ਕਾਂਗਰਸ ਦੀ ਵਾਅਦਾ-ਖਿਲਾਫੀ ਵਿਰੁੱਧ ਲੋਕਾਂ ‘ਚ ਪਨਪੇ ਗੁੱਸੇ ਕਰਕੇ ਪੋਲ ਖੋਲ੍ਹ ਰੈਲੀਆਂ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ: ਸੁਖਬੀਰ ਬਾਦਲ

0
633

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੀਤੀ ਵਾਅਦਾ-ਖਿਲਾਫੀ ਵਿਰੁੱਧ ਪੰਜਾਬ ਦੇ ਲੋਕਾਂ ਅੰਦਰ ਭਰਿਆ ਗੁੱਸਾ ਅਕਾਲੀ ਦਲ ਦੀਆਂ ਪੋਲ ਖੋਲ੍ਹ ਰੈਲੀਆਂ ਦੌਰਾਨ ਫੁੱਟ ਕੇ ਸਾਹਮਣੇ ਆ ਰਿਹਾ ਹੈ ਅਤੇ  ਜਨਤਾ ਵੱਲੋਂ ਇਹਨਾਂ ਰੈਲੀਆਂ ਨੂੰ ਭਾਰੀ ਸਮਰਥਨ ਦਿੱਤਾ ਜਾ ਰਿਹਾ ਹੈ।
ਇੱਥੇ ਇੱਕ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਵਾਸਤੇ ਸਿੱਧੇ ਤੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹੈ, ਕਿਉਂਕਿ ਉਸ ਨੇ ਕਿਸਾਨਾਂ ਨੂੰ ਆਪਣੇ ਦਸਤਖ਼ਤਾਂ ਵਾਲੇ ਹਲਫੀਆ ਬਿਆਨ ਵੰਡੇ ਸਨ ਅਤੇ ਵਚਨਬੱਧਤਾ ਦਿੱਤੀ ਸੀ ਕਿ ਉਹਨਾਂ ਦਾ ਸਾਰਾ ਕਰਜ਼ਾ, ਇਹ ਚਾਹੇ ਸਹਿਕਾਰੀ ਜਾਂ ਰਾਸ਼ਟਰੀਕ੍ਰਿਤ ਬੈਂਕਾਂ ਤੋਂ ਲਿਆ ਹੋਵੇ ਜਾਂ ਫਿਰ ਆੜ੍ਹਤੀਆਂ ਕੋਲੋਂ, ਪੂਰੀ ਤਰ੍ਹਾਂ ਮੁਆਫ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਿਰਫ ਇਹੀ ਨਹੀਂ, ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਨੌਕਰੀ ਅਤੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਤੋਂ ਇਲਾਵਾ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣ ਦਾ ਵੀ ਵਾਅਦਾ ਕੀਤਾ ਸੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੂੰ ਲੋਕਾਂ ਨੂੰ ਦੇਣਾ ਤਾਂ ਕੀ ਸੀ, ਉਲਟਾ ਪਹਿਲਾਂ ਤੋਂ ਦਿੱਤੀਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ- ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਅਤੇ ਆਟਾ ਦਾਲ ਸਕੀਮ ਵੀ ਬੰਦ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਇੰਨਾ ਥੱਲੇ ਡਿੱਗ ਗਈ ਹੈ ਕਿ ਇਸ ਨੇ ਸੇਵਾ ਕੇਂਦਰ ਹੀ ਖਤਮ ਕਰ ਦਿੱਤੇ ਹਨ, ਜਿਹੜੇ ਇੱਕ ਨਿਸ਼ਚਿਤ ਸਮੇਂ ਅੰਦਰ ਲੋਕਾਂ ਨੂੰ ਲਾਜ਼ਮੀ ਸੇਵਾਵਾਂ ਮੁਹੱਈਆ ਕਰਵਾ ਰਹੇ ਸਨ।
