ਮਨਪ੍ਰੀਤ ਬਾਦਲ ਵਲੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੂੰ ਮਾਡਲ ਯੂਨੀਵਰਸਿਟੀ ਬਣਾਉਣ ਦਾ ਐਲਾਨ

0
631

ਬਠਿੰਡਾ, 3 ਫਰਵਰੀ (ਦਲਜੀਤ ਸਿੰਘ ਸਿਧਾਣਾ )
ਵਿੱਤ ਮੰਤਰੀ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੂੰ ਸੂਬੇ ਵਿਚ ਮਾਡਲ ਯੂਨੀਵਰਸਿਟੀ ਬਨਾਉਣ ਦਾ ਐਲਾਨ ਕੀਤਾ ਹੈ ਅਤੇ ਇਸ ਲਈ ਉਨਾ ਨੇ ਚਾਲੂ ਵਿੱਤੀ ਵਰੇ ਦੌਰਾਨ ਯੂਨੀਵਰਸਿਟੀ ਦੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵਲੋਂ 50 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਸ਼ਨੀਵਾਰ ਨੂੰ ਯੂਨੀਵਰਸਿਟੀ ਦੇ ਵਿਸ਼ੇਸ਼ ਦੌਰੇ ਤੇ ਪਹੁੰਚੇ ਹੋਏ ਸਨ।
ਇਸ ਮੌਕੇ ਉਨਾ ਨੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ, ਸਟਾਫ਼ ਮੈਂਬਰਾਂ ਅਤੇ ਯੂਨੀਵਰਸਿਟੀ ਦੇ ਨਾਲ ਜੁੜੇ 60 ਤੋਂ ਵੱਧ ਕਾਲਜਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਲਈ ਪੰਜਾਬ ਸਰਕਾਰ ਵਲੋਂ ਫੰਡ ਦੇਣ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨਾਂ ਕਾਲਜਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਚੰਗੇ ਨਤੀਜਿਆਂ ਲਈ ਯੂਨੀਵਰਸਿਟੀ ਨਾਲ ਜੁੜੇ ਰਹਿਣ ਕਿਉਂਕਿ ਪੰਜਾਬ ਸਰਕਾਰ ਯੂਨੀਵਰਸਿਟੀ ਨੂੰ ਹਰ ਸੰਭਵ ਮੱਦਦ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਸੂਬੇ ਦੇ ਵਿੱਤੀ ਸੰਕਟ ਬਾਰੇ ਬੋਲਦਿਆਂ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ  ਕਾਂਗਰਸ ਦੀ ਅਗਵਾਈ ਵਾਲੀ ਮੌਜੂਦਾ ਪੰਜਾਬ ਸਰਕਾਰ ਵਲੋਂ ਵਿੱਤੀ ਘਾਟੇ ਨੂੰ ਘਟਾਉਣ ਲਈ ਮਾਲੀ ਵਸੀਲੇ ਲੱਭੇ ਜਾ ਰਹੇ ਹਨ ਅਤੇ ਜਲਦ ਹੀ ਪੰਜਾਬ ਵਧੀਆ ਵਿੱਤੀ ਹਾਲਤ ਵਾਲਾ ਸੂਬਾ ਬਣਕੇ ਉਭਰੇਗਾ। ਉਨਾਂ ਕਿਹਾ ਕਿ ਪੰਜਾਬ ਦੀ ਅਰਥ ਵਿਵਸਥਾ ਨੂੰ ਮੁੜ ਤੋਂ ਸਹੀ ਜਗਾਂ ਲੈ ਕੇ ਆਉਣ ਲਈ ਅਜੇ ਘੱਟੋ-ਘੱਟ ਤਿੰਨ ਸਾਲ ਲਗਣਗੇ ਅਤੇ ਸਾਡੀਆਂ ਸਿਰ ਤੋੜ ਕੋਸ਼ਿਸਾਂ ਸਦਕਾ ਪੰਜਾਬ ਭਾਰਤ ਦੀ ਸੁਪਰ ਪਾਵਰ ਵਜੋਂ ਉਭਰੇਗਾ।  ਉਨਾ ਕਿਹਾ ਕਿ ਚੌਥੇ ਸਾਲ ਦਾ ਬਜਟ ਵਿਚ ਪੰਜਾਬ ਨੂੰ ਸਰਪਲਸ ਆਮਦਨ ਵਾਲੇ ਸੂਬੇ ਵਿਚ ਤਬਦੀਲ ਕਰ ਦਿੱਤਾ ਜਾਵੇਗਾ। ਪੰਜਾਬ ਸਰਕਾਰ ਦੇ ਆਉਣ ਵਾਲੇ ਵਿੱਤੀ ਬਜਟ ਬਾਰੇ ਬੋਲਦਿਆਂ ਉਨਾ ਕਿਹਾ ਕਿ ਉਨਾ ਵਲੋਂ ਆਮਦਨ ਅਤੇ ਖਰਚ ਵਿਚਲੇ ਵੱਧੇ ਹੋਏ ਪਾੜੇ ਨੂੰ ਘੱਟ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਸੂਬੇ ਵਿਚ ਸਿੱਖਿਆ ਦੇ ਪੱਧਰ ਬਾਰੇ ਗੱਲ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸੂਬੇ ਦੀਆਂ ਸਰਕਾਰਾਂ ਸਿੱਖਿਆ ਦੇ ਖੇਤਰ ਨੂੰ ਅੱਖੋਂ-ਪਰੋਖੇ ਕਰਦੀਆਂ ਰਹੀਆਂ ਹਨ ਅਤੇ ਸਿੱਖਿਆ ਦੇ ਬਜਟ ਨੂੰ ਹੋਰ ਗੈਰ ਜਰੂਰੀ ਕੰਮਾਂ ਲਈ ਵਰਤਿਆ ਜਾਂਦਾ ਰਿਹਾ ਹੈ ਤਾਂ ਜੋ ਵੋਟਾਂ ਪੱਕੀਆਂ ਕੀਤੀਆਂ ਜਾ ਸਕਣ। ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵਲੋਂ ਇਸ ਰੀਤ ਨੂੰ ਤੋੜਦਿਆਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁਕਣ ਲਈ ਖਾਸ ਧਿਆਨ ਦਿੱਤਾ ਜਾਵੇਗਾ। ਪੰਜਾਬੀ ਨੌਜਵਾਨਾਂ ਨੂੰ ਸਮੇਂ ਦੀ ਲੋੜ ਮੁਤਾਬਕ ਕਿੱਤਾ ਮੁਖੀ ਅਤੇ ਹੁਨਰਮੰਦ ਸਿੱਖਿਆ ਦੇਣ ਲਈ ਪੰਜਾਬ ਸਰਕਾਰ ਵਲੋਂ ਹੁਣ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦੀਆਂ ਉਪਲਭਦੀਆਂ ਗਿਣਾਉਂਦਿਆਂ ਸ਼੍ਰੀ ਬਾਦਲ ਨੇ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਮੁੱਖ ਮੰਤਰੀ ਵਜ਼ੀਫ਼ਾ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਨਾਲ  ਯੋਗ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸਸਤੀ ਅਤੇ ਗੁਣਾਤਮਕ ਤਕਨੀਕੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ।
ਇਸ ਮੌਕੇ ਸ਼੍ਰੀ ਬਾਦਲ ਵਲੋਂ ਯੂਨੀਵਰਸਿਟੀ ਵਿਚ ਚਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜਾ ਲਿਆ ਗਿਆ।  ਇਹ ਵੀ ਦੱਸਿਆ ਕਿ ਹਾਲ ਵਿਚ ਕਰਵਾਏ ਗਏ ਇਕ ਆਡਿਟ ਦੌਰਾਨ ਵਿਦਿਆਰਥੀਆਂ ਲਈ ਚਲ ਰਹੀਆਂ ਵਜ਼ੀਫ਼ਾ ਸਕੀਮਾਂ ਵਿਚ 500 ਕਰੋੜ ਰੁਪਏ ਦੀ ਘਪਲੇਬਾਜੀ ਦਾ ਪਤਾ ਲੱਗਿਆ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਇਸ ਦੇ ਲਈ ਕਸੂਰਵਾਰ ਲੋਕਾਂ ਨੂੰ ਬਖ਼ਸਿਆ ਨਹੀਂ ਜਾਵੇਗਾ।
ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਡਾ. ਮੋਹਨਪਾਲ ਸਿੰਘ ਈਸ਼ਰ ਨੇ ਦੱਸਿਆ ਕਿ ਇਹ ਯੂਨੀਵਰਸਿਟੀ 2015 ਤੋਂ ਮਾਲਵਾ ਖੇਤਰ ਵਿਚ ਕਿੱਤਾ ਮੁੱਖੀ, ਤਕਨੀਕੀ
ਸਿੱਖਿਆ ਪ੍ਰਦਾਨ ਕਰ ਰਹੀ ਹੈ ਅਤੇ ਯੂਨੀਵਰਸਿਟੀ ਨਾਲ ਜੁੜ ਕੇ100 ਤੋਂ ਵੱਧ ਕਾਲਜਾਂ ਰਾਹੀਂ ਵੱਖ-ਵੱਖ ਖੇਤਰਾਂ ਵਿਚ 78 ਅੰਡਰ ਗਰੇਜੂਏਟ, ਪੋਸਟ ਗਰੇਜੁਏਟ ਅਤੇ ਕਿੱਤਾ ਮੁੱਖੀ ਕੋਰਸ ਚਲਾਏ ਜਾ ਰਹੇ ਹਨ।
ਇਸ ਮੌਕੇ ਹੋਰਨਾ ਤੋ ਇਲਾਵਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਸਵੀਰ ਸਿੰਘ ਹੁੰਦਲ, ਡਾ. ਅਸ਼ੀਸ ਬਲਦੀ, ਟੈਕਨੀਕਲ ਇੰਸਟੀਚਿਉਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਦਵਿੰਦਰਪਾਲ ਸਿੰਘ, ਬਾਬਾ ਫਰੀਦ ਗਰੁੱਪ ਆਫ਼ ਇੰਸਟੀਚਿਉਟ ਦੇ ਚੇਅਰਮੈਨ ਸ਼੍ਰੀ ਗੁਰਮੀਤ ਸਿੰਘ ਧਾਲੀਵਾਲ, ਆਈ.ਐਸ.ਐਫ. ਕਾਲਜ ਦੇ ਚੇਅਰਮੈਨ ਸ਼੍ਰੀ ਪ੍ਰਵੀਨ ਗਰਗ, ਗਿਆਨੀ ਜੈਲ ਸਿੰਘ ਕੈਂਪਸ ਕਾਲਜ ਆਫ਼ ਇੰਜਨੀਅਰਰਿੰਗ ਐਂਡ ਤਕਨਾਲੋਜੀ ਦੇ ਡਾਇਰੈਕਟਰ ਡਾ. ਗੁਰਸ਼ਰਨ ਸਿੰਘ, ਡਾ. ਏ.ਕੇ. ਗੋਇਲ, ਡਾ. ਆਰ.ਕੇ. ਬਾਂਸਲ, ਡਾ. ਸਬੀਨਾ ਬਾਂਸਲ, ਡਾ. ਮਨਜੀਤ ਬਾਂਸਲ ਅਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.