ਪਾਕਿਸਤਾਨ ਸਰਕਾਰ ਗੁਰਧਾਮਾਂ ਅਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ : ਦਮਦਮੀ ਟਕਸਾਲ।

0
711

ਅੰਮ੍ਰਿਤਸਰ, 18 ਦਸੰਬਰ ( )- ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ
ਪਾਕਿਸਤਾਨ ਅੰਦਰ ਕੁੱਝ ਜਨੂਨੀ ਸਰਕਾਰੀ ਅਧਿਕਾਰੀਆਂ ਵੱਲੋਂ ਸਿੱਖ ਭਾਈਚਾਰੇ ਦੇ ਲੋਕਾਂ ‘ਤੇ
ਜਬਰੀ ਧਰਮ ਪਰਿਵਰਤਨ ਲਈ ਦਬਾਅ ਪਾਉਣ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਦਿਆਂ ਭਾਰਤ ਸਰਕਾਰ
ਨੂੰ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਸੰਜੀਦਗੀ ਅਤੇ ਮਜ਼ਬੂਤੀ ਨਾਲ ਉਠਾਉਣ ਅਤੇ ਪਾਕਿਸਤਾਨ
ਸਰਕਾਰ ਨੂੰ ਵੀ ਦੋਸ਼ੀਆਂ ਖ਼ਿਲਾਫ਼ ਤੁਰੰਤ ਢੁਕਵੀਂ ਕਾਰਵਾਈ ਅਮਲ ‘ਚ ਲਿਆਉਂਦਿਆਂ ਦੇਸ਼ ਅੰਦਰ
ਗੁਰਧਾਮਾਂ ਅਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।
ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਪਾਕਿਸਤਾਨੀ ਸੂਬਾ ਖ਼ੈਬਰ ਪਖਤੂਨਖਵਾ ਦੇ ਜ਼ਿਲ੍ਹਾ
ਹੰਗੂ ਤਹਿਸੀਲ ਤਹਲ ਦੇ ਸਹਾਇਕ ਕਮਿਸ਼ਨਰ ਯਕੂਬ ਖਾਨ ਵੱਲੋਂ ਸਿੱਖ ਭਾਈਚਾਰੇ ਦੇ ਲੋਕਾਂ ਨੂੰ
ਆਪਣੀਆਂ ਸਮੱਸਿਆਵਾਂ ਦੇ ਹਲ ਲਈ ਇਸਲਾਮ ਧਰਮ ਕਬੂਲ ਕਰਨ ਲਈ ਦਬਾਅ ਪਾਉਣ ਦੀਆਂ ਆਈਆਂ
ਰਿਪੋਰਟਾਂ ਨੇ ਪਾਕਿਸਤਾਨ ਅੰਦਰ ਘਟ ਗਿਣਤੀ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਪ੍ਰਤੀ ਵਿਸ਼ਵ ਦੇ
ਸਮੂਹ ਸਿੱਖ ਸੰਗਤਾਂ ਵਿੱਚ ਭਾਰੀ ਚਿੰਤਾ, ਬੇਚੈਨੀ ਅਤੇ ਰੋਸ ਪੈਦਾ ਕਰਦਿਤਾ ਹੈ। ਉਹਨਾਂ
ਸਬੰਧਿਤ ਅਧਿਕਾਰੀ ਵੱਲੋਂ ਸਿੱਖਾਂ ਨੂੰ ਧਰਮ ਤਬਦੀਲ ਨਾ ਕਰਨ ਦੀ ਸੂਰਤ ਵਿੱਚ ਉਹਨਾਂ ਦੇ
ਕਾਰੋਬਾਰ ਬੰਦ ਕਰਾਉਣ ਦੀ ਦਿੱਤੀ ਗਈ ਧਮਕੀਆਂ ਨੂੰ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ
ਦੀ ਘੋਰ ਉਲੰਘਣਾ ਕਰਾਰ ਦਿੱਤਾ ਹੈ। ਪਾਕਿਸਤਾਨੀ ਅਧਿਕਾਰੀਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ
ਕਿ ਸਿੱਖ ਵੀ ਪਾਕਿਸਤਾਨ ਦੇ ਨਾਗਰਿਕ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਤੇ ਲਿਆਕਤ ਨਾਲ ਦੇਸ਼ ਦੀ
