ਪੰਜਾਬ ਦਾ ਵਾਤਾਵਰਨ ਬਹੁਤ ਸੁਹਾਵਣਾ ਅਤੇ ਮਨਮੋਹਕ ਹੈ।ਇੱਥੇ ਵਾਰੀ ਵਾਰੀ ਗਰਮੀ, ਸਰਦੀ,ਸਾਵਣ,
ਪੱਤਝੜ੍ਹ,ਬਸੰਤ ਰੁੱਤਾਂ ਆਪਣੇ ਨਾਲ ਵੱਖ ਵੱਖ ਸੱਭਿਆਚਾਰਕ ਤਿਉਹਾਰ, ਪੁਰਬ,ਮੇਲੇ ਆਦਿ ਲੈਕੇ
ਆਉਂਦੀਆਂ ਹਨ। ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹਰ ਦੇਸੀ ਮਹੀਨੇ ਕੋਈ ਨਾ ਕੋਈ ਤਿੱਥ ਤਿਉਹਾਰ
ਜਰੂਰ ਆਉਂਦਾ ਹੈ।ਪੋਹ ਦੇ ਮਹੀਨੇ ਦੀ ਹੱਡ ਚੀਰਵੀਂ ਠੰਡ, ਘਾਹ ਉੱਤੇ ਜੰਮਿਆ ਕੱਕਰ
ਕੋਹਰਾ,ਠੰਡੀਆਂ ਸੁੰਨ ਰਾਤਾਂ ਅਤੇ ਕੱਕਰੀਲੀਆਂ ਹਵਾਵਾਂ ਜਦੋਂ ਸਰੀਰ ਨੂੰ ਠੰਡਾ-ਸੁੰਨ ਕਰਦੀਆਂ
ਹਨ ਤਾਂ ਭੱਠੀ ਦੀ ਭੁੰਨੀ ਮੂੰਗਫਲੀ,ਗੁੜ੍ਹ, ਅਲਸੀ ਦੀਆਂ ਪਿੰਨੀਆਂ, ਤਿਲਾਂ ਦੀ ਗੱਚਕ
,ਰਿਉੜੀਆਂ ਆਦਿ ਮਨੁੱਖੀ ਸਰੀਰ ਨੂੰ ਅੰਦਰੂਨੀ ਗਰਮੀ ਦਿੰਦੀਆਂ ਹਨ।
ਲੰਮੀਆਂ ਅਤੇ ਠੰਡੀਆਂ ਰਾਤਾਂ ਅਤੇ ਨਿੱਕੇ ਦਿਨਾਂ ਤੋਂ ਬਾਅਦ ਦਿਨਾਂ ਦੇ ਖੁੱਲਣ ਨਾਲ ਸੂਰਜ
ਦੀ ਧੁੱਪ ਜਦੋਂ ਨਿੱਘਾ ਨਿੱਘਾ ਅਹਿਸਾਸ ਕਰਾਉਣ ਲੱਗੇ ਤਾਂ ਲੋਹੜੀ ਦੇ ਤਿਉਹਾਰ ਦੀ ਉਡੀਕ
ਹੋਣੀ ਸੁਭਾਵਿਕ ਹੈ।ਇਹ ਤਿਉਹਾਰ ਹਰ ਸਾਲ ਦੇਸੀ ਮਹੀਨੇ ਮਾਘ ਦੀ ਸੰਗਰਾਂਦ ਤੋਂ ਇੱਕ ਦਿਨ
ਪਹਿਲਾਂ ਮਨਾਇਆ ਜਾਂਦਾ ਹੈ।ਖੁਸ਼ੀਆਂ ਅਤੇ ਸ਼ਗਨਾਂ ਦਾ ਇਹ ਤਿਉਹਾਰ ਸਰਦੀਆਂ ਦੇ ਅੰਤ ਅਤੇ
ਹਾੜ੍ਹੀ ਦੀਆਂ ਫਸਲਾਂ ਦੀ ਪ੍ਰਫੁੱਲਤਾ ਦਾ ਵੀ ਪ੍ਰਤੀਕ ਹੈ।ਇਸ ਸਮੇਂ ਸੁੰਦਰ ਅੱਲੜ੍ਹ ਮੁਟਿਆਰ
ਵਾਂਗ ਕਣਕਾਂ,ਜੌਂਅ,ਸਰੋਂ,ਤੋਰੀਆ,ਤਿਲ,ਅਲਸੀ ਆਦਿ ਫਸਲਾਂ ਜ਼ੋਬਨ ਹੁੰਦੇ ਹਨ।ਇਹ ਫਸਲਾਂ ਖੇਤਾਂ
ਵਿੱਚ ਝੂਮਦੀਆਂ ਅਤੇ ਨੱਚਦੀਆਂ ਲੱਗਦੀਆਂ ਹਨ।
