ਭਦੌੜ 18 ਦਸੰਬਰ (ਵਿਕਰਾਂਤ ਬਾਂਸਲ) ਹਮੇਸ਼ਾ ਹੀ ਆਪਣੀਆਂ ਕਮੀਆਂ ਅਤੇ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਚ ਅਸਫ਼ਲ ਰਹਿਣ ਵਾਲੀ ਨਗਰ ਕੌਾਸਲ ਭਦੌੜ ਅੱਜ ਉਸ ਸਮੇਂ ਫਿਰ ਚਰਚਾ ਚ ਆ ਗਈ ਜਦੋਂ ਵਾਰਡ ਨੰ: 1 ਚ ਪੈਂਦੇ ਮਹੱਲਾ ਘੜੂੰਆਂ ਦੇ ਲੋਕਾਂ ਨੇ ਆਪਣੇ ਕੋਲੋਂ ਪੈਸੇ ਖਰਚ ਕੇ ਆਪਣੀ ਗਲੀ ਬਣਾਉਣੀ ਸ਼ੁਰੂ ਕਰ ਦਿੱਤੀ | ਮਹੱਲਾ ਵਾਸੀ ਮੇਜਰ ਸਿੰਘ ਬੌਰੀਆ, ਕਰਤਾਰ ਸਿੰਘ, ਸਾਗਰ ਸਿੰਘ, ਜਗਸੀਰ ਸਿੰਘ ਸੀਰਾ, ਵਿੰਦਰ ਸਿੰਘ, ਰੇਸ਼ਮ ਸਿੰਘ, ਅਮਰਜੀਤ ਸਿੰਘ, ਪਾਲ ਸਿੰਘ, ਕਰਨਜੀਤ ਕੌਰ, ਸੋਨੀ ਕੌਰ, ਹਰਦੀਪ ਕੌਰ, ਸਰਬਜੀਤ ਕੌਰ, ਵੀਰਪਾਲ ਕੌਰ, ਜਸਵੀਰ ਕੌਰ ਆਦਿ ਨੇ ਦੁਖੀ ਮਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਗਲੀ ਨੀਵੀਂ ਹੋਣ ਕਾਰਨ ਲੰਬੇ ਸਮੇਂ ਤੋਂ ਅਸੀਂ ਨਰਕ ਜਿਹੀ ਜਿੰਦਗੀ ਜਿਉਣ ਲਈ ਮਜ਼ਬੂਰ ਸਾਂ | ਅਸੀਂ ਕਈ ਵਾਰ ਗਲੀ ਦਾ ਮਸਲਾ ਨਗਰ ਕੌਾਸਲ ਦੇ ਅਧਿਕਾਰੀਆਂ ਅਤੇ ਕੌਾਸਲਰਾਂ ਦੇ ਧਿਆਨ ਚ ਲਿਆ ਚੁੱਕੇ ਹਾਂ ਅਤੇ ਲਿਖਤੀ ਵੀ ਦੇ ਚੁੱਕੇ ਹਾਂ ਪ੍ਰੰਤੂ ਸਾਡੀ ਸੁਣਨ ਵਾਲਾ ਕੋਈ ਨਹੀਂ | ਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਅਸੀਂ ਅੱਕ ਕੇ ਆਪਣੇ ਕੋਲੋਂ ਪੈਸੇ ਖਰਚ ਕੇ ਗਲੀ ਬਣਾਉਣ ਲੱਗੇ ਹਾਂ ਜਿਸ ‘ਤੇ ਲਗਭਗ ਇੱਕ ਲੱਖ ਰੁਪਏ ਖਰਚਾ ਆਵੇਗਾ | ਜਦੋਂ ਇਸ ਸਬੰਧੀ ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਪਣੇ ਧਿਆਨ ਚ ਇਹ ਮਸਲਾ ਨਾ ਹੋਣਾ ਕਹਿਕੇ ਪੱਲਾ ਝਾੜ ਲਿਆ | ਹੁਣ ਸੁਆਲ ਉੱਠਦਾ ਹੈ ਕਿ ਵਾਰਡ ਵਾਸੀ ਮਸਲਾ ਨਗਰ ਕੌਾਸਲ ਦੇ ਧਿਆਨ ਚ ਲਿਆਉਦੇ ਲਿਆਉਂਦੇ ਅੱਕ ਗਏ ਅਤੇ ਅੱਕ ਕੇ ਆਪਣੇ ਪੱਲਿਉਂ ਖਰਚਾ ਕਰਕੇ ਗਲੀ ਬਣਾਉਣ ਲਈ ਮਜ਼ਬੂਰ ਹੋ ਗਏ ਪ੍ਰੰਤੂ ਅਧਿਕਾਰੀ ਆਖ਼ ਰਹੇ ਹਨ ਕਿ ਮਸਲਾ ਸਾਡੇ ਧਿਆਨ ਚ ਹੀ ਨਹੀਂ |