ਪਿੰਡ ਦੇ ਸਰਕਾਰੀ ਹਾਈ ਸਕੂਲ ਦੇ ਦੋ ਅਧਿਆਪਕ ਪਿਛਲੇ ਸਾਲ ਸੇਵਾ ਮੁਕਤ ਹੋ ਗਏ ਸਨ ਅਤੇ ਦੋ ਅਧਿਆਪਕ ਪਦ ਉੱਨਤ ਹੋ ਕੇ ਸਕੂਲ ਵਿੱਚੋਂ ਚਲੇ ਗਏ ਸਨ| ਇਸ ਤਰ੍ਹਾਂ ਸਕੂਲ ਵਿੱਚ ਚਾਰ ਅਧਿਆਪਕਾਂ ਦੀਆਂ ਪੋਸਟਾਂ ਪਿਛਲੇ ਸਾਲ ਤੋਂ ਖਾਲੀ ਪਈਆਂ ਸਨ| ਇਸ ਸਮੱਸਿਆ ਨੂੰ ਹੱਲ ਕਰਨ ਲਈ ਸਕੂਲ ਮੁਖੀ ਨੇ ਪਿੰਡ ਦੇ ਐਨ. ਆਰ. ਆਈ.ਵੇਦ ਪ੍ਕਾਸ਼ ਨੂੰ ਸਕੂਲੇ ਸੱਦਿਆ, ਜੋ ਕਿ ਕੁਝ ਦਿਨ ਪਹਿਲਾਂ ਹੀ ਇੰਗਲੈਂਡ ਤੋਂ ਆਇਆ ਸੀ| ਕੁਝ ਸਮਾਂ ਪਹਿਲਾਂ ਉਸ ਨੇ ਸਕੂਲ ਦੇ ਬੱਚਿਆਂ ਲਈ ਦੋ ਯੁਰਿਨਲਜ਼ ਅਤੇ ਇਕ ਸਾਇੰਸ ਲੈਬ ਬਣਵਾ ਕੇ ਦਿੱਤੇ ਸਨ| ਸਕੂਲ ਮੁਖੀ ਨੇ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਨੂੰ ਵੀ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਉਸ ਦੇ ਵਿਚਾਰ ਜਾਨਣ ਲਈ ਸੱਦ ਲਿਆ| ਸਕੂਲ ਮੁਖੀ ਨੇ ਦਫਤਰ ਵਿੱਚ ਆਪਣੇ ਸਕੂਲ ਦੇ ਅਧਿਆਪਕ ਮਲੂਕ ਚੰਦ ਨੂੰ ਵੀ ਸੱਦ ਲਿਆ, ਜੋ ਕਿ ਐਨ. ਆਰ. ਆਈ.ਵੇਦ ਪ੍ਕਾਸ਼ ਦੇ ਕਾਫੀ ਨੇੜੇ ਸੀ|ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਖੁਲ੍ਹ ਕੇ ਵਿਚਾਰ ਹੋਈ|ਐਨ. ਆਰ. ਆਈ.ਵੇਦ ਪ੍ਕਾਸ਼ ਨੇ ਸਕੂਲ ਮੁਖੀ ਨੂੰ ਆਖਿਆ, “ਤੁਸੀਂ ਟੀਚਰਾਂ ਦੀ ਘਾਟ ਪੂਰੀ ਕਰਨ ਲਈ ਦੋ ਟੀਚਰ ਰੱਖ ਲਉ| ਮੈਂ ਉਨ੍ਹਾਂ ਨੂੰ ਹਰ ਮਹੀਨੇ ਤਨਖਾਹ ਦੇ ਦਿਆਂ ਕਰਾਂਗਾ|” ਸਰਪੰਚ ਗੁਰਦੇਵ ਸਿੰਘ ਨੇ ਆਪਣੇ ਵਿਚਾਰ ਪ੍ਗਟ ਕਰਦਿਆਂ ਆਖਿਆ, “ਵੇਦ ਪ੍ਕਾਸ਼ ਜੀ ਉਨ੍ਹਾਂ ਟੀਚਰਾਂ ਦਾ ਕੀ ਕਰੀਏ ਜਿਹੜੇ ਕਿਸੇ ਨਾ ਕਿਸੇ ਬਹਾਨੇ ਰੋਜ਼ ਛੁੱਟੀ ਤੇ ਰਹਿੰਦੇ ਆ| ਜੇ ਸਕੂਲੇ ਆ ਜਾਂਦੇ ਆ, ਤਾਂ ਕਲਾਸ ਛੱਡ ਕੇ ਟੈਲੀਫੋਨ ਹੀ ਸੁਣੀ ਜਾਂਦੇ ਆ| ਬੱਚਿਆਂ ਨੂੰ ਕੋਈ ਅੱਖਰ ਪੜ੍ਹਾ ਕੇ ਰਾਜ਼ੀ ਹੀ ਨਹੀਂ|”ਅਧਿਆਪਕ ਮਲੂਕ ਚੰਦ ਨੂੰ ਸਰਪੰਚ ਗੁਰਦੇਵ ਸਿੰਘ ਦੀਆਂ ਇਹ ਗੱਲਾਂ ਬੜੀਆਂ ਚੁਭੀਆਂ| ਉਹ ਤੁਰੰਤ ਬੋਲ ਉੱਠਿਆ, “ਦੇਖੋ ਜੀ, ਮੈਂ ਆਪਣੀ ਛੁੱਟੀ ਲੈਨਾਂ| ਫਰਲੋ ਨਹੀਂ ਲੈਂਦਾ|”
“ਛੁੱਟੀ ਤਾਂ ਤੁਸੀਂ ਆਪਣੀ ਲੈਂਦੇ ਹੋ, ਪਰ ਜਿਹੜਾ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ, ਉਸ ਨੂੰ ਕੌਣ ਪੂਰਾ ਕਰੇ | ਇਕ ਪਾਸੇ ਤੁਸੀਂ ਆਪਣੇ ਬੱਚੇ ਪਬਲਿਕ ਸਕੂਲਾਂ ਵਿੱਚ ਪੜ੍ਹਨੇ ਲਾਏ ਹੋਏ ਆ, ਦੂਜੇ ਪਾਸੇ ਸਰਕਾਰ ਨੇ ਟੀਚਰਾਂ ਦੀਆਂ ਤਨਖਾਹਾਂ ਕਵੱਲੀਆਂ ਵਧਾ ਦਿੱਤੀਆਂ ਆਂ|”ਸਰਪੰਚ ਗੁਰਦੇਵ ਸਿੰਘ ਨੇ ਆਖਿਆ| ਅਧਿਆਪਕ ਮਲੂਕ ਚੰਦ ਨੂੰ ਸਰਪੰਚ ਗੁਰਦੇਵ ਸਿੰਘ ਦੀਆਂ ਇਨ੍ਹਾਂ ਗੱਲਾਂ ਦਾ ਕੋਈ ਜਵਾਬ ਨਾ ਆਇਆ ਅਤੇ ਉਹ ਚੁੱਪ ਚਾਪ ਬੈਠਾ ਉਸ ਦੇ ਮੰੂਹ ਵੱਲ ਵੇਖਦਾ ਰਿਹਾ|