ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)—– ਸਾਹਿਤ ਸਭਾ ਮਾਛੀਵਾੜਾ ਦੀ ਮਾਸਿਕ ਇਕੱਤਰਤਾ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਾਇਰ ਹਰਨਾਮ ਸਿੰਘ ਡੱਲਾ ਦੀ ਪ੍ਰਧਾਨਗੀ ਵਿੱਚ ਹੋਈ | ਮੀਟਿੰਗ ਵਿੱਚ ਸੱਭ ਤੋਂ ਪਹਿਲਾਂ ਸਭਾ ਦੇ ਸਾਬਕਾ ਪ੍ਰਧਾਨ ਜੀ. ਐਸ. ਦੀ ਮੌਤ ‘ਤੇ ਡੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਰਚਨਾਵਾਂ ਦੇ ਦੌਰ ‘ਚ ਸੱਭ ਤੋਂ ਪਹਿਲਾਂ ਡਾ. ਅਮਰਜੀਤ ਸਹਿਗਲ ਨੇ ਕਵਿਤਾ ‘ਜਦ ਜਦ ਵੀ ਮੈਂ ਆਪਣੇ ਹੱਕਾਂ ਲਈ ਲੜਿਆ’ ਅਤੇ ਬਲਜਿੰਦਰ ਸਿੰਘ ਨੇ ਗਜ਼ਲ ‘ਅਜਬ ਇੱਕ ਚੀਸ ਉੱਠਦੀ ਹੈ ਜਦੋਂ ਕਾਲੀ ਘਟਾ ਵੇਖਾ’ ਸੁਣਾਈ | ਦੋਵੇਂ ਰਚਨਾਵਾਂ ਦੀ ਸ਼ਲਾਘਾ ਹੋਈ | ਇਸ ਉਪਰੰਤ ਸ਼ਾਇਰ ਨਿਰੰਜਨ ਸੂਖਮ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਹਿਤਕ ਖੇਤਰ ਵਿੱਚ ਪਾਏ ਨਿੱਗਰ ਅਤੇ ਵੱਡਮੁੱਲੇ ਯੋਗਦਾਨ ਨੂੰ ਪੇਸ਼ ਕਰਦਾ ਲੇਖ ‘ਲਾਸਾਨੀ ਸ਼ਾਇਰ ਸ੍ਰੀ ਗੁਰੂ ਗੋਬਿੰਦ ਸਿੰਘ’ ਸੁਣਾਇਆ, ਜਿਸ ਨੂੰ ਸਾਰਿਆਂ ਨੇ ਬਹੁਤ ਸਰਾਹਿਆ | ਫਿਰ ਸ਼ਾਇਰ ਹਰਨਾਮ ਸਿੰਘ ਡੱਲਾ ਨੇ ਗਜ਼ਲ ‘ ਪੱਥਰ ਦੇ ਘਰ ਗਿਰਜੇ ਮੰਦਰ ਗੁਰਦੁਆਰੇ ਹੁੰਦੇ ਨੇ, ਤੁਰਦੇ ਫਿਰਦੇ ਜੀਅ ਇਨ੍ਹਾਂ ਵਿੱਖ ਬਹੁਤ ਪਿਆਰੇ ਹੁੰਦੇ ਨੇ’ ਸੁਣਾਈ ਜਿਸਨੂੰ ਬਹੁਤ ਦਾਦ ਮਿਲੀ | ਇਸ ਤੋਂ ਬਾਅਦ ਸੁਰਜੀਤ ਵਿਸ਼ਦ ਨੇ ਕ੍ਰਿਸ਼ਨ ਚੰਦਰ ਦੁਆਰਾ ਰਚਿਤ ਅਤੇ ਪਰਵੇਸ਼ ਸ਼ਰਮਾ ਦੁਆਰਾ ਪੰਜਾਬੀ ਅਨੁਵਾਦਿਤ ਨਾਟਕ ‘ਹਾਈਡ੍ਰੋਜਨ ਬੰਬ ਤੋਂ ਬਾਅਦ’ ਸੁਣਾਇਆ | ਬਾਰੂਦ ਦੇ ਢੇਰ ‘ਤੇ ਬੈਠੀ ਦੁਨੀਆ ਦੀ ਤ੍ਰਾਸਿਕ ਸਥਿਤੀ ਨੂੰ ਪੇਸ਼ ਕਰਦੇ ਇਸ ਨਾਟਕ ਨੂੰ ਸਾਰਿਆਂ ਨੇ ਬਹੁਤ ਸਲਾਹਿਆ | ਫਿਰ ਸ਼ਾਇਰ ਜਗਤਾਰ ਸੇਖਾ ਨੇ ਦੋ ਗਜ਼ਲਾਂ ‘ ਰਾਹ ਸਜੇ ਸੰਵਰੇ ਨੇ ਐਨੇ, ਤੁਰਨ ਵਿੱਚ ਮੁਸ਼ਕਿਲ ਨਹੀਂ, ਅਤੇ ਹਰਿੱਕ ਰਿਸ਼ਤਾ ਬਸ ਇੱਕ ਫਾਸਲੇ ‘ਤੇ ਠਹਿਰਿਆ ਹੋਇਆ’ ਸੁਣਾਈਆਂ | ਦੋਵਾਂ ਗਜ਼ਲਾਂ ਨੂੰ ਭਰਪੂਰ ਦਾਦ ਮਿਲੀ | ਇਸ ਉਪਰੰਤਰੰਮੀ ਓਪਲ ਨੇ ਕਵਿਤਾ ‘ਤੈਨੂੰ ਵਕਤ ਨੇ ਮੈਥੋਂ ਖੋਹ ਲਿਆ, ਅਸੀਂ ਹੋਰ ਕਿਸੇ ਵੱਲ ਤੱਕਿਆ ਈ ਨਹੀਂ’ ਅਤੇ ਗੀਤਕਾਰ ਪਰਮਜੀਤ ਸਿੰਘ ਰਾਏ ਨੇ ਗੀਤ ‘ਕਦੇ ਐਸ ਘਰੇ ਕਦੇ ਓਸ ਘਰੇ’ ਸੁਣਾਇਆ | ਦੋਵਾਂ ਰਚਨਾਵਾਂ ਨੂੰ ਭਰਪੂਰ ਦਾਦ ਮਿਲੀ | ਫਿਰ ਸ਼ਾਇਰ ਹਰਬੰਸ ਮਾਛੀਵਾੜਾ ਨੇ ਗਜ਼ਲ ‘ ਸਦਾਵਾਂ ਵੰਡੀਆਂ ਗਈਆਂ ਦੁਆਵਾ ਵੰਡੀਆਂ ਗਈਆਂ’ ਅਤੇ ਸ਼ਾਇਰ ਸ. ਨਸੀਮ ਨੇ ਗਜ਼ਲ ‘ਤੇਰੇ ਬੈਲਾਂ ਤੋਂ ਸਦਕੇ ਦਿਲ ਦੁਖਾਈ ਜਾ ਰਹੇ ਨੇ ਜੋ ਸੁਣਾਈ | ਦੋਵਾਂ ਗਜ਼ਲਾਂ ਨੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ | ਇਸ ਇਕੱਤਰਤਾ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਨਿਰੰਜਨ ਸੂਖਮ ਨੇ ਕੀਤਾ | ਪੜ੍ਹੀਆਂ ਗਈਆਂ ਸਾਰੀਆਂ ਰਚਨਾਵਾਂ ‘ਤੇ ਉਸਾਰੂ ਬਹਿਸ ਵਿੱਚ ਹਾਜ਼ਰ ਸਾਹਿਤਕਾਰਾਂ ਨੇ ਭਾਗ ਲਿਆ | ਅੰਤ ਵਿੱਚ ਪ੍ਰਧਾਨ ਸ਼ਾਇਰ ਡੱਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ |