ਅੰਮ੍ਰਿਤਸਰ 01 ਫਰਵਰੀ ( ) ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ
ਸਦੀਵੀ ਯਾਦ ‘ਚ ਸਥਾਪਿਤ ਗੁਰਦੁਆਰਾ ਥੜ੍ਹਾ ਸਾਹਿਬ ਨਜ਼ਦੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਵੀਂ
ਇਮਾਰਤ ਦਾ ਉਦਘਾਟਨ ਮਿਤੀ 28 ਫਰਵਰੀ ਦਿਨ ਬੁੱਧਵਾਰ ਨੂੰ ਕੀਤਾ ਜਾਵੇਗਾ।
ਇਹ ਪ੍ਰਗਟਾਵਾ ਗੁਰਦਵਾਰਾ ਥੜ੍ਹਾ ਸਾਹਿਬ ਦੀ ਕਾਰਸੇਵਾ ਕਰਾ ਰਹੇ ਦਮਦਮੀ ਟਕਸਾਲ ਦੇ ਮੁਖੀ ਸੰਤ
ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਾਰਸੇਵਾ ਦਾ ਨਰੀਖਣ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਦੇਸ਼
ਵਿਦੇਸ਼ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਅਤੇ ਖ਼ਾਲਸਾ ਪੰਥ ਦੇ ਸਹਿਯੋਗ ਨਾਲ ਕਾਰਸੇਵਾ ਲਗਭਗ
ਸੰਪੂਰਨ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ 28 ਫਰਵਰੀ ਨੂੰ ਸਵੇਰੇ 10 ਵਜੇ ਇਸ ਪਵਿੱਤਰ
ਅਸਥਾਨ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰਕੇ ਸੰਗਤ ਨੂੰ ਇਸ ਦੇ ਦਰਸ਼ਨ
ਦੀਦਾਰੇ ਲਈ ਸਮਰਪਿਤ ਕਰਦਿਆਂ ਚਾਬੀਆਂ ਸ਼੍ਰੋਮਣੀ ਕਮੇਟੀ ਹਵਾਲੇ ਕਰ ਦਿੱਤੀਆਂ ਜਾਣਗੀਆਂ। ਇਸ
ਮੌਕੇ ਤਖ਼ਤ ਸਾਹਿਬਾਨ ਦੇ ਜਥੇਦਾਰ, ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬਾਨ,
ਸੰਪਰਦਾਵਾਂ ਦੇ ਮੁਖੀ, ਸੰਤ ਮਹਾਂ ਪੁਰਸ਼, ਸ਼੍ਰੋਮਣੀ ਕਮੇਟੀ ਅਤੇ ਦਿਲੀ ਕਮੇਟੀ ਦੇ ਪ੍ਰਧਾਨ
ਸਾਹਿਬਾਨ ਤੋਂ ਇਲਾਵਾ ਭਾਰੀ ਗਿਣਤੀ ‘ਚ ਸਿੱਖ ਸੰਗਤਾਂ ਮੌਜੂਦ ਰਹਿਣਗੀਆਂ।
ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਉੱਸਾਰਨ ਦੀ ਸੇਵਾ ਸ਼੍ਰੋਮਣੀ ਕਮੇਟੀ