ਇਹ ਲੋਹੜੀ ਦਾ ਤਿਉਹਾਰ ਸਾਡੀ ਭਾਈਚਾਰਕ ਸਾਂਝ, ਸੱਭਿਆਚਾਰਕ ਕਦਰਾਂ-ਕੀਮਤਾਂ, ਇੱਕਮੁੱਠਤਾ,
ਏਕਤਾ ਅਤੇ ਪਿਆਰ ਦਾ ਸੁਨੇਹਾ ਦਿੰਦਾ ਹੈ।ਇਹ ਰੁੱਤਾਂ ਨਾਲ ਜੁੜਿਆ ਪੰਜਾਬ ਦਾ ਪਰੰਮਪਰਾਗਤ
ਤਿਉਹਾਰ ਹੈ।ਲੋਹੜੀ ਦੋ ਸ਼ਬਦਾਂ ਤਿਲ ਅਤੇ ਰੋੜੀ ਦਾ ਸੁਮੇਲ ਹੈ।ਮੂੰਗਫਲੀ ਦੀ ਗਰਮਾਹਟ ਸਮਾਜਿਕ
ਰਿਸ਼ਤਿਆਂ ਚ ਨਿੱਘ ਅਤੇ ਰਿਉੜੀਆਂ ਮਿਠਾਸ ਜਿਹਾ ਅਹਿਸਾਸ ਕਰਵਾਉਂਦੇ ਹਨ ਅਤੇ ਭਾਈਚਾਰਕ ਸਾਂਝ
ਵਿੱਚ ਪਰਪੱਕਤਾ ਲਿਆਉਂਦੇ ਹਨ।
ਲੋਹੜੀ ਭੈਣ ਭਰਾ ਦਾ ਪਿਆਰ, ਮੁੰਡੇ ਕੁੜੀਆਂ ਦੀਆਂ ਟੋਲੀਆਂ ਦੇ ਸੰਗੀਤ ਦੀ ਸਾਂਝ,ਭੈਣਾਂ
ਵੱਲੋਂ ਭਰਾਵਾਂ ਦੇ ਸੁੱਖਾਂ ਦਾ ਗੀਤ ਅਤੇ ਸਮਾਜਿਕ ਰਿਸ਼ਤਿਆਂ ਦੇ ਭਾਈਚਾਰੇ ਦਾ ਇਸਨੂੰ ਚਿੰਨ
ਮੰਨਿਆ ਜਾਂਦਾ ਹੈ।
ਇਸਤੋਂ ਤਿਉਹਾਰ ਨੂੰ ਮਨਾਉਣ ਦੀਆਂ ਕਈ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ
ਹਨ।ਜਿੰਨਾ ਘਰਾਂ ਵਿੱਚ ਸਾਲ ਦਰਮਿਆਨ ਲੜਕੇ ਦਾ ਜਨਮ ਹੋਇਆ ਹੋਵੇ ਜਾਂ ਲੜਕੇ ਦਾ ਵਿਆਹ ਹੋਇਆ
ਹੋਵੇ ਉਹਨਾਂ ਘਰਾਂ ਅੰਦਰ ਮਹੌਲ ਹੋਰ ਵੀ ਖੁਸ਼ੀਆਂ ਖੇੜ੍ਹੇ ਵਾਲਾ ਹੁੰਦਾ ਹੈ।ਇਹਨਾਂ ਘਰਾਂ ਦੇ
ਵਿਹੜਿਆਂ ਚ ਖੁਸ਼ੀਆਂ ਧਮਾਲਾਂ ਪਾਉਂਦੀਆਂ ਹਨ, ਅਹਿਸਾਸ ਅੰਬਰੀਂ ਉਡਾਰੀਆਂ ਮਾਰਦੇ ਹਨ।ਪਰਿਵਾਰ
ਵਿੱਚ ਪੂਰਨ ਜੋਸ਼ ਭਾਸਦਾ ਹੈ।ਕੁਆਰੀਆਂ ਕੁੜੀਆਂ ਲਈ ਵੀ ਇਹ ਵਿਸ਼ੇਸ਼ ਅਹਿਮੀਅਤ ਵਾਲਾ ਤਿਉਹਾਰ
ਹੈ, ਉਹਨਾਂ ਚ ਚਾਅ ਅਤੇ ਉਲਾਰ ਸਾਂਭਿਆ ਨਹੀਂ ਜਾਂਦਾ।ਲੋਹੜੀ ਵਾਲੇ ਦਿਨ ਹਾਣ ਦੇ
ਮੁੰਡੇ-ਕੁੜੀਆਂ ਆਪਣੀਆਂ ਆਪਣੀਆਂ ਟੋਲੀਆਂ ਬਣਾ ਕੇ ਘਰਾਂ ਵਿੱਚ ਲੋਹੜੀ ਮੰਗਣ ਜਾਂਦੇ ਹਨ।ਉਹ
