਾਪ ਵੀ ਕਰਵਾਈਆਂ ਜਾਣਗੀਆਂ।
ਐਸ.ਐਸ.ਪੀ. ਮਾਨਸਾ ਸ੍ਰੀ ਪਰਮਬੀਰ ਸਿੰਘ ਪਰਮਾਰ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ
ਦੀ ਪਛਾਣ ਕਰਕੇ ਉਨ੍ਹਾਂ ਨੂੰ ਕੈਂਪਾਂ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਇਸ
ਦਿਵਸ ਮੌਕੇ ਤੰਦਰੁਸਤ ਪੰਜਾਬ ਮਿਸ਼ਨ ਦੀ ਲੜੀ ਨੂੰ ਹੁੰਗਾਰਾ ਮਿਲ ਸਕੇ।
ਇਸ ਮੌਕੇ ਐਸ.ਡੀ.ਐਮ ਸਰਦੂਲਗੜ੍ਹ ਸ੍ਰੀ ਲਤੀਫ਼ ਅਹਿਮਦ, ਐਸ.ਡੀ.ਐਮ ਮਾਨਸਾ ਸ੍ਰੀ ਅਭੀਜੀਤ
ਕਪਲਿਸ਼, ਸਹਾਇਕ ਕਮਿਸ਼ਨਰ (ਜ) ਸ਼੍ਰੀ ਓਮ ਪ੍ਰਕਾਸ਼ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਰਮਚਾਰੀ
ਹਾਜ਼ਰ ਸਨ।