ਜੰਡਿਆਲਾ ਗੁਰੂ 11 ਦਸੰਬਰ ਵਰਿੰਦਰ ਸਿੰਘ :- ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇਕ
ਧਾਰਮਿਕ ਸਮਾਗਮ ਬੀਤੀ ਰਾਤ ਸ਼ਹੀਦ ਊਧਮ ਸਿੰਘ ਚੋਂਕ ਤੋਂ ਪੀਰ ਬਾਬਾ ਘੋੜੇ ਸ਼ਾਹ ਨੂੰ ਜਾਂਦੀ
ਸੜਕ ਤੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ । ਜਿਸ ਵਿਚ ਪਹੁੰਚੇ ਰਾਗੀ, ਢਾਡੀ
ਜਥੇ ਨੇ ਕੀਰਤਨ ਅਤੇ ਰਾਗਾਂ ਰਾਹੀ ਸੰਗਤ ਨੂੰ ਸਾਹਿਬਜਾਦਿਆਂ ਦੀ ਸ਼ਹੀਦੀ ਤੋਂ ਜਾਣੂ ਕਰਵਾਉਂਦੇ
ਹੋਏ ਸੰਗਤ ਨੂੰ ਗੁਰੂ ਸਾਹਿਬ ਵਲੋਂ ਦਸੇ ਮਾਰਗ ਤੇ ਚੱਲਣ ਲਈ ਪ੍ਰੇਰਿਆ । ਇਸਤੋਂ ਇਲਾਵਾ
ਕਥਾਵਾਚਕ ਸਰਬਜੀਤ ਸਿੰਘ ਧੂੰਦੇ ਨੂੰ ਲੈਕੇ ਗਰਮਾਏ ਮਾਹੌਲ ਦੇ ਕਾਰਨ ਪ੍ਰਬੰਧਕਾਂ ਵਲੋਂ ਪੁਲਿਸ
ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ । ਪਰ
ਧੂੰਦੇ ਦਾ ਵਿਰੋਧ ਕਰਨ ਵਾਲੀ ਗੁਰੂ ਮਾਨਿਓ ਗ੍ਰੰਥ ਸੇਵਕ ਸਭਾ ਨਾਲ ਗੱਲ ਕੀਤੀ ਗਈ ਤਾਂ ਮੁੱਖ
ਸੇਵਾਦਾਰ ਪਰਮਦੀਪ ਸਿੰਘ ਨੇ ਦੱਸਿਆ ਕਿ ਅਗਰ ਸਰਬਜੀਤ ਸਿੰਘ ਧੂੰਦਾ ਅਪਨੇ ਪਹਿਲੇ ਬਿਆਨਾਂ ਦੇ
ਅਨੁਸਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਰੇ, ਦਰਬਾਰ ਸਾਹਿਬ ਦੇ ਸਰੋਵਰ ਬਾਰੇ, ਜਾਪ ਸਾਹਿਬ ਜੀ
ਦੀ ਬਾਣੀ ਆਦਿ ਗੁਰਮਤਿ ਦੇ ਖਿਲਾਫ ਕੋਈ ਬਿਆਨ ਸਮਾਗਮ ਵਿਚ ਬੋਲਦਾ ਤਾਂ ਉਸ ਨਾਲ ਤੁਰੰਤ
ਨਜਿੱਠਣ ਲਈ ਸਿੰਘ ਪੰਡਾਲ ਦੇ ਬਾਹਰ ਤਿਆਰ ਬਰ ਤਿਆਰ ਖੜੇ ਸਨ । ਉਹਨਾਂ ਨੇ ਰੋਸ ਪ੍ਰਗਟ ਕੀਤਾ
ਕਿ ਇਕ ਧਾਰਮਿਕ ਸਮਾਗਮ ਕਰਵਾਉਣ ਲਈ ਪ੍ਰਬੰਧਕਾਂ ਨੂੰ ਪੁਲਿਸ ਦਾ ਸਹਾਰਾ ਲੈਣਾ ਪਿਆ ਜੋ ਕਿ
ਅਤਿ ਨਿੰਦਣਯੋਗ ਹੈ । ਇਥੇ ਇਹ ਦੱਸਣਯੋਗ ਹੈ ਉਪਰੋਕਤ ਧਾਰਮਿਕ ਸਮਾਗਮ ਪਹਿਲਾਂ ਜਗ੍ਹਾ ਨੂੰ
ਲੈਕੇ ਵਿਵਾਦਾਂ ਵਿਚ ਆ ਗਿਆ ਸੀ ਜਿਸਦਾ ਸਤਿਕਾਰ ਕਮੇਟੀ ਤੋਂ ਇਲਾਵਾ ਭਿੰਡਰਾਂਵਾਲਾ ਫੈਡਰੇਸ਼ਨ
ਨੇ ਵੀ ਵਿਰੋਧ ਕੀਤਾ ਸੀ । ਇਸਤੋਂ ਇਲਾਵਾ ਗੁਰੂ ਮਾਨਿਓ ਗ੍ਰੰਥ ਸੇਵਕ ਸਭਾ ਨੇ ਵਿਸ਼ੇਸ਼ ਤੋਰ
ਤੇ ਪਹੁੰਚ ਰਹੇ ਕਥਾਵਾਚਕ ਸਰਬਜੀਤ ਸਿੰਘ ਧੂੰਦੇ ਦਾ ਵਿਰੋਧ ਕਰਨ ਬਾਰੇ ਕਿਹਾ ਸੀ ।
