ਅਪ੍ਰੈਲ ਤੱਕ ਚੱਲਣ ਵਾਲੀਆਂ ਇਹਨਾਂ ਪ੍ਰੀਖਿਆਵਾਂ ਦੇ ਪ੍ਰੀਖਿਆ ਕੇਂਦਰਾਂ ਦੁਆਲੇ ਧਾਰਾ 144 ਲਾਗੂ
ਮੋਗਾ, 18 ਫਰਵਰੀ, (ਮਨਪ੍ਰੀਤ ਕੌਰ ) ਸੀ.ਬੀ.ਐਸ.ਸੀ. ਵੱਲੋਂ ਜਮਾਤ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਇਹ 4 ਅਪ੍ਰੈਲ 2025 ਤੱਕ ਸਵੇਰੇ 10.00 ਵਜੇ ਤੋਂ ਦੁਪਹਿਰ 1.30 ਵਜੇ ਤੱਕ ਜ਼ਿਲ੍ਹਾ ਮੋਗਾ ਅੰਦਰ ਵੱਖ-ਵੱਖ ਸਥਾਪਿਤ ਪਰੀਖਿਆ ਕੇਂਦਰਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਬੋਰਡ ਵੱਲੋਂ ਸਥਾਪਿਤ ਕੀਤੇ ਗਏ ਸਮੁੱਚੇ ਪਰੀਖਿਆ ਕੇਂਦਰਾਂ ਤੇ ਧਾਰਾ 144 (ਬੀ.ਐਨ.ਐਸ.ਐਸ. ਦੀ ਧਾਰਾ 163) ਲਗਾਉਣ ਨਾਲ ਇਹਨਾਂ ਪ੍ਰੀਖਿਆਵਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਵਿੱਚ ਮੱਦਦ ਮਿਲੇਗੀ।
ਉਕਤ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਚਾਰੂਮਿਤਾ ਵੱਲੋਂ ਭਾਰਤੀ ਨਾਗਰਿਕ ਸਰੁੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਅੰਦਰ ਸਥਾਪਿਤ ਪ੍ਰੀਖਿਆ ਕੇਂਦਰਾਂ ਦੇ ਆਸ-ਪਾਸ 100 ਮੀਟਰ ਦੇ ਘੇਰੇ ਅੰਦਰ ਵਿਦਿਆਰਥੀਆਂ ਅਤੇ ਡਿਊਟੀ ਸਟਾਫ ਤੋਂ ਬਿਨਾਂ ਆਮ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 4 ਅਪਰੈਲ 2025 ਤੱਕ ਸਵੇਰੇ 11 ਵਜੇ ਤੋਂ ਦੁਪਹਿਰ 2.15 ਵਜੇ ਤੱਕ ਲਾਗੂ ਰਹਿਣਗੇ
ਮੋਗਾ ਜ਼ਿਲ੍ਹਾ ਵਿੱਚ ਸੀ.ਬੀ.ਐਸ.ਸੀ. ਦੀਆਂ 10ਵੀਂ, 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਮੋਗਾ ਵਿਖੇ 10 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਇਹਨਾਂ ਪ੍ਰੀਖਿਆ ਕੇਂਦਰਾਂ ਵਿੱਚ ਡੀ.ਐਨ. ਮਾਡਨ ਸੀਨੀਅਰ ਸੈਕੰਡਰੀ ਸਕੂਲ ਮੋਗਾ, ਡਾ. ਸੈਫਉਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ, ਰੋਇਲ ਕਾਨਵੈਂਟ ਸਕੂਲ ਧੂੜਕੋਟ (ਨਿਹਾਲ ਸਿੰਘ ਵਾਲਾ),ਪੰਜਾਬ ਕਾਨਵੈਂਟ ਸਕੂਲ ਬਾਘਾਪੁਰਾਣਾ, ਬਲੂਮਿੰਗ ਬਡਜ ਸਕੂਲ ਤਲਵੰਡੀ ਭੰਗੇਰੀਆਂ, ਕੈਂਬਰਿਜ ਇੰਟਰਨੈਂਸਲ ਸਕੂਲ ਮੋਗਾ, ਸੁਪਰੀਮ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ, ਗਰੀਨ ਵੈਲੀ ਕਾਨਵੈਂਟ ਸਕੂਲ ਰਣਸੀਂਹ ਖੁਰਦ (ਨਿਹਾਲ ਸਿੰਘ ਵਾਲਾ), ਆਰ.ਕੇ.ਐਸ. ਇੰਟਰਨੈਂਸਲ ਸਕੂਲ ਜਨੇਰ (ਧਰਮਕੋਟ),ਸ਼੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ (ਧਰਮਕੋਟ) ਸ਼ਾਮਿਲ ਹਨ।