ਇਸ ਅਸੰਬਲੀ ਹਲਕੇ ਨਾਲ ਆਪਣੀ ਸਾਂਝ ਦਾ ਜ਼ਿਕਰ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਨੇ ਲੋਕ ਸਭਾ ਵਿਚ ਇਸ ਹਲਕੇ ਦੀ ਨੁੰਮਾਇਦਗੀ ਕੀਤੀ ਸੀ। ਉਹਨਾਂ ਕਿਹਾ ਕਿ ਮੈਂ ਤੁਹਾਡੀ ਸੇਵਾ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ। ਮੈਂ ਇੱਥੇ 30 ਗਰਿੱਡ ਲਗਵਾਏ। ਬਾਘਾਪੁਰਾਣਾ ਨੂੰ ਤਹਿਸੀਲ ਬਣਵਾਇਆ। ਪਿਛਲੀ ਸਰਕਾਰ ਦੌਰਾਨ 70 ਪਿੰਡਾਂ ਦੇ ਵਿਕਾਸ ਲਈ 100 ਕਰੋੜ ਰੁਪਏ ਦੀ ਗਰਾਂਟ ਦਿੱਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਹੁਣ ਸਾਰੇ ਵਿਕਾਸ ਕਾਰਜ ਰੋਕ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਪਿਛਲੀ ਸਰਕਾਰ ਦੁਆਰਾ ਪਿੰਡਾਂ ਨੂੰ ਦਿੱਤੀਆਂ ਗਰਾਂਟਾ ਵਾਪਸ ਮੰਗਵਾ ਲਈਆਂ ਗਈਆਂ ਹਨ। ਇਸ ਸਮੇਂ ਸਿਰਫ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਖੋਟੇ ਦਾ ਵਿਕਾਸ ਹੋ ਰਿਹਾ ਹੈ, ਜਿਹੜਾ ਆਪਣੀਆਂ ਜੇਬਾਂ ਭਰਨ ਲਈ ਸਾਰਿਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ।
ਇਸ ਮੌਕੇ ਉੱਤੇ ਬੋਲਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਲੋਕਾਂ ਨੂੰ ਕਿਹਾ ਕਿ ਉਹ ਸਹੁੰ ਖਾਣ ਕਿ ਕਾਂਗਰਸ ਸਰਕਾਰ ਨੂੰ ਗਰਿੱਡਾਂ ਉੱਤੇ ਮੀਟਰ ਨਹੀਂ ਲਗਾਉਣ ਦੇਣਗੇ। ਉਹਨਾਂ ਕਿਹਾ ਕਿ ਜਿੱਥੇ ਵੀ ਮੀਟਰ ਲਾਏ ਗਏ, ਅਕਾਲੀ ਦਲ ਉੱਥੇ ਹੀ ਇਸ ਖ਼ਿਲਾਫ ਮੋਰਚਾ ਲਗਾਏਗਾ। ਸਰਦਾਰ ਮਜੀਠੀਆ ਨੇ ਇੱਕ ਤਾਜ਼ਾ ਵੀਡਿਓ ਦਾ ਹਵਾਲਾ ਵੀ ਦਿੱਤਾ,ਜਿਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਗੇ-ਆਜ਼ਾਦੀ, ਵਾਰ ਮੈਮੋਰੀਅਲ ਸਮੇਤ ਵਿਭਿੰਨ ਯਾਦਗਾਰਾਂ ਨੂੰ ਵਿਸ਼ਵ ਪੱਧਰ ਦੇ ਸਮਾਰਕ ਕਹਿ ਕੇ ਵਡਿਆਇਆ ਹੈ ਅਤੇ ਅਜਿਹਾ ਉਪਰਾਲਾ ਕਰਨ ਲਈ ਸਾਬਕਾ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਪਸੰਸਾ ਕੀਤੀ ਹੈ।
ਇਸ ਮੌਕੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਕੋਈ ਦੀਨ-ਇਮਾਨ ਨਹੀਂ ਹੈ। ਇਸ ਨੇ ਚੰਨ ਤੋੜ ਕੇ ਲਿਆਉਣ ਦਾ ਵਾਅਦਾ ਕੀਤਾ ਸੀ, ਪਰ ਦਿੱਤਾ ਕੱਖ ਵੀ ਨਹੀ। ਅਕਾਲੀ-ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਅਤੇ ਗਰੀਬਾਂ ਨੂੰ ਸਬਸਿਡੀ ਉੱਤੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਅਤੇ ਆਪਣੇ ਦੋਵੇਂ ਹੀ ਵਾਅਦੇ ਪੂਰੇ ਕਰਕੇ ਵਿਖਾਏ। ਇਸ ਮੌਕੇ ਉੱਤੇ ਬੋਲਦਿਆਂ ਅਕਾਲੀ ਦਲ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮੱਲਾਹ ਨੇ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਖੋਟੇ ਦੀਆਂ ਭ੍ਰਿਸ਼ਟ ਗਤੀਵਿਧੀਆਂ ਨੂੰ ਉਜਾਗਰ ਕੀਤਾ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.