ਭਿੱਖੀਵਿੰਡ 13 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਇਨਸਾਫ ਪਾਰਟੀ ਦੇ ਸੁਪਰੀਮੋ
ਸਿਮਰਜੀਤ ਸਿੰਘ ਬੈਂਸ ਤੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਵੱਲੋਂ ਦਿੱਤੀ ਗਈ
ਜਿੰਮੇਵਾਰੀ ਨੂੰ ਮੁੱਖ ਰੱਖਦਿਆਂ ਪਾਰਟੀ ਦਾ ਪਸਾਰ ਤੇ ਪ੍ਰਚਾਰ ਕਰਨਾ ਹੀ ਮੇਰਾ ਮੁੱਖ
ਮੰਤਵ ਹੈ। ਇਹ ਸ਼ਬਦ ਲੋਕ ਇਨਸਾਫ ਪਾਰਟੀ ਦੇ ਮਾਝਾ ਜੋਨ ਇੰਚਾਰਜ ਅਮਰੀਕ ਸਿੰਘ ਵਰਪਾਲ ਨੇ
ਗੱਲਬਾਤ ਕਰਦਿਆਂ ਕੀਤੇ ਤੇ ਆਖਿਆ ਕਿ ਨਗਰ ਨਿਗਮ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਤੋਂ
ਬਾਅਦ ਪੂਰੇ ਮਾਝੇ ਦੇ ਸਾਰੇ ਜਿਲ੍ਹਿਆਂ, ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਦੇ
ਪਿੰਡ-ਪਿੰਡ ਅਹੁਦੇਦਾਰਾਂ ਨੂੰ ਜਿੰਮੇਵਾਰੀ ਦਿੱਤੀ ਜਾਵੇਗੀ ਤਾਂ ਜੋ ਆਉਣ ਵਾਲੀਆਂ
ਪੰਚਾਇਤੀ ਚੋਣਾਂ, ਬਲਾਕ ਸੰਮਤੀ/ਜਿਲ੍ਹਾ ਪ੍ਰੀਸ਼ਦ, ਲੋਕ ਸਭਾ ਦੀਆਂ ਚੋਣਾਂ ਵਿਚ
ਉਮੀਦਵਾਰ ਖੜ੍ਹੇ ਕਰਕੇ ਪੰਜਾਬ ਦੀ ਸਿਆਸਤ ‘ਤੇ ਲੋਕ ਇਨਸਾਫ ਪਾਰਟੀ ਦਾ ਝੰਡਾ ਬੁਲੰਦ
ਕੀਤਾ ਜਾ ਸਕੇ। ਵਰਪਾਲ ਨੇ ਕਾਂਗਰਸ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ
ਲੋਕਾਂ ਨੇ ਕਾਂਗਰਸ ਸਰਕਾਰ ਨੂੰ ਵੋਟਾਂ ਪਾ ਕੇ ਉਮੀਦ ਜਤਾਈ ਸੀ ਕਿ ਸ਼ਾਇਦ ਪੰਜਾਬ ਵਿਚੋਂ
ਮਾਰੂ ਨਸ਼ਿਆਂ ਦਾ ਖਾਤਮਾ ਹੋਵੇਗਾ, ਬੇਰੋਜਗਾਰਾਂ ਨੂੰ ਰੋਜਗਾਰ ਮਿਲੇਗਾ, ਬਜੁਰਗਾਂ,
ਵਿਧਵਾਵਾਂ ਤੇ ਅੰਗਹੀਣਾਂ ਲੋਕਾਂ ਨੂੰ 2500 ਰੁਪਏ ਪੈਨਸ਼ਨ ਮਿਲੇਗੀ ਅਤੇ ਆਮ ਲੋਕਾਂ ਨੂੰ
ਇਨਸਾਫ ਮਿਲੇਗਾ, ਪਰ ਕੈਪਟਨ ਸਰਕਾਰ ਲੋਕਾਂ ਦੀਆਂ ਆਸਾਂ ਤੇ ਉਮੀਦਾਂ ‘ਤੇ ਖਰੀ ਸਾਬਤ
ਹੋਣ ਦੀ ਬਜਾਏ ਪਿੱਠ ਦਿਖਾ ਰਹੀ ਹੈ, ਜੋ ਚਿੱਟੇ ਦਿਨੀ ਲੋਕਾਂ ਨਾਲ ਧੋਖੇਬਾਜੀ ਹੈ। ਇਸ
ਮੌਕੇ ਜਸਬੀਰ ਸਿੰਘ, ਅਵਤਾਰ ਸਿੰਘ ਖਾਲਸਾ, ਰਾਜਬੀਰ ਸਿੰਘ ਪੱਖੋਕੇ, ਮਾਸਟਰ ਸਵਰਨ
ਸਿੰਘ, ਗੁਰਪਾਲ ਸਿੰਘ, ਸਰਦੂਲ ਸਿੰਘ, ਮੰਗਲ ਸਿੰਘ, ਅੰਗਰੇਜ ਸਿੰਘ, ਅਰੁਣ ਕੁਮਾਰ
ਪੱਪੂ, ਜਗਤਾਰ ਸਿੰਘ, ਰਛਪਾਲ ਸਿੰਘ, ਬਿੱਟੂ, ਮੇਜਰ ਸਿੰਘ, ਤਜਿੰਦਰ ਸਿੰਘ, ਨਿਸ਼ਾਨ
ਸਿੰਘ ਪੱਖੋਕੇ, ਹਰਵਿੰਦਰ ਸਿੰਘ ਆਦਿ ਹਾਜਰ ਸਨ।