ਮੋਗਾ, 12 ਮਈ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੋਗਾ ਵਿੱਚ ਯੂਰੀਆ ਅਤੇ ਡੀ.ਏ.ਪੀ ਵਰਗੀਆਂ ਖਾਦਾਂ ਦੀ ਸੰਤੁਲਿਤ ਵਰਤੋਂ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਵੱਲੋਂ ਖਾਦ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਨੁਮਾਇੰਦਿਆਂ, ਹੋਲ ਸੇਲ ਖਾਦ ਵਿਕਰੇਤਾਵਾਂ, ਮਾਰਕਫੈਡ, ਸਹਿਕਾਰੀ ਸਭਾਵਾਂ ਅਤੇ ਖੇਤੀਬਾੜੀ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਮੀਟਿੰਗ ਦਾ ਮੁੱਖ ਉਦੇਸ਼ ਆਉਣ ਵਾਲੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਅਤੇ ਸਿਫਾਰਸ਼ੀ ਵਰਤੋਂ ਲਈ ਜਾਗਰੂਕ ਕਰਨਾ ਅਤੇ ਖਾਦਾਂ ਦੀ ਵਿਕਰੀ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣਾ ਸੀ।
ਮਿੱਟੀ ਪਰਖ ਦੇ ਅਧਾਰ ’ਤੇ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ
ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਖੇਤੀਬਾੜੀ ਅਤੇ ਕੋਆਪ੍ਰੇਟਿਵ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨ ਸਿਖਲਾਈ ਕੈਂਪ ਲਗਾ ਕੇ ਅਤੇ ਨਿੱਜੀ ਤੌਰ ’ਤੇ ਕਿਸਾਨਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਮਿੱਟੀ ਪਰਖ ਦੇ ਅਧਾਰ ’ਤੇ ਖਾਦਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਖਾਦਾਂ ਦੀ ਵਰਤੋਂ ਨਾਲ ਨਾ ਸਿਰਫ਼ ਫਸਲਾਂ ਦੀ ਉਤਪਾਦਕਤਾ ਵਧੇਗੀ, ਸਗੋਂ ਮਿੱਟੀ ਦੀ ਸਿਹਤ ਵੀ ਬਰਕਰਾਰ ਰਹੇਗੀ।
ਉਨ੍ਹਾਂ ਕਿਹਾ ਕਿ ਰਸਾਇਣਕ ਖਾਦਾਂ ਦੀ ਅਤਿ ਵਰਤੋਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਪ੍ਰਭਾਵਿਤ ਹੁੰਦੀ ਹੈ, ਇਸ ਲਈ ਸੰਤੁਲਿਤ ਵਰਤੋਂ ਸਮੇਂ ਦੀ ਲੋੜ ਹੈ।
ਖਾਦਾਂ ਨਾਲ ਵਾਧੂ ਸਮਾਨ ਦੀ ਟੈਗਿੰਗ ’ਤੇ ਸਖ਼ਤ ਰੋਕ
ਡਿਪਟੀ ਕਮਿਸ਼ਨਰ ਨੇ ਖਾਦ ਕੰਪਨੀਆਂ ਅਤੇ ਹੋਲ ਸੇਲ ਵਿਕਰੇਤਾਵਾਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਕਿ ਕਿਸਾਨਾਂ ਨੂੰ ਨਿਰਧਾਰਤ ਰੇਟ ’ਤੇ ਹੀ ਉੱਚ ਮਿਆਰੀ ਖਾਦਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਖਾਦਾਂ ਦੀ ਵਿਕਰੀ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਵਾਧੂ ਮਟੀਰੀਅਲ ਦੀ ਟੈਗਿੰਗ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜੇ ਕਿਸੇ ਕਿਸਾਨ ਤੋਂ ਖਾਦ ਦੇ ਨਾਲ ਹੋਰ ਸਮਾਨ ਖਰੀਦਣ ਲਈ ਦਬਾਅ ਬਣਾਇਆ ਗਿਆ ਜਾਂ ਕਿਸੇ ਵੀ ਤਰ੍ਹਾਂ ਦੀ ਗਲਤ ਪ੍ਰਥਾ ਅਪਣਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕਾਲਾ ਬਜ਼ਾਰੀ ਅਤੇ ਗ਼ੈਰਕਾਨੂੰਨੀ ਵਿਕਰੀ ਖ਼ਿਲਾਫ਼ ਕਾਰਵਾਈ ਦੀ ਚੇਤਾਵਨੀ