ਵੱਲੋਂ ਦਮਦਮੀ ਟਕਸਾਲ ਦੇ ਸਪੁਰਦ ਕੀਤੀ ਗਈ। ਜੋ ਕਿ ਕਾਰਸੇਵਾ ਦੀ ਆਰੰਭਤਾ 18 ਮਾਰਚ 2013
ਤੋਂ ਹੋਈ। ਇਹ ਆਧੁਨਿਕ ਇਮਾਰਤਸਾਜ਼ੀ ਅਤੇ ਪਰੰਪਰਾ ਦਾ ਸੁਮੇਲ ਹੈ।ਜਿੱਥੇ ਸਿੱਖ ਕਲਾਵਾਂ ਦੇ
ਪਰੰਪਰਾਗਤ ਹੁਨਰ ਨੂੰ ਵੀ ਜਗਾ ਦਿੱਤੀ ਗਈ ਹੈ ਉੱਥੇ ਹੀ ਅਸਥਾਨ ‘ਚ ਹੇਠਾਂ ਤੋਂ ਹੀ ਪੁਰਾਤਨ
ਬੇਰੀ ਅਤੇ ਥੜ੍ਹਾ ਸਾਹਿਬ ਦੇ ਮੂਲ ਰੂਪ ਨੂੰ ਵੀ ਸੰਭਾਲਿਆ ਗਿਆ ਹੈ। ਇਮਾਰਤ ਦਾ ਘੇਰਾ 25
ਫੁੱਟ ਦੀ ਥਾਂ 35 ਫੁੱਟ ਫੈਲਾ ਦਿੱਤਾ ਗਿਆ, ਜਿਸ ਨਾਲ ਸੰਗਤਾਂ ਉੱਥੇ ਬੈਠ ਕੇ ਕੀਰਤਨ ਅਤੇ
ਕਥਾ ਸਰਵਨ ਕਰ ਸਕਣਗੀਆਂ ਜੋ ਪਹਿਲਾਂ ਸੰਭਵ ਨਹੀਂ ਸੀ। ਪਹਿਲਾਂ ਇਮਾਰਤ ਗੁੰਬਦ ਰਹਿਤ ਤੇ ਚੂਨੇ
ਦਾ ਇਸਤੇਮਾਲ ਕੀਤਾ ਗਿਆ ਸੀ , ਜੋ ਕਿ ਹੁਣ ਸੁੰਦਰ ਦਿਖ ਦੇਣ ਲਈ 15 ਫੁੱਟ ਉੱਚਾ ਅਤੇ 15
ਫੁੱਟ ਘੇਰੇ ਵਾਲਾ ਗੁੰਬਦ ਅਤੇ 9 ਗੁੰਮਤੀਆਂ ਸੁਸ਼ੋਬਤ ਕੀਤੀਆਂ ਗਈਆਂ ਜਿਨ੍ਹਾਂ ‘ਤੇ 20 ਕਿੱਲੋ
ਦੇ ਕਰੀਬ ਸੋਨੇ ਦੇ ਪੱਤਰ ਚੜ੍ਹਾਏ ਜਾਣ ਦੀ ਸੇਵਾ ਕੀਤੀ ਗਈ। ਗੁੰਬਦ ਸਮੇਤ 29 ਫੁੱਟ ਉੱਚੀ
ਇਮਾਰਤ ਜਿਸ ਦੀਆਂ ਚਾਰ ਮੰਜ਼ਲਾਂ, ਹੇਠਾਂ ਬੇਸਮੈਂਟ, ਹਾਲ ਅਤੇ ਕਮਰਾ ਆਦਿ ਨੂੰ ਅੰਦਰੋਂ
ਬਾਹਰੋਂ ਸਚਿਤਰ ਸੰਗਮਰਮਰ ਨਾਲ ਸਜਾਇਆ ਗਿਆ। ਨੌਂ ਨੁਕਰਾ ਇਮਾਰਤ ਦੀਆਂ ਚਾਰ ਬਾਰੀਆਂ ਅਤੇ 7
ਬਾਈ 4 ਫੁੱਟ ਦੇ ਦੋ ਦਰਵਾਜੇ ਹਨ। ਜਿਨ੍ਹਾਂ ‘ਚ ਇੱਕ ਦਰਵਾਜੇ ਨੂੰ ਫੁੱਲ ਬੂਟਿਆਂ ਨਾਲ ਸੁੰਦਰ
ਦਿਖ ਦਿੰਦਿਆਂ 30 ਕਿੱਲੋ ਚੰਦੀ ਚੜ੍ਹਾਈ ਗਈ ਹੈ। ਬਾਰੀਆਂ ਲਈ ਸਾਗਵਾਨ ਦੀ ਲੱਕੜ ‘ਤੇ ਦਿਲਿਆਂ
ਦੀ ਕਢਾਈ ਹੋ ਰਹੀ ਹੈ।ਕਾਰੀਗਰਾਂ ਦੇ ਕੋਮਲ ਹੁਨਰ ਅਤੇ ਕਲਾਕ੍ਰਿਤਾਂ ਸਿੱਖ ਭਵਨ ਨਿਰਮਾਣ