ਤਰੱਕੀ ਅਤੇ ਖੁਸ਼ਹਾਲੀ ਲਈ ਅਹਿਮ ਯੋਗਦਾਨ ਪਾ ਰਹੇ ਹਨ, ਜਿਸ ਪ੍ਰਤੀ ਉੱਥੋਂ ਦੀਆਂ ਸਰਕਾਰਾਂ
ਵੱਲੋਂ ਕਈ ਵਾਰ ਸਿੱਖਾਂ ਦੀ ਇਸ ਯੋਗਦਾਨ ਲਈ ਸ਼ਲਾਘਾ ਕੀਤੀ ਜਾਂਦੀ ਰਹੀ ਹੈ। ਉਹਨਾਂ ਕਿਹਾ ਕਿ
ਫਿਰਕਾਪ੍ਰਸਤ ਲੋਕਾਂ ਦੀ ਘਿਣਾਉਣੀ ਸੋਚ ਸਦਕਾ ਵਿਸ਼ਵ ਭਰ ‘ਚ ਪਾਕਿਸਤਾਨੀਆਂ ਨੂੰ ਪਹਿਲਾਂ ਹੀ
ਨਮੋਸ਼ੀ ਸਹਿਣੀ ਪੈ ਰਹੀ ਹੈ। ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਪਾਕਿਸਤਾਨ ਸਰਕਾਰ ਨੂੰ
ਫਿਰਕਾਪ੍ਰਸਤ ਅਧਿਕਾਰੀਆਂ ਨੂੰ ਨੱਥ ਪਾ ਲੈਣੀ ਚਾਹੀਦੀ ਹੈ,ਤਾਂ ਕਿ ਪਾਕਿਸਤਾਨ ‘ਚ ਰਹਿ ਰਹੇ
ਸਿੱਖ ਭਾਈਚਾਰੇ ਅੰਦਰ ਦੇਸ਼ ਅਤੇ ਸਰਕਾਰ ਪ੍ਰਤੀ ਭਰੋਸਾ ਮਜ਼ਬੂਤ ਕਰਨ ਵਿੱਚ ਮਦਦ ਮਿਲ ਸਕੇ। ਇਸ
ਮਸਲੇ ‘ਤੇ ਦੇਸ਼ ਵਿਦੇਸ਼ ਦੀਆਂ ਸਿੱਖ ਹਿਤੈਸ਼ੀ ਆਗੂਆਂ ਅਤੇ ਸੰਸਥਾਵਾਂ ਨੂੰ ਅਗੇ ਆਉਣ ਦਾ ਵੀ
ਉਹਨਾਂ ਸੱਦਾ ਦਿੱਤਾ ਹੈ।
ਇਸੇ ਦੌਰਾਨ ਦਮਦਮੀ ਟਕਸਾਲ ਮੁਖੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ
ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਅਤੇ ਆਪਣੀਆਂ ਲਿਖਤਾਂ ਰਾਹੀਂ ਗੁਰੂ ਇਤਿਹਾਸ ਅਤੇ ਸਿੱਖ
ਇਤਿਹਾਸ ਨਾਲ ਛੇੜਛਾੜ ਕਰਨ ਵਾਲੇ ਲੇਖਕਾਂ ਅਤੇ ਅਖੌਤੀ ਪ੍ਰਚਾਰਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ
ਕਰਨ ਪ੍ਰਤੀ ਲਏ ਗਏ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਸਮੇਂ ਅਨੁਸਾਰ ਲਿਆ ਗਿਆ ਜ਼ਰੂਰੀ ਅਤੇ
ਢੁਕਵਾਂ ਕਦਮ ਕਰਾਰ ਦਿੱਤਾ। ਉਹਨਾਂ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਕੁੱਝ ਤਾਕਤਾਂ ਵੱਲੋਂ
ਸਿੱਖ ਧਰਮ ਦੀਆਂ ਸਥਾਪਿਤ ਮੂਲ ਪਰੰਪਰਾਵਾਂ, ਸਿਧਾਂਤ, ਇਤਿਹਾਸ ਅਤੇ ਗੁਰ ਅਸਥਾਨਾਂ ਪ੍ਰਤੀ
ਬੇਲੋੜੇ ਸ਼ੰਕੇ ਖੜੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕੌਮ ਅੰਦਰ ਦੁਬਿਧਾ ਪੈਦਾ ਕਰਨ
ਵਾਲਿਆਂ ਪ੍ਰਤੀ ਸਿੱਖ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.