ਸ੍ਰੀ ਸਾਗਰ ਸੇਤੀਆ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਖਾਦਾਂ ਦੀ ਟੈਗਿੰਗ, ਕਾਲਾ ਬਜ਼ਾਰੀ ਜਾਂ ਗੈਰਕਾਨੂੰਨੀ ਸਟਾਕਿੰਗ ਸਬੰਧੀ ਕੋਈ ਵੀ ਸ਼ਿਕਾਇਤ ਸਾਹਮਣੇ ਆਉਂਦੀ ਹੈ ਤਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਐਫ.ਸੀ.ਓ 1985 ਦੇ ਤਹਿਤ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਵੀ ਕਿਸਮ ਦੀ ਗੜਬੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜ਼ਿਲ੍ਹੇ ਵਿੱਚ ਖਾਦਾਂ ਦੀ ਕੋਈ ਕਮੀ ਨਹੀਂ : ਮਾਰਕਫੈਡ ਅਤੇ ਸਹਿਕਾਰੀ ਵਿਭਾਗ
ਮੀਟਿੰਗ ਦੌਰਾਨ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਅਤੇ ਡੀ.ਐਮ ਮਾਰਕਫੈਡ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜ਼ਿਲ੍ਹਾ ਮੋਗਾ ਵਿੱਚ ਖਾਦਾਂ ਦੀ ਲਗਾਤਾਰ ਸਪਲਾਈ ਜਾਰੀ ਹੈ ਅਤੇ ਕਿਸਾਨਾਂ ਲਈ ਯੂਰੀਆ, ਡੀ.ਏ.ਪੀ ਸਮੇਤ ਹੋਰ ਖਾਦਾਂ ਦੀ ਕੋਈ ਘਾਟ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਖਾਦਾਂ ਦੀ ਸਪਲਾਈ ਅਤੇ ਵੰਡ ਪ੍ਰਕਿਰਿਆ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਖਾਦਾਂ ਉਪਲਬਧ ਹੋ ਸਕਣ।
ਖੇਤੀਬਾੜੀ ਅਧਿਕਾਰੀਆਂ ਅਤੇ ਵਿਕਰੇਤਾਵਾਂ ਨੇ ਕੀਤੀ ਸ਼ਮੂਲੀਅਤ
ਇਸ ਮੌਕੇ ਡਾ. ਸੁਖਰਾਜ ਕੌਰ ਖੇਤੀਬਾੜੀ ਅਫਸਰ ਮੋਗਾ, ਡਾ. ਗੁਰਲਵਲੀਨ ਸਿੰਘ ਸਿੱਧੂ ਖੇਤੀਬਾੜੀ ਵਿਕਾਸ ਅਫਸਰ (ਇਨਫੋਰਸਮੈਂਟ), ਸ੍ਰੀ ਗੁਰਜੋਤ ਸਿੰਘ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਸ੍ਰੀ ਸਚਿਨ ਗਰਗ ਡੀ.ਐਮ ਮਾਰਕਫੈਡ ਮੋਗਾ, ਏ.ਆਰ ਸਹਿਕਾਰੀ ਸਭਾਵਾਂ ਤੋਂ ਇਲਾਵਾ ਸਮੂਹ ਹੋਲ ਸੇਲ ਖਾਦ ਵਿਕਰੇਤਾ ਅਤੇ ਖਾਦ ਕੰਪਨੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਮੀਟਿੰਗ ਦੌਰਾਨ ਕਿਸਾਨਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਦਾਂ ਦੀ ਸਹੀ ਸਪਲਾਈ, ਸੰਤੁਲਿਤ ਵਰਤੋਂ ਅਤੇ ਨਿਗਰਾਨੀ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
Also, Check ਮੋਗਾ ਵਿੱਚ ਮੈਰਿਜ ਪੈਲਸਾਂ ਅਤੇ ਜਨਤਕ ਸਮਾਗਮਾਂ ਵਿੱਚ ਹਥਿਆਰ ਲੈ ਕੇ ਜਾਣ ਤੇ ਹਵਾਈ ਫਾਇਰਿੰਗ ‘ਤੇ ਪੂਰਨ ਪਾਬੰਦੀ