ਪਰੰਪਰਾ ਦਾ ਅਟੁੱਟ ਹਿੱਸਾ ਰਿਹਾ ਹੈ।ਸ੍ਰੀ ਹਰਿਮੰਦਰ ਦਾ ਸ਼ਾਂਤ ਤੇ ਏਕਾਂਤ ਵਾਯੂ ਮੰਡਲ ਅਤੇ
ਇਲਾਹੀ ਕੀਰਤਨ ਹਰੇਕ ਸ਼ਰਧਾਲੂ ਦੇ ਮਨ ਨੂੰ ਕੀਲ ਦਾ ਹੈ ਤਾਂ ਉੱਥੇ ਹੀ ਇਮਾਰਤ ਦੀ ਕਲਾ
ਸੁੰਦਰਤਾ ਪ੍ਰਤੀ ਹਰ ਕਈ ਪ੍ਰਭਾਵ ਕਬੂਲ ਕਰਨੋਂ ਨਹੀਂ ਰਹਿ ਸਕਿਆ। ਗੁਰਦੁਆਰਾ ਥੜ੍ਹਾ ਸਾਹਿਬ
ਦੀਆਂ ਕੰਧਾਂ ਵੀ ਪੱਚਾਗਿਰੀ (ਮੀਨਾਕਾਰੀ), ਜੜਤਕਾਰੀ ਜਾਂ ਪੱਥਰ ਦੀ ਮੁਨਵਤ ਨਾਲ ਲਬਰੇਜ਼ ਹਨ।
ਥੜ੍ਹਾ ਸਾਹਿਬ ਦੇ ਚਿੱਟੇ ਸੰਗਮਰਮਰ ਵਿੱਚ ਕੀਤੀ ਗਈ ਅਜਿਹੀ ਕਾਰੀਗਰੀ ਨੇ ਪਰੰਪਰਾਗਤ ਹੁਨਰ
ਨੂੰ ਮੁੜ ਰੂਪਮਾਨ ਕਰ ਦਿੱਤਾ ਹੈ।ਇਸ ਸੰਦਰਭ ਲਈ ਦਮਦਮੀ ਟਕਸਾਲ ਨੇ ਸੰਗਮਰਮਰ ਮਕਰਾਨਾ (
ਰਾਜਸਥਾਨ) ਤੋਂ ਮੰਗਵਾਏ ਹਨ ਤਾਂ ਇਸ ‘ਚ ਕਾਰੀਗਰੀ ਲਈ ਵੀ ਉੱਥੋਂ ਦੇ ਹੁਨਰਮੰਦਾਂ ਅਤੇ
ਮੀਨਾਕਾਰੀ ਲਈ ਆਗਰੇ ਦੇ ਹੁਨਰਮੰਦਾਂ ਦੀਆਂ ਸੇਵਾਵਾਂ ਹਾਸਲ ਕੀਤੀਆਂ ਗਈਆਂ ਹਨ। ਟਕਸਾਲ ਮੁਖੀ
ਨੇ ਪੂਰੀ ਸ਼ਰਧਾ, ਲਗਨ ਅਤੇ ਮਿਹਨਤ ਨਾਲ ਤਿਆਰ ਕੀਤੀ ਗਈ ਇੱਕ ਪੱਚਾਗਿਰੀ ਵਲ ਧਿਆਨ
ਦਿਵਾਉਂਦਿਆਂ ਦੱਸਿਆ ਕਿ ਗੁਰੂ ਸਾਹਿਬਾਨ ਜਿੱਥੇ ਵੀ ਜਾਂਦੇ ਹਨ ਉੱਥੇ ਹੀ ਸਮਾਜਕ ਸਰੋਕਾਰਾਂ
ਨੂੰ ਮੁੱਖ ਰੱਖਦਿਆਂ ਖੂਹ ਪੁਟਵਾਉਂਦੇ ਅਤੇ ਛਾਂ ਲਈ ਰੁੱਖ ਲਵਾਉਂਦੇ ਸਨ, ਉਸੇ ਪਰਉਪਕਾਰੀ
ਕਾਰਜਾਂ ਦੀ ਸਦੀਵੀ ਯਾਦ ਕਾਇਮ ਰੱਖਦਿਆਂ ਉਕਤ ਮੀਨਾਕਾਰੀ ‘ਚ ਚਲਦਾ ਖੂਹ, ਰੁਖ ਅਤੇ ਪਸ਼ੂ ਪੰਛੀ
ਨਜ਼ਰ-ਏ-ਇਨਾਇਤ ਕੀਤੇ ਗਏ ਹਨ। ਦਰਵਾਜ਼ਿਆਂ ਦੀ ਮੀਨਾਕਾਰੀ ਦੀ ਸੇਵਾ ਅੰਮ੍ਰਿਤਸਰ ਦੇ ਕਾਰੀਗਰ
ਨਿਭਾ ਰਹੇ ਹਨ। ਉਹਨਾਂ ਸੰਗਤ ਨੂੰ ਉਦਘਾਟਨ ਸਮਾਗਮ ‘ਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ।