ਮੋਗਾ, 05 ਮਈ ( ਮਨਪ੍ਰੀਤ ਸਿੰਘ ) ਜਨਗਣਨਾ 2027 ਤਹਿਤ ਸੈਲਫ ਇਨਿਊਮਰੇਸ਼ਨ ਦਾ ਪੋਰਟਲ 14 ਮਈ ਤੱਕ ਖੁੱਲ੍ਹਾ ਹੈ ਜਿਸ ਜਰੀਏ ਜ਼ਿਲ੍ਹਾ ਵਾਸੀ ਆਪਣੀ ਜਾਣਕਾਰੀ ਖੁਦ ਭਰ ਰਹੇ ਹਨ। ਖੁਦ ਜਾਣਕਾਰੀ ਭਰਨ ਦੇ ਆਪਸ਼ਨ ਵਾਲੀ ਇਹ ਦੇਸ਼ ਦੀ ਪਹਿਲੀ ਡਿਜ਼ੀਟਲ ਜਨਗਣਨਾ ਹੈ। https://secensus.gov.in ਪੋਰਟਲ ਰਾਹੀਂ, ਇਸ ਜਾਣਕਾਰੀ ਨੂੰ ਭਰਿਆ ਜਾ ਹੈ।
ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਜ਼ਿਲ੍ਹਾ ਮੋਗਾ ਵਿੱਚ ਚੱਲ ਰਹੀ ਸਵੈ ਗਣਨਾ ਪ੍ਰਕਿਰਿਆ ਦਾ ਜਾਇਜਾ ਲੈਣ ਲਈ ਅੱਜ ਸਬੰਧਤ ਵਿਭਾਗਾਂ ਦੀ ਅਹਿਮ ਮੀਟਿੰਗ ਬੁਲਾਈ। ਮੀਟਿੰਗ ਵਿੱਚ ਉਹਨਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਮੁਖੀ ਆਪਣੀ ਤੇ ਆਪਣੇ ਕਰਮੀਆਂ ਦੀ ਸਵੈ ਗਣਨਾ ਕਰਵਾਉਣ ਨੂੰ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਇਸ ਸਵੈ ਗਣਨਾ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਕੌਂਸਲਰਾਂ, ਸਰਪੰਚਾਂ ਆਦਿ ਦੁਆਰਾ ਵੱਧ ਤੋਂ ਵੱਧ ਸਵੈ ਗਣਨਾ ਕਰਵਾਉਣੀ ਯਕੀਨੀ ਬਣਾਈ ਜਾਵੇ। ਉਹਨਾਂ ਸਾਰੇ ਅਧਿਆਪਕਾਂ ਅਤੇ ਸਿਹਤ ਅਧਿਕਾਰੀਆਂ ਨੂੰ ਵੀ ਇਸ ਵਿੱਚ ਆਪਣੀ ਅਗਵਾਈ ਕਰਨ ਲਈ ਕਿਹਾ।
ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਸਵੈ-ਗਣਨਾ (ਸੈਲਫ ਇਨਿਊਮਰੇਸ਼ਨ) ਇੱਕ ਅਜਿਹੀ ਸਹੂਲਤ ਹੈ ਜਿਸ ਰਾਹੀਂ ਆਮ ਲੋਕ ਜਨਗਣਨਾ ਮੁਲਾਜ਼ਮਾਂ ਦੇ ਘਰ ਆਉਣ ਦਾ ਇੰਤਜ਼ਾਰ ਕੀਤੇ ਬਿਨਾਂ ਖੁਦ ਆਪਣੀ ਜਾਣਕਾਰੀ ਸਰਕਾਰੀ ਪੋਰਟਲ ‘ਤੇ ਦਰਜ ਕਰ ਸਕਦੇ ਹਨ। ਪਹਿਲਾਂ ਇਹ ਕੰਮ ਸਿਰਫ਼ ਕਾਗਜ਼ੀ ਫਾਰਮਾਂ ਰਾਹੀਂ ਹੁੰਦਾ ਸੀ ਪਰ ਹੁਣ ਤੁਸੀਂ ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਘਰ ਬੈਠੇ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਵੇਰਵਾ ਆਨਲਾਈਨ ਭਰ ਸਕਦੇ ਹੋ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੀ ਪ੍ਰਕਿਰਿਆ ਬਹੁਤ ਸੌਖੀ ਹੈ। ਅਧਿਕਾਰਤ ਪੋਰਟਲ https//:secensus.gov.in ਤੇ ਜਾ ਕੇ ਆਪਣੇ ਮੋਬਾਇਲ ਨੰਬਰ ਤੋਂ ਓ.ਟੀ.ਪੀ. ਨਾਲ ਲਾਗਆਨ ਕਰਕੇ, ਆਪਣਾ ਸੂਬਾ, ਜ਼ਿਲ੍ਹਾ ਤੇ ਸਥਾਨਕ ਵੇਰਵਾ ਚੁਣੋ। ਡਿਜੀਟਲ ਮੈਪ ਉੱਪਰ ਆਪਣੇ ਘਰ ਦਾ ਸਥਾਨ ਟਿੱਕ ਕਰੋ ਇਸ ਤੋਂ ਬਾਅਦ ਮਕਾਨ ਅਤੇ ਪਰਿਵਾਰ ਨਾਲ ਸਬੰਧਤ ਜਾਣਕਾਰੀ ਭਰੋ। ਸਬਮਿਸ਼ਨ ਤੋਂ ਬਾਅਦ ਐਸ.ਈ. ਆਈ.ਡੀ. ਮਿਲੇਗੀ ਇਸ ਆਈ.ਡੀ. ਨੂੰ ਸੁਰੱਖਿਅਤ ਰੱਖੋ। ਜਦੋਂ ਜਨਗਣਨਾ ਮੁਲਾਜ਼ਮ ਘਰ ਆਵੇਗਾ ਤਾਂ ਨਾਗਰਿਕ ਨੂੰ ਸਿਰਫ ਇਹ ਆਈ ਡੀ ਦਿਖਾਉਣੀ ਹੋਵੇਗੀ। ਇਸ ਨਾਲ ਜਾਣਕਾਰੀ ਦੀ ਤਸਦੀਕ ਹੋ ਜਾਵੇਗੀ ਤੇ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ।
ਡਿਪਟੀ ਕਮਿਸ਼ਨਰ ਦੇ ਦੱਸਿਆ ਕਿ 15 ਮਈ ਤੋਂ 13 ਜੂਨ 2026 ਤੱਕ ਘਰਾਂ ਦਾ ਸੂਚੀਕਰਨ ਸ਼ੁਰੂ ਹੋਵੇਗਾ। ਉਹਨਾਂ ਕਿਹਾ ਕਿ ਮਰਦਮਸ਼ੁਮਾਰੀ ਹੀ ਨੀਤੀ ਨਿਰਮਾਣ ਦਾ ਆਧਾਰ ਹੈ ਅਧਿਕਾਰੀ ਇਸ ਨੂੰ ਸਮਰਪਣ ਭਾਵਨਾ ਨਾਲ ਸਫਲ ਬਣਾਉਣ।