ਮਾਨਸਾ, 02 ਫਰਵਰੀ (ਤਰਸੇਮ ਸਿੰਘ ਫਰੰਡ ) : ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਬੱਚਤ ਕਰਨ ਦੇ
ਮੰਤਵ ਨਾਲ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਨੂੰ
ਦਰਸਾਉਂਦੀ ਅਤੇ ਆਮ ਪਬਲਿਕ ਵਿੱਚ ਪਾਣੀ ਦੀ ਸੰਭਾਲ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਮਾਨਸਾ,
ਸਰਦੂਲਗੜ੍ਹ ਤੇ ਝੁਨੀਰ ਬਲਾਕਾਂ ਦੇ 135 ਪਿੰਡਾਂ ਵਿੱਚ ਦੂਜੀ ਜਨਤਕ ਵੈਨ ਨੂੰ ਡਿਪਟੀ ਕਮਿਸ਼ਨਰ
ਮਾਨਸਾ ਸ਼੍ਰੀ ਧਰਮਪਾਲ ਗੁਪਤਾ ਵੱਲੋਂ ਅੱਜ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਤੋਂ
ਪਹਿਲਾਂ ਵੀਰਵਾਰ ਨੂੰ ਡਿਪਟੀ ਕਮਿਸ਼ਨਰ ਵੱਲੋਂ ਪਹਿਲੀ ਜਨਤਕ ਵੈਨ ਨੂੰ ਬੁਢਲਾਡਾ ਤੇ ਭੀਖੀ
ਬਲਾਕ ਦੇ 110 ਪਿੰਡਾਂ ਲਈ ਹਰੀ ਝੰਡੀ ਦੇ ਕੇ ਭੇਜਿਆ ਗਿਆ ਸੀ। ਇਸ ਮੌਕੇ ਕਾਰਜਕਾਰੀ
ਇੰਜੀਨਿਅਰ ਸ਼੍ਰੀ ਪਵਨ ਕੁਮਾਰ ਗੋਇਲ, ਕਾਰਜਕਾਰੀ ਇੰਜੀਨਿਅਰ ਸ਼੍ਰੀ ਰਵਿੰਦਰ ਸਿੰਘ ਬਾਂਸਲ ਅਤੇ
ਸਹਾਇਕ ਇੰਜੀਨਿਅਰ ਕਰਮਜੀਤ ਸਿੰਘ ਸਿੱਧੂ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਕਾਰੀ ਤੇ ਮੁਲਾਜ਼ਮ
ਵੀ ਮੌਜੂਦ ਸਨ।
ਪਾਣੀ ਦੇ ਬਚਾਅ ਲਈ 110 ਪਿੰਡਾਂ ਦੇ ਵਸਨੀਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਤੌਰ ‘ਤੇ
ਡਿਜਾਇਨ ਕੀਤੀ ਜਨਤਕ ਵੈਨ ਨੂੰ ਪਹਿਲੇ ਦਿਨ ਭਰਵਾਂ ਹੁੰਗਾਰਾ ਮਿਲਿਆ। ਇਸ ਵੈਨ ਨੂੰ ਵਾਟਰ
ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਾਊਂਡ ਸਿਸਟਮ ਅਤੇ ਐਲ.ਈ.ਡੀ. ਲਗਕੇ ਤਿਆਰ ਕੀਤਾ ਗਿਆ
ਹੈ, ਜਿਸ ਵਿੱਚ ਵਿਭਾਗ ਦੇ ਸ਼ੋਸ਼ਲ ਵਿੰਗ ਦੇ ਕਰਮਚਾਰੀਆਂ ਵੱਲੋਂ ਪਿੰਡ ਵਾਸੀਆਂ ਨੂੰ ਪਾਣੀ ਦੀ
ਦੁਰਵਰਤੋਂ ਨਾ ਕਰਨ ਅਤੇ ਇਸ ਨੂੰ ਬਚਾ ਕੇ ਰੱਖਣ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਰਿਸੋਰਸ ਕੋਆਰਡੀਨੇਟਰ ਸ਼੍ਰੀ ਚਰਨਜੀਤ ਸਿੰਘ ਨੇ
ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਚਾਰ ਪਿੰਡਾਂ ਦਾ ਦੌਰਾ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਵਿੱਚ
ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਅਤੇ ਔਰਤਾਂ ਨੇ ਪਾਣੀ ਦੀ ਸੰਭਾਲ ਬਾਰੇ ਜਾਣਕਾਰੀ ਹਾਸਿਲ
ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਪਾਣੀ ਬਚਾਉਣ ਦੇ ਤਰੀਕਿਆਂ ਬਾਰੇ ਪੁੱਛਣ
ਵਿੱਚ ਕਾਫ਼ੀ ਦਿਲਚਸਪੀ ਦਿਖਾਈ ਗਈ। ਵਿਭਾਗ ਦੇ ਕਰਮਚਾਰੀ ਸ਼੍ਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ
ਅਸੀਂ ਪਿੰਡ ਵਾਸੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਪੂਰੇ ਜ਼ਿਲ੍ਹੇ ਵਿੱਚ ਇੱਕ ਜਾਂ ਦੋ ਪਿੰਡ ਹੀ
ਹੋਣਗੇ, ਜਿੱਥੇ ਅੰਡਰ ਗਰਾਊਂਡ ਪਾਣੀ ਪੀਣ ਯੋਗ ਹੈ। ਉਨ੍ਹਾਂ ਦੱਸਿਆ ਕਿ ਬਜ਼ੁਰਗ ਲੋਕਾਂ ਵੱਲੋਂ
ਕਾਫੀ ਗੰਭੀਰਤਾ ਨਾਲ ਪਾਣੀ ਦੇ ਬਚਾਅ ਅਤੇ ਉਸਦੀ ਸਹੀ ਵਰਤੋਂ ਬਾਰੇ ਜਾਣਕਾਰੀ ਹਾਸਿਲ ਕੀਤੀ
ਗਈ। ਇਸ ਤੋਂ ਇਲਾਵਾ ਨੌਜਵਾਨਾਂ ਅਤੇ ਔਰਤਾਂ ਨੇ ਵੀ ਪਾਣੀ ਦੀ ਉਚਿੱਤ ਵਰਤੋਂ ਦੇ ਤਰੀਕਿਆਂ
ਵੱਲ ਆਪਣਾ ਰੁਝਾਨ ਦਿਖਾਇਆ।
ਜਸਵਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਪਾਣੀ ਬਰਬਾਦ ਕਰਨ ਜਿਵੇਂ ਪਾਣੀ ਦੀਆਂ
ਕੁਝ ਬੂੰਦਾਂ ਲੀਕ ਹੋਣ ਨਾਲ ਹਰ ਸਾਲ 14000 ਤੋਂ 15000 ਲੀਟਰ ਪਾਣੀ ਇੱਕ ਸਾਲ ਅੰਦਰ ਬਰਬਾਦ
ਹੋ ਜਾਂਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ, ਜਿਸ
ਰਾਹੀਂ ਸਾਨੂੰ ਪਾਣੀ ਦੇ ਬਚਾਅ ਦੀ ਸਹੀ ਜਾਣਕਾਰੀ ਮਿਲ ਰਹੀ ਹੈ।