ਨੱਚਕੇ ਅਤੇ ਗੀਤ ਗਾਕੇ ਲੋਹੜੀ ਮੰਗਦੇ ਹਨ।ਕੋਈ ਘਰ ਉਹਨਾਂ ਨੂੰ ਗੁੜ੍ਹ ਦੀ ਰੋੜੀ ਦਿੰਦਾ
ਹੈ,ਕੋਈ ਮੂੰਗਫਲੀ, ਕੋਈ ਤਿਲ,ਕੋਈ ਦਾਣੇ, ਕੋਈ ਪੈਸੇ।ਉਹ ਗੀਤ ਗਾਉਂਦੇ ਹਨ:-
“ਸੁੰਦਰ ਮੁੰਦਰੀਏ ਹੋ,
ਤੇਰਾ ਕੌਣ ਵਿਚਾਰਾ ਹੋ,
ਦੁੱਲਾ ਭੱਟੀ ਵਾਲਾ ਹੋ,
ਦੁੱਲੇ ਧੀ ਵਿਆਹੀ ਹੋ,
ਸੇਰ ਸ਼ੱਕਰ ਪਾਈ ਹੋ…”
ਇਸ ਤਿਉਹਾਰ ਦਾ ਸੰਬੰਧ ਸਾਂਦਲਬਾਰ ਦੇ ਪਰਉੱਪਕਾਰੀ ਅਤੇ ਬਹਾਦਰ ਰਾਜਪੂਤ ਦੁੱਲਾ ਭੱਟੀ ਦੀ ਦੰਦ
ਕਥਾ ਨਾਲ ਵੀ ਜੋੜਿਆ ਜਾਂਦਾ ਹੈ ਅਤੇ ਪ੍ਰਹਲਾਦ ਭਗਤ ਦੀ ਕਹਾਣੀ ਨਾਲ ਵੀ।
ਲੋਹੜੀ ਵਾਲੇ ਦਿਨ ਖੁਸ਼ੀ ਵਾਲੇ ਘਰਾਂ ਚੋਂ ਲੜਕੀਆਂ ਝੁੰਡ ਦੇ ਰੂਪ ਬਾਕੀ ਸ਼ਰੀਕੇ ਕਬੀਲੇ ਚ
ਲੋਹੜੀ ਵੰਡਣ ਜਾਂਦੀਆਂ ਹਨ।ਲੋਹੜੀ ਵਿੱਚ ਮੂੰਗਫਲੀ, ਰਿਉੜੀਆਂ, ਤਿਲਾਂ ਦੀ ਗਚਕ,ਮੱਕੀ ਦੇ
ਦਾਣੇ ਆਦਿ ਵੰਡੇ ਜਾਂਦੇ ਹਨ। ਲੋਹੜੀ ਵਾਲੇ ਘਰ ਪੂਰੇ ਢੋਲ ਢਮੱਕੇ ਅਤੇ ਪਰੰਮਪਰਾਗਤ ਰਹੂ
ਰੀਤਾਂ ਇਹ ਤਿਉਹਾਰ ਮਨਾਇਆ ਜਾਂਦਾ ਹੈ। ਮੂੰਗਫਲੀ, ਰਿਉੜੀਆਂ,ਤਿਲਾਂ ਦੀ ਗੱਚਕ, ਮੱਕੀ ਦੇ
ਫੁੱਲੇ ਆਦਿ ਦੀਆਂ ਭਰੀਆਂ ਪਰਾਂਤਾਂ ਲੈਕੇ ਲੋਹੜੀ ਵਾਲੇ ਘਰ ਦੇ ਖੁੱਲ੍ਹੇ ਵਿਹੜੇ ਚ ਲੱਕੜਾਂ
ਜਾਂ ਗੋਹੇ ਦੀਆਂ ਪਾਥੀਆਂ ਦਾ ਢੇਰ ਲਗਾਕੇ ਉਸਨੂੰ ਅੱਗ ਲਗਾਈ ਜਾਂਦੀ ਹੈ ਜੋ ਖੁਸ਼ੀ ਅਤੇ ਰੌਸ਼ਨੀ
ਦਾ ਪ੍ਰਤੀਕ ਹੈ ।ਖੁਸ਼ੀਆਂ ਚ ਗੜੁੱਚ ਸਾਰੇ ਪਰਿਵਾਰਕ ਮੈਂਬਰ ਇਸਦੇ ਦੁਆਲੇ ਇਕੱਠੇ ਹੋ ਕੇ ਬੈਠ
ਜਾਂਦੇ ਹਨ ਅਤੇ ਬਲਦੀ ਅੱਗ ਵਿੱਚ ਤਿਲ ,ਰਿਉੜੀਆਂ, ਮੂੰਗਫਲੀ ਸੁੱਟ ਕੇ ਮੱਥਾ ਟੇਕਿਆ ਜਾਂਦਾ
