ਮਾਨਸਾ, 01 ਫਰਵਰੀ (ਤਰਸੇਮ ਫਰੰਡ ) : ਸਕੂਲਾਂ ਵਿਚ ਮਿਡ-ਡੇ-ਮੀਲ ਨੂੰ ਨਿਰਵਿਘਨ ਜਾਰੀ ਰੱਖਣ
ਲਈ ਫੰਡਾਂ ਅਤੇ ਅਨਾਜ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ
ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਸ਼੍ਰੀ ਰਾਮਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ
ਮਿਡ-ਡੇ-ਮੀਲ ਸਕੀਮ ਬਹੁਤ ਸਫਲਤਾ ਪੂਰਵਕ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਮਿਡ-ਡੇ-ਮੀਲ
ਸੁਚਾਰੂ ਢੰਗ ਨਾਲ ਚਲਾਉਣ ਲਈ ਫੰਡ ਅਤੇ ਅਨਾਜ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਖਾਣਾ ਬਣਾਉਣ ਲਈ ਕੁੱਲ 1333 ਕੁੱਕ ਰੱਖੇ ਗਏ ਹਨ। ਉਨ੍ਹਾਂ ਦੱਸਿਆ
ਕਿ ਹੁਣ ਤੱਕ ਚਾਲੂ ਵਿੱਤੀ ਸਾਲ ਦੌਰਾਨ ਸਕੂਲਾਂ ਨੂੰ 6550 ਕੁਇੰਟਲ ਕਣਕ ਤੇ 6930 ਕੁਇੰਟਲ
ਚਾਵਲ ਅਤੇ 4,31,27,897 (4 ਕਰੋੜ 31 ਲੱਖ 27 ਹਜ਼ਾਰ 897) ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ
ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਿਡ-ਡੇ-ਮੀਲ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਸਬੰਧੀ
ਸਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਅਤੇ ਕਿਸੇ ਵੀ ਕਿਸਮ ਦੀ ਅਣਗਹਿਲੀ
ਬਰਦਾਸ਼ਤ ਨਹੀਂ ਹੋਵੇਗੀ।
ਉਨ੍ਹਾਂ ਦੱਸਿਆ ਕਿ ਮਿਡ-ਡੇ-ਮੀਲ ਸਕੀਮ ਅਧੀਨ ਅਨਾਜ ਸਾਫ-ਸੁਥਰਾ, ਤੋਲ ਵਿੱਚ ਪੂਰਾ ਅਤੇ
ਮਿੱਥੇ ਸਮੇਂ ਅੰਦਰ ਸਕੂਲਾਂ ਵਿੱਚ ਪਹੁਚਾਉਣ ਸਮੇਂ ਇਸ ਦੀ ਚੈਕਿੰਗ ਲਈ ਚਾਰ ਮੱੈਬਰਾਂ ਦੀ ਇੱਕ
ਕਮੇਟੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪਨਸਪ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ
ਅਨਾਜ ਐਫ.ਸੀ.ਆਈ. ਦੇ ਗੋਦਾਮਾਂ ਤੋਂ ਚੁੱਕਣ ਉਪਰੰਤ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ 24 ਘੰਟੇ
ਦੇ ਅੰਦਰ-ਅੰਦਰ ਸਪਲਾਈ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਸਪਲਾਈ ਕੀਤੇ ਜਾਣ ਵਾਲੇ ਅਨਾਜ ਅਤੇ
ਬੋਰੀਆਂ ‘ਤੇ ਮਿਡ-ਡੇ-ਮੀਲ ਦੀ ਮੋਹਰ ਲਗਾਈ ਜਾਵੇ। ਉਨ੍ਹਾਂ ਦੱਸਿਆ ਕਿ ਸਕੂਲਾਂ ਵੱਲੋਂ ਅਨਾਜ
ਪ੍ਰਾਪਤ ਕਰਨ ਸਮੇਂ ਤਿੰਨ ਨੁਮਾਇੰਦਿਆਂ ਦਾ ਹਾਜ਼ਰ ਹੋਣਾ ਅਤੇ ਉਨ੍ਹਾਂ ਦੇ ਦਸਤਖ਼ਤ ਹੋਣੇ ਜ਼ਰੂਰੀ
ਹਨ। ਉਨ੍ਹਾਂ ਦੱਸਿਆ ਕਿ ਠੇਕੇਦਾਰਾਂ ਨੂੰ ਵੀ ਅਨਾਜ ਦੇਣ ਸਮੇਂ ਨਾਲ ਕੰਢਾ (ਭਾਰ ਤੋਲਕ) ਲੈਕੇ
ਜਾਣ ਦੀ ਵੀ ਹਦਾਇਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 499 ਸਕੂਲਾਂ ਨੂੰ 1,92,41,957 (1 ਕਰੋੜ 92 ਲੱਖ 41
ਹਜ਼ਾਰ 957) ਰੁਪਏ ਕੁਕਿੰਗ ਕਾਸਟ ਦੇ ਤੌਰ ‘ਤੇ ਇਸ ਮਹੀਨੇ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ
ਜ਼ਿਲ੍ਹੇ ਦੇ ਕੁੱਲ 499 ਸਕੂਲਾਂ ਨੂੰ ਐਮਰਜੈਂਸੀ ਪਲਾਨ ਅਤੇ ਐਮਰਜੈਂਸੀ ਨੰਬਰ ਦਾ ਚਾਰਟ ਤਿਆਰ
ਕਰਕੇ ਡਿਸਪਲੇਅ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਖਾਣਾ ਖੁਆਉਣ ਤੋਂ
ਪਹਿਲਾਂ ਤਿੰਨ ਜ਼ਿੰਮੇਵਾਰ ਵਿਅਕਤੀਆਂ ਵੱਲੋਂ ਖਾਣਾ ਚੱਖਣਾ ਜ਼ਰੂਰੀ ਹੈ ਅਤੇ ਇਸ ਨੂੰ ਨਿਰਧਾਰਿਤ
ਰਜਿਸਟਰ ਵਿੱਚ ਦਰਜ ਕਰਨਾ ਵੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ
ਵਿੱਚ ਕਿਚਨ ਸ਼ੈਡਾਂ ਦੀ ਉਸਾਰੀ ਕਰਵਾਈ ਜਾ ਚੁੱਕੀ ਹੈ ਅਤੇ ਲੋੜ ਅਨੁਸਾਰ ਗੈਸ ਕੁਨੈਕਸ਼ਨ ਵੀ
ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਸਕੂਲ ਸਟੋਰੇਜ਼ ਬਿੰਨਜ਼ ਦੀ ਸੁਵਿਧਾ ਤੋਂ ਵਾਂਝਾ
ਨਹੀ ਹੈ ਅਤੇ ਸਾਰੇ ਸਕੂਲਾਂ ਵਿੱਚ ਅੱਗ ਬੁਝਾਉ ਯੰਤਰ, ਭਾਰ ਤੋਲਕ ਮਸ਼ੀਨਾਂ ਉਪਲੱਭਧ ਕਰਵਾਈਆਂ
ਗਈਆਂ ਹਨ।