ਜਥੇਬੰਦੀਆਂ ਦੇ ਕਹਿਣ ਤੇ ਪ੍ਰਬੰਧਕਾਂ ਨੇ ਜਗ੍ਹਾ ਤਾਂ ਬਦਲ ਲਈ ਸੀ ਪਰ ਕਥਾਵਾਚਕ ਨੂੰ ਸੱਦਣ
ਤੇ ਉਹ ਬਜਿੱਦ ਰਹੇ ਕਿਉਂ ਕਿ ਉਹ ਮੋਟੀ ਸੇਵਾ ਉਸ ਤੱਕ ਪਹੁੰਚਾ ਚੁੱਕੇ ਸਨ । ਕਥਾਵਾਚਕ
ਸਰਬਜੀਤ ਸਿੰਘ ਧੂੰਦੇ ਨੇ ਵੀ ਕੋਈ ਵਿਵਾਦਿਤ ਬਿਆਨ ਨਾ ਦਿੰਦੇ ਹੋਏ ਅਪਨੀ ਕਥਾ ਵਿਚ ਛੋਟੇ
ਸਾਹਿਬਜ਼ਾਦਿਆਂ ਦੀਆਂ ਸ਼ਹੀਦੀ ਨੂੰ ਹੀ ਕੇਂਦਰ ਬਿੰਦੂ ਰੱਖਿਆ । ਕਿਉਂ ਕਿ ਪਤਾ ਲੱਗਾ ਹੈ ਕਿ
ਜਿਸ ਮੁਹੱਲੇ ਵਿਚ ਇਹ ਸਮਾਗਮ ਹੋ ਰਿਹਾ ਸੀ ਉਸ ਮੁਹੱਲੇ ਦੇ ਮੋਹਤਬਰ ਅਤੇ ਸਾਬਕਾ ਕੋਂਸਲਰ ਨੇ
ਭਰੋਸਾ ਦਿੱਤਾ ਸੀ ਕਿ ਅਗਰ ਧੁੰਦਾ ਕੋਈ ਗਲਤ ਸ਼ਬਦਾਵਲੀ ਵਰਤੇਗਾ ਤਾਂ ਸਭ ਤੋਂ ਪਹਿਲਾਂ ਉਹ ਖੁਦ
ਆਪ ਵਿਰੋਧ ਕਰਨਗੇ । ਸਮਾਗਮ ਤਾਂ ਸਫਲਤਾਪੂਰਵਕ ਸ਼ਾਂਤੀਪੂਰਵਕ ਰਿਹਾ ਪਰ ਸ਼ਹਿਰ ਵਾਸੀਆਂ ਦੇ ਨਾਲ
ਨਾਲ ਖੁਦ ਪੁਲਿਸ ਅਧਿਕਾਰੀ ਵੀ ਪ੍ਰੇਸ਼ਾਨ ਦੇਖੇ ਗਏ ਕਿ ਪਹਿਲੀ ਵਾਰ ਧਾਰਮਿਕ ਸਮਾਗਮ ਲਈ
ਦਰਜਨਾਂ ਪੁਲਿਸ ਮੁਲਾਜਮਾ ਦੀ ਡਿਊਟੀ ਲਗਾਈ ਗਈ ਹੈ ਜਿਸਦੀ ਅਗਵਾਈ ਖੁਦ ਡੀ ਐਸ ਪੀ ਟਰੇਨਿੰਗ
ਮਨਿੰਦਰਪਾਲ ਸਿੰਘ ਕਰ ਰਹੇ ਸਨ । ਪਹਿਲਾ ਹੀ ਵਿਵਾਦਾਂ ਵਿਚ ਰਹੇ ਸਮਾਗਮ ਦੇ ਪ੍ਰਬੰਧਕਾਂ ਨੇ
ਇਕ ਵਾਰ ਫਿਰ ਮਾਹੌਲ ਨੂੰ ਗਰਮਾਉਂਦੇ ਹੋਏ ਮੌਕੇ ਤੇ ਪੱਤਰਕਾਰਾਂ ਨੂੰ ਫੋਟੋਆਂ ਖਿੱਚਣ ਤੋਂ
ਮਨ੍ਹਾ ਕਰ ਦਿਤਾ । ਜਿਸਦਾ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਇਸ
ਸਬੰਧੀ ਡੀ ਐਸ ਪੀ ਮਨਿੰਦਰਪਾਲ ਸਿੰਘ ਨੂੰ ਪ੍ਰੈਸ ਦੀ ਆਜ਼ਾਦੀ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ
ਕਿ ਇਹ ਸਿੱਧਾ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਹੈ । ਡੀ ਐਸ ਪੀ ਵਲੋਂ ਚੌਂਕੀ ਇੰਚਾਰਜ ਲਖਬੀਰ
ਸਿੰਘ ਦੀ ਡਿਉਟੀ ਲਗਵਾਕੇ ਪੱਤਰਕਾਰਾਂ ਨੂੰ ਫੋਟੋਆਂ ਖਿੱਚਣ ਦੀ ਇਜਾਜ਼ਤ ਦਿੱਤੀ । ਚੇਅਰਮੈਨ
ਸੁਨੀਲ ਦੇਵਗਨ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਧਾਰਮਿਕ ਸਮਾਗਮ ਕਰਵਾਉਣਾ ਸ਼ਲਾਘਾਯੋਗ
ਉਪਰਾਲਾ ਹੈ ਪਰ ਪੱਤਰਕਾਰਾਂ ਨੂੰ ਕਿੰਨਾ ਕਾਰਨਾਂ ਕਰਕੇ ਫੋਟੋ ਖਿੱਚਣ ਤੋਂ ਰੋਕਿਆ ਗਿਆ ਸੀ ।