ਅੰਮਿ੍ਤਸਰ ਸਾਹਿਬ/ਸੰਦੌੜ, 13 ਦਸੰਬਰ (ਹਰਮਿੰਦਰ ਸਿੰਘ ਭੱਟ ): ਐੱਮ.ਐੱਚ.ਵਨ ਚੈੱਨਲ ਤੇ ”ਕੰਟੀਨੀ ਮੰਡੀਰ” ਅਤੇ ਜੋਸ਼ ਤੜਕਾ ਚੈੱਨਲ ਤੇ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ ”ਜੋਸ਼ ਕੈਂਪਸ ਦਾ” ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਦੇ ਵੱਖ-ਵੱਖ ਸਕੂਲਾਂ-ਕਾਲਜਾਂ ਵਿੱਚ ਜਾ ਕੇ ਸ਼ੂਟ ਕੀਤਾ ਜਾਂਦਾ ਹੈ |ਬੀਤੇ ਦਿਨੀਂ ਵੱਖ-ਵੱਖ ਸਿੱਖ ਧਾਰਮਿਕ ਜਥੇਬੰਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਜਥਾ ਸਿਰਲੱਥ ਖ਼ਾਲਸਾ, ਇੰਟਰਨੈਸ਼ਨਲ ਸਿੱਖ ਫ਼ੈਡਰੇਸ਼ਨ, ਦਮਦਮੀ ਟਕਸਾਲ ਗਤਕਾ ਅਖਾੜਾ, ਸਿੱਖ ਯੂਥ ਪ੍ਰਚਾਰਕ ਜਥਾ ਅਤੇ ਸਿੱਖ ਸੰਗਤਾਂ ਵਲੋਂ ਸ੍ਰੀ ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਛੇਤੀ ਹੀ ਇਨ੍ਹਾਂ ਦੋਵੇਂ ਲੱਚਰ ਪ੍ਰੋਗਰਾਮਾਂ ਨੂੰ ਪੱਕੇ ਤੌਰ ਤੇ ਬੰਦ ਕਰਵਾਇਆ ਜਾਵੇ ਤਾਂ ਜੋ ਸਮਾਜ ਚ ਵੱਧ ਰਹੀ ਲੱਚਰਤਾ ਨੂੰ ਨੱਥ ਪਾਈ ਜਾ ਸਕੇ |
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਸੁਖਜੀਤ ਸਿੰਘ ਖੋਸੇ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਪਰਮਜੀਤ ਸਿੰਘ ਅਕਾਲੀ ਅਤੇ ਭਾਈ ਦਿਲਬਾਗ ਸਿੰਘ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਦੇ ਐਾਕਰਾ ਵੱਲੋਂ ਸ਼ਰੇਆਮ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਮੁੰਡਿਆਂ ਅਤੇ ਕੁੜੀਆਂ ਨੂੰ ਮਜਾਕੀਆ ਲਹਿਜੇ ‘ਚ ਭੱਦੇ ਸਵਾਲ ਪੁੱਛੇ ਜਾਂਦੇ ਹਨ, ਜਿਸ ਨਾਲ ਲੱਚਰਤਾ ਫੈਲ ਰਹੀ ਹੈ ਤੇ ਬੱਚਿਆਂ ਤੇ ਬੁਰਾ ਅਸਰ ਹੋ ਰਿਹਾ ਹੈ |ਉਨ੍ਹਾਂ ਕਿਹਾ ਕਿ ਅਜਿਹੇ ਘਟੀਆ ਕਿਸਮ ਦੇ ਲੋਕ ਸਾਡੀਆਂ ਧੀਆਂ-ਭੈਣਾਂ ਨੂੰ ਮਨੋਰੰਜਨ ਦੇ ਨਾਮ ਤੇ ਗਲਤ ਰਸਤੇ ਵੱਲ ਧਕੇਲ ਰਹੇ ਹਨ, ਜੋ ਅਤਿ ਮੰਦਭਾਗਾ ਵਰਤਾਰਾ ਹੈ ਤੇ ਇਸ ਨੂੰ ਬਰਦਾਸ਼ਤ ਕਰਨਾ ਸਾਡੇ ਪੰਜਾਬ ਵਾਸੀਆਂ ਲਈ ਅਸਹਿ ਹੈ | ਨੌਜਵਾਨਾਂ ਆਗੂਆਂ ਨੇ ਕਮਿਸ਼ਨਰ ਨੂੰ ਇੱਕ ਸੀ.ਡੀ ਸੌਾਪ ਕੇ ਮੰਗ ਕੀਤੀ ਹੈ ਕਿ ਇਨ੍ਹਾਂ ਪ੍ਰੋਗਰਾਮਾਂ ਨੂੰ ਤੁਰੰਤ ਰੋਕਿਆ ਜਾਵੇ ਤੇ ਵਿਦਿਆਰਥੀਆਂ ਨੂੰ ਸਹੀ ਸੇਧ ਦਿੱਤੀ ਜਾਵੇ | ਮੰਗ ਪੱਤਰ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਜੇ ਇਨ੍ਹਾਂ ਪ੍ਰੋਗਰਾਮਾਂ ਨੂੰ ਪ੍ਰਸ਼ਾਸਨ ਨੇ ਨਾ ਰੋਕਿਆ ਤਾਂ ਅਸੀਂ ਭਵਿੱਖ ਚ ਪੰਜਾਬ ਭਰ ਵਿੱਚ ਵੱਡੇ ਪੱਧਰ ਤੇ ਸੰਘਰਸ਼ ਉਲੀਕਾਂਗੇ ਤੇ ਕਾਲਜਾਂ ਚ ਜਾ ਕੇ ਖੁਦ ਆਪਣੀ ਜਿੰਮੇਵਾਰੀ ਸਮਝਦੇ ਹੋਏ ਇਨ੍ਹਾਂ ਲੱਚਰ ਪ੍ਰੋਗਰਾਮਾਂ ਨੂੰ ਰੋਕਾਂਗੇ ਤੇ ਇਸ ਵਿਰੋਧ ਦੇ ਦੌਰਾਨ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਲਈ ਪ੍ਰਸ਼ਾਸਨ ਖੁਦ ਜਿੰਮੇਵਾਰ ਹੋਵੇਗਾ |
ਇਸ ਮੌਕੇ ਭਾਈ ਸਿਮਰਨਜੀਤ ਸਿੰਘ ਸੰਘਾ, ਹਰਪ੍ਰੀਤ ਸਿੰਘ ਟੋਨੀ, ਬਲਜਿੰਦਰ ਸਿੰਘ, ਸੂਰਜ ਸਿੰਘ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ, ਕੁਲਵੰਤ ਸਿੰਘ, ਸੁਖਦੇਵ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ, ਹਰਦੀਪ ਸਿੰਘ, ਸੁਰਿੰਦਰ ਸਿੰਘ , ਜਗਪਾਲ ਸਿੰਘ, ਚਰਨਜੀਤ ਸਿੰਘ ਆਦਿ ਹਾਜਰ ਸਨ |