ਹੈ।ਤਿਲਾਂ ਦੇ ਸੜਨ ਨਾਲ ਵਾਤਾਵਰਣ ਵਿੱਚ ਇੱਕ ਅਜੀਬ ਸੁਗੰਧੀ ਫੈਲਦੀ ਹੈ ,ਜੋ ਕੁਦਰਤ ਦੀ
ਖੁਸ਼ਹਾਲੀ ਨੂੰ ਪ੍ਰਫੁਲਿਤ ਕਰਦੀ ਹੈ।
ਸਾਰੇ ਖੁਸ਼ੀ ਖੁਸ਼ੀ ਗੀਤ ਗਾਉਂਦੇ ਹਨ:-
“ਈਸਰ ਆ ,ਦਲਿੱਦਰ ਜਾ।
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।”
ਇਸ ਤਰ੍ਹਾਂ ਅੱਗ ਦੁਆਲੇ ਨੱਚਦੇ ,ਕੁੱਦਦੇ,ਗਿੱਧਾ, ਭੰਗੜਾ, ਬੋਲੀਆਂ,ਗੀਤ ਗਾਕੇ ਖੁਸ਼ੀ ਨਾਲ
ਲੋਹੜੀ ਮਨਾਈ ਜਾਂਦੀ ਹੈ।
ਅੱਜਕਲ੍ਹ ਮੁੰਡੇ ਕੁੜੀ ਚ ਫਰਕ ਮਿਟਾਉਣ ਅਤੇ ਬਰਾਬਰਤਾ ਲਿਆਉਣ ਲਈ ਧੀਆਂ ਦੀ ਲੋਹੜੀ ਬੜੇ ਜੋਸ਼
ਅਤੇ ਮਾਣ ਨਾਲ ਮਨਾਈ ਜਾਣ ਲੱਗੀ ਹੈ, ਜੋ ਬਹੁਤ ਹੀ ਚੰਗਾ ਉਪਰਾਲਾ ਅਤੇ ਸ਼ੁਭਸ਼ਗਨ ਮੰਨਿਆ ਜਾਣਾ
ਚਾਹੀਦਾ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲਏ ਸੰਕਲਪ ਅਤੇ ਦਿੱਤੀ ਸਿੱਖਿਆ “ਸੋ ਕਿਉ ਮੰਦਾ
ਆਖੀਐ ਜਿਤਿ ਜੰਮੇ ਰਾਜਾਨ।।” ਦੀ ਸਾਨੂੰ ਸ਼ਾਇਦ ਹੁਣ ਸਮਝ ਆਈ ਹੈ,ਜਿੰਨ੍ਹਾ ਨੇ ਇਸਤਰੀ ਜਾਤ ਦੀ
ਬਰਾਬਰੀ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਸਨ।
ਲੋਹੜੀ ਸਾਡੇ ਸੱਭਿਆਚਾਰ ਦਾ ਇੱਕ ਅਟੁੱਟ ਅੰਗ ਹੈ।ਬਾਜ਼ਾਰੂ ਮਠਿਆਈਆਂ ਦੀ ਬਜਾਇ ਦੇਸੀ ਪਕਵਾਨਾਂ
ਅਲਸੀ ਦੀਆਂ ਪਿੰਨੀਆਂ, ਗਜਰੇਲਾ, ਘਰਾਂ ਚ ਖੋਆ ਮਾਰ ਕੇ, ਮੱਕੀ ਅਤੇ ਚੌਲਾਂ ਦੇ ਪਿੰਨੇ ਬਣਾ
ਕੇ,ਚੌਲਾਂ ਦੀਆਂ ਪਿੰਨੀਆਂ ਬਣਾਕੇ ਲੋਹੜੀ ਮਨਾ ਕੇ ਇਸਦੀ ਪਵਿੱਤਰਤਾ ਅਤੇ ਹੋਂਦ ਨੂੰ ਕਾਇਮ
ਰੱਖਣ ਲਈ ਆਓ ਸਦਾਚਾਰਕ ਕਦਰਾਂ ਕੀਮਤਾਂ ਤੇ ਪਹਿਰਾ ਦੇਈਏ।
ਇੰਜੀ: ਸਤਨਾਮ ਸਿੰਘ ਮੱਟੂ